ਮੈਲਬੌਰਨ -: ਕਿਸਾਨ ਮਜ਼ਦੂਰ ਸੰਘਰਸ਼ ਢਾਈ ਤਿੰਨ ਮਹੀਨਿਆਂ ਦਾ ਬਿਖੜਾ ਪੈਂਡਾ ਤਹਿ ਕਰਦਾ ਅੰਜਾਮ ਦੇ ਨੇੜੇ ਪਹੁੰਚ ਚੁੱਕਾ ਏ ਤੇ ਏਧਰ ਸ਼ੋਸ਼ਲ ਮੀਡੀਆ ਤੋਂ ਲੈ ਕੇ ਟੀ. ਵੀ. , ਅਖ਼ਬਾਰਾਂ , ਰਸਾਲਿਆਂ ਤੇ ਹੋਰ ਮਾਧਿਅਮਾਂ ਜ਼ਰੀਏ ਰਜਾਈਆਂ ਚ’ ਬੈਠਕੇ ਸਟੇਟਸ ਪਾਉਣ ਤੇ ਦੀਪ ਸਿੱਧੂ , ਲੱਖਾ ਸਿਧਾਣਾ , ਡਾ. ਸੁਖਪ੍ਰੀਤ ਸਿੰਘ ਉੱਦੋਕੇ ਤੇ ਹੋਰ ਵੀ ਕਾਫ਼ੀ ਸਾਰੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਕਰੈਕਟਰ ਸਰਟੀਫ਼ਿਕੇਟ ਵੰਡਣ ਵਾਲਿਆਂ ਦਾ ਹੜ ਠੱਲਣ ਦਾ ਨਾਂ ਨਹੀਂ ਲੈ ਰਿਹਾ । ਸਭ ਨੂੰ ਪਤਾ ਕਿ ਜੇ ਅੱਜ ਸੰਘਰਸ਼ ਜਾਲਮ ਤੇ ਅੱਤ ਦਰਜੇ ਦੀ ਨੀਚ ਸਰਕਾਰ ਦੀਆਂ ਗੋਡਣੀਆਂ ਲਵਾਉਣ ਦੇ ਬਿਲਕੁਲ ਕਿਨਾਰੇ ਜਾ ਪੁੱਜਾ ਏ ਤਾਂ ਇਸ ਵਿੱਚ ਲੱਖਾ ਸਿਧਾਣਾ , ਦੀਪ ਸਿੱਧੂ , ਡਾ. ਸੁਖਪ੍ਰੀਤ ਸਿੰਘ ਉਦੋਕੇ , ਕੰਵਰ ਗਰੇਵਾਲ਼ ਜਿਹੇ ਅਨੇਕਾਂ ਨੌਜਵਾਨਾਂ ਦੀ ਕਿੰਨੀ ਵੱਡੀ ਦੇਣ ਏ । ਅੱਜ ਕਿਹੜੇ ਮੂੰਹ ਨਾਲ ਲੋਕ ਦੀਪ ਸਿੱਧੂ ਨੂੰ ਗੱਦਾਰ ਜਾਂ ਆਰ. ਐਸ. ਐਸ. ਦਾ ਬੰਦਾ ਦੱਸ ਕੇ ਭੰਡ ਰਹੇ ਨੇ ? ਜਦੋਂ ਏਨੇ ਵੱਡੇ ਪੱਧਰ ਤੇ ਮੋਰਚੇ ਉਲੀਕੇ ਜਾਂਦੇ ਨੇ ਤਾਂ ਥੋੜ੍ਹੀ ਬਹੁਤੀ ਕੁਤਾਹੀ ਜਾਂ ਵਾਧ ਘਾਟ ਹੋਣੀ ਸੁਭਾਵਿਕ ਏ ਪਰ ਨਹੀਂ ਜੀ ਸਾਡੇ ਲੋਕਾਂ ਨੂੰ ਤਾਂ ਆਪਣਾ ਰਾਸ਼ਟਰਵਾਦ ਦਾ ਸਬੂਤ ਦੇਣ ਦੀ ਬਹੁਤ ਕਾਹਲੀ ਰਹਿੰਦੀ ਹੈ ।
ਦੀਪ ਨੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਕਿਉਂ ਲਗਾ ਤਾ ... ?
ਲੱਖੇ ਨੇ ਨੌਜਵਾਨਾਂ ਨੂੰ ਆਹ ਕਿਉਂ ਕਿਹਾ , ਔਹ ਕਿਉਂ ਕੀਤਾ ਵਗੈਰਾ ਵਗੈਰਾ....?
ਦੀਪ ਸਿੱਧੂ ਗੱਦਾਰ ਏ ਕਿਉਂਕਿ ਉਹ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਦੀ ਗੱਲ ਕਰਦਾ ਏ ।
ਦੀਪ ਸਿੱਧੂ ਆਰ. ਐਸ. ਐਸ. ਦਾ ਬੰਦਾ ਏ ਕਿਉਂਕਿ ਉਹ ਅਜ਼ਾਦ ਖਾਲਸਾ ਰਾਜ ਦੀ ਹਾਮੀ ਭਰਦਾ ਏ ।
ਦੀਪ ਸਿੱਧੂ ਵਿਕਿਆ ਹੋਇਆ ਏ ਕਿਉਂਕਿ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦਾ ਜ਼ਿਕਰ ਬੜੀ ਬੇਬਾਕੀ ਨਾਲ ਕਰਦਾ ਏ ।
ਦੀਪ ਸਿੱਧੂ ਅਮਿਤ ਸ਼ਾਹ ਦੇ ਇਸ਼ਾਰੇ ਤੇ ਕੰਮ ਕਰਦਾ ਕਿਉਂਕਿ ਉਹ ਸਾਰੇ ਫ਼ੈਸਲੇ ਸੰਗਤ ਦੇ ਸਾਹਮਣੇ ਖੁੱਲੇ ਚ’ ਹੋਣ ਦੀ ਵਕਾਲਤ ਕਰਦਾ ਏ ।
ਲੱਖਾ ਸਿਧਾਣਾ ਵੀ ਅਖੌਤੀ ਲੀਡਰ ਏ ਕਿਉਂਕਿ ਉਹ ਜਾਲਮ ਸਰਕਾਰਾਂ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਜੁਰਅਤ ਰੱਖਦਾ ਏ ।
ਲੱਖਾ ਸਿਧਾਣਾ ਸਟੇਜਾਂ ਤੋਂ ਬੋਲਣ ਦਾ ਹੱਕਦਾਰ ਨਹੀਂ ਕਿਉਂਕਿ ਉਹਦੇ ਸੀਨੇ ਵਿੱਚ ਪੰਜਾਬ , ਪੰਜਾਬੀਅਤ ਲਈ ਦਰਦ ਏ ।
ਜ਼ਰਾ ਸੋਚ ਕੇ ਵੇਖਿਓ ਕਿੱਥੇ ਖੜੇ ਅਸੀਂ ? ਰਜਾਈਆਂ ਚ’ ਬੈਠਕੇ ਸਟੇਟਸ ਪਾਉਣ ਵਾਲਿਆਂ ਚੋਂ ਬਹੁਤਿਆਂ ਨੇ ਇੱਕ ਦੁੱਕੀ ਦਾ ਵੀ ਯੋਗਦਾਨ ਨਹੀਂ ਦਿੱਤਾ ਹੋਣਾ ਏਸ ਸੰਘਰਸ਼ ਚ’ । ਅੱਜ ਕੱਲ ਲੋਕਾਂ ਦੀ ਮਾਨਸਿਕਤਾ ਵੀ ਕੁਝ ਇਹੋ ਜਿਹੀ ਬਣ ਗਈ ਏ ਕਿ ਜਿਹੜੇ ਝੂਠ ਨੂੰ ਵਾਰ ਵਾਰ ਮੀਡੀਆ ਜਾਂ ਸ਼ੋਸ਼ਲ ਮੀਡੀਆ ਤੇ ਬੜੇ ਜ਼ੋਰ ਸ਼ੋਰ ਨਾਲ ਵਿਖਾਇਆ ਜਾਵੇ ਲੋਕਾਂ ਨੂੰ ਉਹ ਝੂਠ ਈ ਸੱਚ ਲੱਗਣ ਲੱਗ ਜਾਂਦਾ ।
ਓ ਭਲਿਓ ਤੁਹਾਡੇ ਗੁਰਧਾਮ ਢਾਹ ਦਿੱਤੇ , ਬੀਬੀਆਂ ਦੀ ਪੱਤ ਰੋਲੀ ਗਈ , ਬੱਚੇ ਬਜ਼ੁਰਗ ਜਵਾਨ ਕੋਹ ਕੋਹ ਸ਼ਹੀਦ ਕੀਤੇ , ਜਿਉਂਦੇ ਜੀਅ ਗਲਾਂ ਚ’ ਟਾਇਰ ਪਾ ਪਾ ਸਾੜੇ ..... ਕਦੇ ਸੋਚਿਓ ਗੋਦੀ ਮੀਡੀਆ ਨੇ ਕਦੇ ਹਾਅ ਦਾ ਨਾਅਰਾ ਮਾਰਿਆ ? ਹੁਣ ਦੇ ਸੰਘਰਸ਼ ਚ ਕਿੰਨੇ ਨੌਜਵਾਨਾਂ ਤੇ ਤਸ਼ੱਦਦ ਢਾਹਿਆ ... , ਕਿੰਨੇ ਲਾਪਤਾ ਕੀਤੇ ਤੇ ਕਿੰਨੇ ਜੇਲ੍ਹ ਚ’ ਡੱਕੇ ... ? ਗੋਦੀ ਮੀਡੀਆ ਜਾਂ ਸਰਕਾਰੀ ਤੰਤਰ ਨੇ ਕਿੰਨੀ ਕੁ ਨਿਖੇਧੀ ਕੀਤੀ ਕਿ ਗਲਤ ਹੋਇਆ ? ਪਰ ਸਾਡੇ ਆਪਣਿਆਂ ਨੂੰ ਤਾਂ ਝੱਲ ਈ ਬਹੁਤ ਚੜਿਆ ਰਹਿੰਦਾ ਆਪਣਿਆਂ ਤੇ ਉਂਗਲ ਚੁੱਕਣ ਦਾ । ਮੈਂ ਨਿੱਜੀ ਤੌਰ ਤੇ ਕਿਸੇ ਵੀ ਵਿਅਕਤੀ ਵਿਸ਼ੇਸ਼ ਦਾ ਭਗਤ ਨਹੀਂ ਹਾਂ , ਨਾਂ ਹੀ ਉਕਤ ਕਿਸੇ ਸ਼ਖ਼ਸੀਅਤ ਨਾਲ ਮੇਰੀ ਕੋਈ ਨਿੱਜੀ ਸਾਂਝ ਏ ਪਰ ਇੱਕ ਗੱਲ ਚੇਤੇ ਰੱਖਿਓ ਜੇ ਏਸੇ ਤਰਾਂ ਲੋਕਾਂ ਨੇ ਕੁਝ ਚੰਗਾ ਕਰਨ ਲਈ ਤੇ ਆਪਣੀਆਂ ਨਸਲਾਂ ਬਚਾਉਣ ਲਈ ਅੱਗੇ ਲੱਗਣ ਵਾਲਿਆਂ ਤੇ ਭੱਦੇ ਇਲਜ਼ਾਮ ਲਾ ਕੇ ਭੰਡਣਾਂ ਤੇ ਮਿੱਟੀ ਪਲੀਤ ਕਰਨਾ ਜਾਰੀ ਰੱਖਿਆ ਤਾਂ ਕੋਈ ਵੀ ਥੋਡੀ ਅਗਵਾਈ ਕਰਨ ਲਈ ਅੱਗੇ ਆਉਣ ਤੋਂ ਪਹਿਲਾਂ ਸੌ ਵਾਰ ਸੋਚੂਗਾ । ਅੱਜ ਜਿਹੜੀਆਂ ਮਾਂਵਾਂ ਨੇ ਹੱਥੀਂ ਤਿਆਰ ਕਰਕੇ ਪੁੱਤ ਤੋਰੇ ਆ ਮੋਰਚੇ ਲਈ ਉਹ ਮਾਂਵਾਂ ਕਿਹਾ ਕਰਨਗੀਆਂ “ ਪੁੱਤ ਦੜ ਵੱਟ ਕੇ ਬਹਿ-ਜਾ , ਜਿੱਥੇ ਏਨਿਆਂ ਨਾਲ ਧੱਕਾ ਹੋ ਰਿਹਾ ਤੇਰੇ ਨਾਲ ਵੀ ਹੋਜੂ ਪਰ ਘੱਟੋ ਘੱਟ ਗੱਦਾਰ ਦਾ ਸਰਟੀਫ਼ਿਕੇਟ ਤੇ ਨਹੀਂ ਮਿਲੂ ? “
ਅਖੀਰ ਵਿੱਚ ਫੇਸਬੁਕੀ ਬੁੱਧੂਜੀਵੀਆਂ ਨੂੰ ਦੋਵੇਂ ਹੱਥ ਬੰਨ ਕੇ ਅਪੀਲ ਕਰਦਾਂ ਕਿ ਇਹ ਵਕਤ ਇੱਕ ਦੂਜੇ ਨੂੰ ਭੰਡਣ ਦਾ ਨਹੀਂ ਨਾਲ ਖੜਨ ਦਾ ਏ । ਪਹਿਲੀ ਗੱਲ ਦੀਪ ਬਾਈ ਨੇ ਨਿਸ਼ਾਨ ਸਾਹਿਬ ਲਾ ਕੇ ਕੋਈ ਗ਼ਲਤੀ ਨਹੀਂ ਕੀਤੀ ਤੇ ਜੇ ਕਿਸੇ ਆਪਣੇ ਕੋਲੋਂ ਗਲਤੀ ਹੋ ਵੀ ਜਾਵੇ ਤਾਂ ਸਮਾਂ ਉਹਦੇ ਨਾਲ ਖੜਨ ਦਾ ਏ, ਗੱਦਾਰ ਦੇ ਸਰਟੀਫ਼ਿਕੇਟ ਵੰਡਣ ਦਾ ਨਹੀਂ । ਦੀਪ ਬਾਈ ਜਾਂ ਲੱਖਾ ਬਾਈ ਆਪਣਾ ਸੀਨਾ ਪਾੜ ਕੇ ਨਹੀਂ ਵਿਖਾ ਸਕਦੇ । ਅੱਜ ਦੀਪ ਸਿੱਧੂ ਤੇ ਇੱਕ ਲੱਖ ਰੁਪਏ ਦਾ ਇਨਾਮ ਰੱਖ ਦਿੱਤਾ ਏ ਸਰਕਾਰ ਨੇ । ਜੇ ਦੀਪ ਸਿੱਧੂ ਬੀ. ਜੇ. ਪੀ. ਨੇ ਪਲਾਨ ਕਰਕੇ ਤੁਹਾਡੇ ਚ’ ਵਾੜਿਆ ਹੁੰਦਾ ਤਾਂ ਉਹਨੂੰ ਤੱਤੀ ਵਾ’ ਨਾਂ ਲੱਗਣ ਦਿੰਦੇ ਅਗਲੇ । ਜਗਦੀਪ ਟਾਈਟਲਰ ਦੀ ਉਦਾਹਰਣ ਤੁਹਾਡੇ ਸਾਹਮਣੇ ਆ , 37 ਸਾਲ ਹੋ ਗਏ ਵਿਗੜਿਆ ਕੁਝ ਉਹਦਾ । ਦੇਸ਼ ਵਿਦੇਸ਼ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਇੱਕ ਵਾਰ ਫੇਰ ਅਪੀਲ ਹੈ ਕਿ ਦੀਪ ਸਿੱਧੂ ਤੇ ਲੱਖੇ ਬਾਈ ਨਾਲ ਪਰਬਤ ਬਣ ਕੇ ਖੜ ਜਾਓ , ਜਿੱਤ ਯਕੀਨੀ ਤੁਹਾਡੇ ਪੈਰ ਚੁੰਮੇਗੀ ।
ਸੁਖਜੀਤ ਸਿੰਘ ਔਲਖ
ਪੱਤਰ ਪ੍ਰੇਰਕ ਰੋਜ਼ਾਨਾ ਪਹਿਰੇਦਾਰ
ਮੈਲਬੌਰਨ - ਆਸਟਰੇਲੀਆ