Tuesday, 27 February 2024
05 July 2022 Articles

ਸਰਦਾਰ ਊਧਮ ਸਿੰਘ ਨੂੰ ਫਾਂਸੀ ਲਾਉਣ ਵਾਲੇ ਜਲਾਦ ਦੀ ਕਹਾਣੀ ਤੇ ਉਸ ਦੀ ਡਾਇਰੀ ਦਾ ਸਾਡੇ ਯੋਧੇ ਨਾਲ ਸਬੰਧ

ਸਰਦਾਰ ਊਧਮ ਸਿੰਘ ਨੂੰ ਫਾਂਸੀ ਲਾਉਣ ਵਾਲੇ ਜਲਾਦ ਦੀ ਕਹਾਣੀ ਤੇ ਉਸ ਦੀ ਡਾਇਰੀ ਦਾ ਸਾਡੇ ਯੋਧੇ ਨਾਲ ਸਬੰਧ - NZ Punjabi News

ਸ਼ਹੀਦ ਊਧਮ ਸਿੰਘ ਇੱਕ ਅਜਿਹਾ ਯੋਧਾ ਸੀ, ਜਿਸ ਨੇ ਸੈਂਕੜੇ ਨਿਰਦੋਸ਼ ਪੰਜਾਬੀਆਂ ਦੇ ਕਤਲੇਆਮ ਦਾ ਬਦਲਾ ਲਿਆ ਜੋ ਕਿ ਅੰਗਰੇਜ਼ ਹਕੂਮਤ ਵੱਲੋਂ 13 ਅਪ੍ਰੈਲ 1919 ਨੂੰ ਜਲ੍ਹਿਆਵਾਲੇ ਬਾਗ਼ ਵਿਚ ਸ਼ਹੀਦ ਕੀਤੇ ਗਏ ਸਨ। 13 ਮਾਰਚ 1940 ਨੂੰ ਜਦੋਂ ਜਲ੍ਹਿਆਵਾਲੇ ਬਾਗ਼ ਦੇ ਕਤਲੇਆਮ ਦਾ ਮੁੱਖ ਦੋਸ਼ੀ ਤੇ ਤਤਕਾਲੀਨ ਪੰਜਾਬ ਦਾ ਗਵਰਨਰ ਮਾਇਕਲ ਓਡਵਾਇਰ ਇੱਕ ਸਮਾਗਮ ਵਿਚ ਸ਼ਾਮਲ ਹੋਇਆ ਤਾਂ ਊਧਮ ਸਿੰਘ ਨੇ ਉਸ ਨੂੰ ਗੋਲੀਆਂ ਨਾਲ ਭੁੰਨ ਕੇ ਇਸ ਕਤਲੇਆਮ ਦਾ ਬਦਲਾ ਲਿਆ ਸੀ। ਗ੍ਰਿਫਤਾਰੀ ਤੋਂ ਬਾਅਦ ਕਈਂ ਮਹੀਨੇ ਕੋਰਟ ਵਿਚ ਟਰਾਇਲ ਚਲਿਆ ਤੇ ਅਖੀਰ 31 ਜੁਲਾਈ 1940 ਨੂੰ ਅੰਗਰੇਜ਼ ਹਕੂਮਤ ਨੇ ਊਧਮ ਸਿੰਘ ਨੂੰ ਫਾਂਸੀ ਚੜ੍ਹਾ ਦਿੱਤਾ।

ਸਾਡਾ ਅੱਜ ਦਾ ਵਿਸ਼ਾ ਸ਼ਹੀਦ ਊਧਮ ਸਿੰਘ ਨੂੰ ਫਾਂਸੀ ਚੜ੍ਹਾਉਣ ਵਾਲੇ ਜਲਾਦ ਨਾਲ ਸਬੰਧਤ ਹੈ, ਜਿਸ ਦਾ ਨਾਮ ਅਲਬਰਟ ਪਿਅਰੇਪੁਆਇੰਟ ਸੀ। ਐਲਬਰਟ ਇੱਕ ਖ਼ਾਨਦਾਨੀ ਜਲਾਦ ਸੀ । ਉਸ ਦੇ ਪਿਤਾ ਦਾ ਨਾਮ ਹੈਨਰੀ ਪਿਅਰੇਪੁਆਇੰਟ ਸੀ, ਜੋ ਕਿ ਇੱਕ ਪਾਰਟ-ਟਾਈਮ ਸਰਕਾਰੀ ਜਲਾਦ ਸੀ ਤੇ ਉਸ ਨੇ ਸੈਂਕੜੇ ਲੋਕਾਂ ਨੂੰ ਫਾਂਸੀ ਚੜ੍ਹਾਇਆ। ਇਸ ਜਲਾਦ-ਪੁਣੇ ਨਾਲ ਘਰ ਦਾ ਖ਼ਰਚ ਨਹੀਂ ਚਲਦਾ ਸੀ ਤੇ ਸ਼ਰਾਬ ਦੀ ਲਤ ਕਾਰਨ ਉਹ ਵੀ ਆਰਥਿਕ ਪੱਖੋਂ ਕਾਫ਼ੀ ਗ਼ਰੀਬੀ ਵਿਚ ਰਿਹਾ। ਜਾਣਕਾਰੀ ਮੁਤਾਬਿਕ ਸਾਲ 1910 ਵਿਚ ਇੱਕ ਫਾਂਸੀ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੈਨਰੀ ਨੇ ਸ਼ਰਾਬੀ ਹਾਲਤ ਵਿਚ ਜੇਲ੍ਹ ਅੰਦਰ ਆਪਣੇ ਇੱਕ ਸਾਥੀ ਨਾਲ ਕਾਫ਼ੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਨੂੰ ਸਰਕਾਰੀ ਜਲਾਦਾਂ ਦੀ ਸੂਚੀ ਵਿਚੋਂ ਹਟਾ ਦਿੱਤਾ ਗਿਆ ਪਰ ਉਸ ਦਾ ਭਰਾ ਥਾਮਸ ਫਿਰ ਇਸ ਪੇਸ਼ੇ ਵਿਚ ਆ ਗਿਆ।ਅਲਬਰਟ ਪਿਅਰੇਪੁਆਇੰਟ ਨੇ ਵੀ ਆਪਣੀ ਸਕੂਲੀ ਪੜਾਈ ਦੌਰਾਨ ਪੁੱਛਣ ਉੱਤੇ ਦੱਸਿਆ ਸੀ ਕਿ ਉਹ ਵੀ ਆਪਣੇ ਪਿਤਾ ਤੇ ਅੰਕਲ ਵਾਂਗ ਜਲਾਦ ਬਣਨਾ ਚਾਹੁੰਦਾ ਹੈ।

ਕਈਂ ਵੱਖ-ਵੱਖ ਕੰਮਾਂ ਵਿਚ ਹੱਥ ਅਜ਼ਮਾਉਣ ਤੇ ਫ਼ੇਲ੍ਹ ਹੋਣ ਤੋਂ ਬਾਅਦ ਕਿਸਮਤ ਅਲਬਰਟ ਪਿਅਰੇਪੁਆਇੰਟ ਨੂੰ ਵੀ ਆਪਣੇ ਖ਼ਾਨਦਾਨੀ ਪੇਸ਼ੇ ਵੱਲ ਖਿੱਚ ਲਿਆਈ। ਸਾਲ 1932 ਵਿਚ ਉਸ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਫਾਂਸੀ ਨੂੰ ਅੰਜਾਮ ਦਿੱਤਾ। ਅਲਬਰਟ ਆਪਣੇ ਕੰਮ ਵਿਚ ਇੰਨਾ ਮਾਹਿਰ ਸੀ ਕਿ ਫਾਂਸੀ ਕੋਠੀ ਵਿਚ ਕੈਦੀ ਨੂੰ ਲਿਆਉਣ ਤੇ ਫਾਂਸੀ ਨੂੰ ਅੰਜਾਮ ਦੇਣ ਵਿਚ ਉਹ ਮਹਿਜ਼ 12 ਸਕਿੰਟ ਲਗਾਉਂਦਾ ਸੀ। ਉਸ ਦੇ ਕੰਮ ਦੀ ਰਫ਼ਤਾਰ ਉਸ ਦੇ ਮਾਹਿਰ ਹੋਣ ਦੀ ਵੱਡੀ ਨਿਸ਼ਾਨੀ ਸੀ।

ਸ਼ਹੀਦ ਊਧਮ ਸਿੰਘ ਨੂੰ ਵੀ ਇਸੇ ਜਲਾਦ ਨੇ ਫਾਂਸੀ ਦਿੱਤੀ, ਇਸ ਗੱਲ ਦੀ ਪੁਸ਼ਟੀ ਅਲਬਰਟ ਦੀ ਨਿੱਜੀ ਡਾਇਰੀ ਵਿਚੋਂ ਹੁੰਦੀ ਹੈ। ਦਰਅਸਲ ਅਲਬਰਟ ਆਪਣੇ ਵੱਲੋਂ ਦਿੱਤੀਆਂ ਫਾਂਸੀਆਂ ਦੀ ਬਕਾਇਦਾ ਇੱਕ ਸੂਚੀ ਤਿਆਰ ਕਰਦਾ ਹੁੰਦਾ ਸੀ। ਇਸ ਸੂਚੀ ਵਿਚ ਉਹ ਕੈਦੀ ਦਾ ਨਾਮ, ਉਮਰ, ਕੱਦ, ਭਾਰ, ਰੱਸੀ ਦੀ ਲੰਬਾਈ ਤੇ ਜੇਲ੍ਹ ਦਾ ਨਾਮ ਦਰਜ ਕਰਦਾ ਹੁੰਦਾ ਸੀ। ਸ਼ਹੀਦ ਊਧਮ ਸਿੰਘ ਬਾਬਤ ਜਦੋਂ ਮੈਂ ਖੋਜ-ਪੜਤਾਲ ਕਰ ਰਿਹਾ ਸੀ ਤਾਂ ਮੈਨੂੰ ਇੰਟਰਨੈੱਟ ਉੱਤੇ ਅਲਬਰਟ ਦੀ ਡਾਇਰੀ ਵੇਖਣ ਨੂੰ ਮਿਲੀ ਤੇ ਇਸ ਡਾਇਰੀ ਕਾਰਨ ਹੀ ਸ਼ਹੀਦ ਊਧਮ ਸਿੰਘ ਦੇ ਫਾਂਸੀ ਵਕਤ ਵਜ਼ਨ ਤੇ ਕੱਦ ਦਾ ਸਹੀ ਅੰਦਾਜ਼ਾ ਹੋ ਜਾਂਦਾ ਹੈ। ਡਾਇਰੀ ਮੁਤਾਬਿਕ ਉਸ ਸਮੇਂ ਊਧਮ ਸਿੰਘ ਦਾ ਕੱਦ 5 ਫੁੱਟ 8 ਇੰਚ ਤੇ ਭਾਰ 71.66 ਕਿਲੋਗ੍ਰਾਮ ਸੀ।

ਅਲਬਰਟ ਪਿਅਰੇਪੁਆਇੰਟ ਨੇ ਸਾਲ 1932 ਤੋਂ ਲੈ ਕੇ 1955 ਤੱਕ ਤਕਰੀਬਨ 600 ਤੋਂ ਵੱਧ ਲੋਕਾਂ ਨੂੰ ਫਾਂਸੀ ਦਿੱਤੀ। ਜਿਸ ਵਿਚ ਅਨੇਕਾਂ ਔਰਤਾਂ ਵੀ ਸ਼ਾਮਲ ਸਨ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਸ ਨੂੰ ਇੱਕ ਆਨਰੇਰੀ ਲੈਫ਼ਟੀਨੈਂਟ-ਕਰਨਲ ਵੀ ਨਿਯੁਕਤ ਕੀਤਾ ਗਿਆ ਸੀ। ਅਲਬਰਟ ਨੇ 1945 ਤੋਂ 1949 ਦੇ ਵਿਚਕਾਰ ਹੈਮਲਿਨ, ਜਰਮਨੀ, ਗ੍ਰੇਜ਼ ਤੇ ਆਸਟਰੀਆ ਵਿੱਚ ਦੂਜੇ ਵਿਸ਼ਵ ਯੁੱਧ ਦੇ ਅਪਰਾਧੀਆਂ ਨੂੰ ਫਾਂਸੀ ਦੇਣ ਵਿਚ ਵੀ ਆਪਣੀ ਭੂਮਿਕਾ ਨਿਭਾਈ। ਇੱਕ ਦਿਨ ਦੇ ਵਿਚ ਅਲਬਰਟ ਨੇ ਔਸਤਨ 10 ਕੈਦੀ ਫਾਂਸੀ ਉੱਤੇ ਚੜਾਏ ਸਨ। ਅਲਬਰਟ ਵੱਲੋਂ ਫਾਂਸੀ ਦਿੱਤੇ ਗਏ ਲੋਕਾਂ ਵਿੱਚ ਕੈਂਪ ਕਮਾਂਡੈਂਟ ਜੋਸੇਫ ਕ੍ਰੈਮਰ, ਇਰਮਾ ਗਰੇਸ, ਡਾ. ਬਰੂਨੋ ਟੈਸਚ, ਵਿਲੀਅਮ ਜੋਇਸ ਆਦਿ ਜਿਹੇ ਦਰਿੰਦਿਆਂ ਦੇ ਨਾਮ ਸ਼ਾਮਲ ਹਨ, ਜਿਨ੍ਹਾਂ ਨੇ ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਜਰਮਨੀ ਦੇ ਕੈਂਪਾਂ ਵਿਚ ਬੇਰਹਿਮੀ ਨਾਲ ਮਾਰ ਮੁਕਾਇਆ ਸੀ।

ਅਲਬਰਟ ਦੀ ਜ਼ਿੰਦਗੀ ਵੀ ਕਾਫ਼ੀ ਪ੍ਰੇਸ਼ਾਨੀਆਂ ਭਰੀ ਸੀ। ਇਸ ਕਿੱਤੇ ਨੇ ਉਸ ਨੂੰ ਜਿੱਥੇ ਨਾਮ ਤੇ ਸ਼ਹੌਰਤ ਦਿੱਤੀ ਤਾਂ ਉੱਥੇ ਹੀ ਆਪਣੇ ਚੰਗੇ ਦੋਸਤ ਨੂੰ ਫਾਹੇ ਲਟਕਾਉਣ ਦਾ ਦਾਗ਼ ਵੀ ਉਹ ਆਪਣੇ ਮੱਥੇ ਤੋਂ ਕਦੇ ਨਾ ਧੋਅ ਸਕਿਆ। ਦਰਅਸਲ ਅਲਬਰਟ ਇੱਕ ਪੱਬ ਵੀ ਚਲਾਉਂਦਾ ਸੀ। ਜਿੱਥੇ ਜੇਮਸ ਕੋਰਬਿਟ ਉਸ ਦਾ ਨਾ ਸਿਰਫ਼ ਚੰਗਾ ਕਸਟਮਰ ਸੀ ਸਗੋਂ ਦੋਨਾਂ ਦੀ ਕਾਫ਼ੀ ਚੰਗੀ ਮਿੱਤਰਤਾ ਵੀ ਸੀ। ਦੋਨੋਂ ਇੱਕ ਦੂਜੇ ਨੂੰ ਟਿਸ਼ ਤੇ ਟੋਸ਼ ਦੇ ਨਾਮ ਨਾਲ ਬੁਲਾਉਂਦੇ ਸਨ। ਜੇਮਸ ਕੋਰਬਿਟ ਨੂੰ ਆਪਣੀ ਪਤਨੀ ਦੇ ਕਤਲ ਦੇ ਇਲਜ਼ਾਮ ਵਿਚ ਸਾਲ 1953 ਨੂੰ ਅਲਬਰਟ ਨੇ ਫਾਂਸੀ ਉੱਤੇ ਲਟਕਾਇਆ ਸੀ।

ਇੱਕ ਸਮਾਂ ਆਇਆ ਜਦੋਂ ਮੌਤ ਦੀ ਸਜ਼ਾ ਦਾ ਵਿਰੋਧ ਇੰਗਲੈਂਡ ਵਿਚ ਕਾਫ਼ੀ ਸਿਖਰ ਉੱਤੇ ਪਹੁੰਚ ਗਿਆ। 1964 ਵਿਚ ਇੰਗਲੈਂਡ ਅੰਦਰ ਆਖ਼ਰੀ ਫਾਂਸੀ ਦਿੱਤੀ ਗਈ। ਇਸ ਤੋਂ ਬਾਅਦ ਲੋਕਾਂ ਨੇ ਇਕੱਠੇ ਹੋ ਕਿ ਫਾਂਸੀ ਦੀ ਸਜ਼ਾ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਤਾਂ ਇਸ ਬਾਰੇ ਸੈਂਕੜੇ ਲੋਕਾਂ ਨੂੰ ਫਾਂਸੀ ਉੱਤੇ ਲਟਕਾਉਣ ਵਾਲੇ ਅਲਬਰਟ ਪਿਅਰੇਪੁਆਇੰਟ ਨੇ ਵੀ ਇਸ ਨਾਲ ਸਹਿਮਤੀ ਪ੍ਰਗਟ ਕੀਤੀ। ਉਸ ਨੇ ਲਿਖਿਆ, ‘’ਮੈਂ ਇਸ ਸਿੱਟੇ 'ਤੇ ਪਹੁੰਚਿਆ ਹਾਂ ਕਿ ਫਾਂਸੀ ਨਾਲ ਕੁੱਝ ਵੀ ਹੱਲ ਨਹੀਂ ਹੁੰਦਾ ਅਤੇ ਇਹ ਸਿਰਫ਼ ਬਦਲਾ ਲੈਣ ਦੀ ਸ਼ੁਰੂਆਤੀ ਇੱਛਾ ਦਾ ਇੱਕ ਪੁਰਾਣਾ ਪ੍ਰਤੀਕ ਹੈ ਤੇ ਇਹ ਬਦਲਾ ਲੈਣ ਦੀ ਜ਼ਿੰਮੇਵਾਰੀ ਦੂਜੇ ਲੋਕਾਂ ਨੂੰ ਸੌਂਪਦਾ ਹੈ'' । ਇਸ ਤੋਂ ਬਾਅਦ ਇੰਗਲੈਂਡ ਦੀ ਪਾਰਲੀਮੈਂਟ ਵਿਚ ਮੌਤ ਦੀ ਸਜ਼ਾ ਨੂੰ ਖ਼ਤਮ ਕਰਨ ਲਈ ਇੱਕ ਕਨੂੰਨ ਪਾਸ ਕੀਤਾ ਗਿਆ।

ਸੈਂਕੜੇ ਲੋਕਾਂ ਨੂੰ ਫਾਂਸੀ ਦੇਣ ਵਾਲੇ ਅਲਬਰਟ ਪਿਅਰੇਪੁਆਇੰਟ ਨੇ 10 ਜੁਲਾਈ 1992 ਨੂੰ ਆਖ਼ਰੀ ਸਾਂਹ ਲਏ। ਐਲਬਰਟ ਦੀ ਜ਼ਿੰਦਗੀ ਉੱਤੇ 30 ਅਕਤੂਬਰ 2007 ਨੂੰ ਇੱਕ ਫ਼ਿਲਮ ਰਿਲੀਜ਼ ਕੀਤੀ ਗਈ। ਇਸ ਫ਼ਿਲਮ ਦਾ ਨਾਮ ਸੀ 'ਦਾ ਲਾਸਟ ਹੈਂਗ ਮੈਨ', ਇਸ ਫ਼ਿਲਮ ਵਿਚ ਅਲਬਰਟ ਦੀ ਜ਼ਿੰਦਗੀ ਬਾਰੇ ਬਾਖ਼ੂਬੀ ਪੇਸ਼ਕਾਰੀ ਕੀਤੀ ਗਈ ਹੈ।

ਗੁਰਿੰਦਰ ਸਿੰਘ, ਰਿਸਰਚ ਸਕਾਲਰ

ਫੋਨ ਨੰਬਰ: 8872221333

Gurinder25.gs@gmail.com

ADVERTISEMENT
NZ Punjabi News Matrimonials