ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ, ਜਦੋਂ ਵੀ ਕਿਤੇ ਮਨੁੱਖਤਾ ਉੱਤੇ ਭਾਰੀ ਮੁਸੀਬਤ
ਆਈ ਹੈ, ਤਾਂ ਸਿੱਖ ਕੌਮ ਨੇ ਹਮੇਸ਼ਾ ਅੱਗੇ ਵੱਧ ਕੇ, ਰਾਹਤ ਕਾਰਜਾਂ ਵਿੱਚ, ਆਪਣੀ ਗਿਣਤੀ ਦੇ
ਅਨੁਪਾਤ ਤੋਂ ਕਿਤੇ ਵੱਧ ਕਰ ਕੇ ਯੋਗਦਾਨ ਪਾਇਆ ਹੈ। ਸਿੱਖ ਭਾਈਚਾਰਾ ਮੌਜੂਦਾ ਸਮੇਂ ਵੀ, ਇਸ
ਸੋਚ ਦਾ ਹੀ ਧਾਰਨੀ ਹੈ ਅਤੇ ਗੁਰੂ ਮਿਹਰ ਕਰੇ ਸਦੀਵੀ ਤੌਰ ਤੇ ਅਜਿਹਾ ਹੀ ਰਹੇਗਾ। ਗੱਲ ਕਰੀਏ
ਦੇਸ਼-ਦੁਨੀਆ ਦੇ ਮੌਜੂਦਾ ਹਾਲਾਤਾਂ ਦੀ, ਵਰਤਮਾਨ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਨਾਮ ਦੀ
ਮਹਾਂਮਾਰੀ ਦੀ ਗੰਭੀਰ ਮਾਰ ਹੇਠ ਹੈ। ਇਸ ਛੂਤ ਦੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਦੁਨੀਆ
ਦੀ ਬਹੁਗਿਣਤੀ ਅਬਾਦੀ ਘਰਾਂ ਵਿੱਚ ਰਹਿਣ ਲਈ ਮਜਬੂਰ ਹੈ। ਦੇਸ਼-ਦੁਨੀਆ ਦੀਆਂ ਸਰਕਾਰਾਂ ਆਪਣੇ-
ਆਪਣੇ ਪੱਧਰ ਉੱਪਰ ਇਸ ਨਾਲ ਨਜਿੱਠਣ ਦੀਆ ਕੋਸ਼ਿਸ਼ਾਂ ਕਰ ਰਹੀਆਂ ਹਨ। ਸਰਕਾਰ ਅਤੇ ਪ੍ਰਸ਼ਾਸਨ
ਦੀਆ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਦਾ ਅਮਲਾ ਜ਼ਮੀਨੀ ਪੱਧਰ ਉੱਪਰ ਇਸ ਬਿਮਾਰੀ ਨਾਲ ਜੰਗ ਲੜ
ਰਿਹਾ ਹੈ।
ਇਸ ਸੰਦਰਭ ਵਿੱਚ ਲਾਕਡਾਊਨ ਹੋਣ ਨਾਲ ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਸੇਵਾਵਾਂ ਆਮ ਲੋਕਾਂ
ਤੱਕ ਪਹੁੰਚਣ ਵਿੱਚ ਮੁਸ਼ਕਿਲ ਆ ਰਹੀ ਹੈ, ਖ਼ਾਸਕਰ ਸਾਡੇ ਦੇਸ਼ ਭਾਰਤ ਵਿੱਚ। ਰੋਜ਼ਾਨਾ ਕਮਾ ਕੇ ਆਪਣੇ
ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲੇ ਲੋੜਵੰਦ ਇਨਸਾਨ, ਇਸ ਸਮੇਂ ਦੋ ਜੰਗਾਂ ਲੜ ਰਹੇ ਹਨ, ਇੱਕ ਤਾਂ
ਕੋਰੋਨਾ ਮਹਾਂਮਾਰੀ ਨਾਲ ਅਤੇ ਦੂਜਾ ਆਪਣੀ ਨਿੱਤ ਦੀਆ ਲੋੜਾਂ ਨਾਲ। ਸਰਕਾਰ ਅਤੇ ਪ੍ਰਸ਼ਾਸਨ
ਕੋਸ਼ਿਸ਼ਾਂ ਕਰਨ ਦੇ ਬਾਵਜੂਦ ਲੋੜਵੰਦ ਲੋਕਾਂ ਤੱਕ ਦੋ-ਵਕਤ ਦੀ ਰੋਟੀ ਪਹੁੰਚਾਉਣ ਵਿੱਚ ਅਸਮਰਥ ਸਾਬਤ
ਹੋ ਰਿਹਾ ਹੈ। ਇਸ ਸਭ ਵਿੱਚ, ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ, ਗੁਰਮਤਿ ਸਿਧਾਂਤਾਂ ਦੇ ਉੱਪਰ ਪਹਿਰਾ
ਦਿੰਦਾ ਹੋਇਆ, ਸਿੱਖ ਭਾਈਚਾਰਾ ਵੀ, ਇਸ ਮੁਸੀਬਤ ਦੇ ਵੇਲੇ, ਸਮਾਜ ਨੂੰ ਆਪਣੀਆਂ ਨਿਰਸਵਾਰਥ
ਸੇਵਾ ਪ੍ਰਦਾਨ ਕਰਨ ਵਿੱਚ ਹਮੇਸ਼ਾ ਦੀ ਤਰ੍ਹਾਂ ਸਾਹਮਣੇ ਆਇਆ ਹੈ। ਸਿੱਖ ਪੰਥ ਦੀ ਸਿਰਮੌਰ
ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸੰਸਥਾਵਾਂ ਇਸ ਬਿਪਤਾ ਭਰੇ ਵਕਤ ਅੰਦਰ
ਜਿੱਥੇ ਮਰੀਜ਼ਾ ਨੂੰ ਸੰਭਾਲਣ ਲਈ ਆਪਣੀਆ ਸਰਾਂਵਾਂ ਦੇਣ ਦਾ ਐਲਾਨ ਕੀਤਾ ਹੈ ਉੱਥੇ ਹੀ
ਉਨ੍ਹਾਂ ਦੁਆਰਾ ਲੋੜਵੰਦਾਂ ਲਈ ਨਿਯਮਾਂ ਵਿੱਚ ਰਹਿ ਕੇ ਗੁਰੂ ਕਾ ਲੰਗਰ ਵੀ ਵਰਤਾਇਆ ਜਾ ਰਿਹਾ
ਹੈ। ਹੋਰ ਵੀ ਕਈ ਸਮਾਜ ਸੇਵੀ ਸੰਸਥਾਵਾ, ਪਿੰਡ ਪੱਧਰ ਦੀਆ ਗੁਰਦੁਆਰਾ ਕਮੇਟੀਆਂ ਵੀ ਇਸ
ਔਖੇ ਸਮੇਂ ਆਪਣਾ ਸਮਾਜ ਪ੍ਰਤੀ ਫ਼ਰਜ਼ ਪਹਿਚਾਣਦੇ ਹੋਏ ਗ਼ਰੀਬ-ਗ਼ੁਰਬੇ ਦਾ ਸਹਾਰਾ ਬਣ ਰਹੀਆ ਹਨ।
ਸਿੱਖ ਲਈ ਇਹ ਮਾਣ ਵਾਲੀ ਗੱਲ ਹੈ ਕਿ ਵਿਦੇਸ਼ਾਂ ਵਿੱਚ ਵੀ ਸਿੱਖ ਪੰਥ ਦੀ ਇਸ ਨਿਸ਼ਕਾਮ
ਸੇਵਾ ਨੂੰ ਸਲਾਹਿਆ ਜਾ ਰਿਹਾ ਹੈ। ਇਸ ਹੀ ਮਹਾਂਮਾਰੀ ਕਾਰਨ ਦੁਨੀਆ ਦੀ ਮਹਾਸ਼ਕਤੀ ਮੰਨੇ
ਜਾਂਦੇ ਦੇਸ਼ ਅਮਰੀਕਾ ਦੇ ਨਿਯੂਯਾਰਕ ਸੂਬੇ ਦੇ ਮੇਅਰ ਵੱਲੋਂ ਸਿੱਖ ਭਾਈਚਾਰੇ ਵਲ ਸਹਾਇਤਾ ਦੀ ਅਪੀਲ
ਕਰਨਾ ਇਸ ਦਾ ਪ੍ਰਤੱਖ ਸਬੂਤ ਹੈ। ਦੇਸ਼-ਦੁਨੀਆ, ਕਿਸੇ ਵੀ ਕੁਦਰਤੀ ਆਫ਼ਤ ਜਾ ਕਰੋਪੀ ਸਮੇਂ, ਸਿੱਖ
ਭਾਈਚਾਰੇ ਤੋਂ ਇਹੀ ਉਮੀਦ ਰੱਖਦੀ ਹੈ। 'ਖ਼ਾਲਸਾ ਏਡ' ਸੰਸਥਾ ਦਾ ਵੀ, ਇਸ ਉਪਲਬਧੀ ਵਿੱਚ,
ਵਡਮੁੱਲਾ ਯੋਗਦਾਨ ਰਿਹਾ ਹੈ ਕਿਉਂਕਿ ਇਸ ਸੰਸਥਾ ਦੁਆਰਾ ਦੁਨੀਆ ਪੱਧਰ ਉੱਪਰ ਕਈ ਰਾਹਤ
ਕਾਰਜਾਂ ਵਿੱਚ, ਆਪਣਾ ਬਿਨਾ ਕਿਸੇ ਭੇਦਭਾਵ ਤੋਂ, ਮਾਨਵਤਾ ਦੇ ਭਲੇ ਲਈ ਬਾਖ਼ੂਬੀ ਰੋਲ ਨਿਭਾਇਆ ਜਾ
ਰਿਹਾ ਹੈ। ਵਰਤਮਾਨ ਸਮੇਂ ਵੀ ਇਹ ਸੰਸਥਾ ਕਈ ਥਾਵਾਂ ਉਪਰ ਡਾਕਟਰੀ ਅਮਲੇ ਅਤੇ ਹੋਰ ਲੋੜਵੰਦਾ
ਲਈ ਜ਼ਰੂਰੀ ਵਸਤਾ ਅਤੇ ਖਾਣ-ਪੀਣ ਦਾ ਪ੍ਰਬੰਧ ਕਰ ਰਹੀ ਹੈ।
ਇੱਥੇ ਤੁਹਾਡੇ ਨਾਲ ਇੱਕ ਦਿਲਚਸਪ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਾਂ, ਜਿਸ ਦੀ
ਜਾਣਕਾਰੀ ਸਪੇਨ ਦੇਸ਼ ਵਿੱਚ ਰਹਿ ਰਹੇ ਸ. ਗਗਨਦੀਪ ਸਿੰਘ ਖ਼ਾਲਸਾ ਜੀ ਨੇ ਇੱਕ ਪੰਜਾਬੀ ਦੇ ਨਾਮਵਰ
ਅਖ਼ਬਾਰ ਦੇ ਲਾਈਵ ਪ੍ਰੋਗਰਾਮ ਵਿੱਚ ਸਾਂਝੀ ਕੀਤੀ। ਬਾਕੀ ਦੁਨੀਆ ਵਾਗ ਸਪੇਨ ਦੇਸ਼ ਵਿੱਚ ਵੀ
ਕੋਰੋਨਾ ਵਾਇਰਸ ਮਹਾਂਮਾਰੀ ਆਪਣਾ ਕਹਿਰ ਵਰਤਾ ਰਹੀ ਹੈ ਅਤੇ ਉੱਥੇ ਦੀ ਸਰਕਾਰ ਆਪਣੇ
ਨਾਗਰਿਕਾਂ ਨੂੰ ਹਰ ਸੰਭਵ ਸਹਾਇਤਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੌਰਾਨ ਸਿੱਖ
ਭਾਈਚਾਰਾ ਨਾਲ ਵੀ ਉੱਥੋਂ ਦੇ ਸਮਾਜਿਕ ਅਤੇ ਘਰੇਲੂ ਵਸਤੂਆਂ ਦੇ ਵਿਭਾਗ ਨੇ ਸੰਪਰਕ ਕਰ ਕੇ ਹਰ
ਸੰਭਵ ਮਦਦ ਦੀ ਪੇਸ਼ਕਸ਼ ਕੀਤੀ ਪਰੰਤੂ ਸਿੱਖ ਭਾਈਚਾਰੇ ਦਾ ਜਵਾਬ ਸੁਣ ਕੇ ਉਹ ਬਹੁਤ ਹੈਰਾਨ ਹੋਏ
ਕਿਉਂਕਿ ਇਸ ਮੁਸ਼ਕਿਲ ਦੇ ਸਮੇਂ ਦੌਰਾਨ ਜਦੋ ਹਰ ਕੋਈ ਸਰਕਾਰ ਵਲ ਉਮੀਦ ਦੀ ਆਸ ਰੱਖਦਾ ਹੈ ਅਤੇ
ਇਹ ਭਾਈਚਾਰਾ ਸਰਕਾਰ ਨੂੰ ਆਪਣੀ ਮਦਦ ਦੀ ਪੇਸ਼ਕਸ਼ ਕਰ ਰਿਹਾ ਹੈ। ਕਹਿਣ ਤੋਂ ਭਾਵ ਇਹ ਹੈ ਕਿ
ਜੇਕਰ ਅਸੀਂ ਆਪਣੀ ਗੁਰਆੂਂ ਦੁਆਰਾ ਦਰਸਾਏ ਮਾਰਗ ਉੱਪਰ ਚੱਲਦੇ ਹਾਂ ਤਾਂ ਸਾਡਾ ਸਮਾਜ ਅੰਦਰ ਮਾਣ-
ਸਨਮਾਨ ਤਾਂ ਵਧੇਗਾ ਹੀ ਅਤੇ ਇੱਕ ਦਿਨ ਪੂਰੀ ਦੁਨੀਆ ਸਾਡੀ ਅਗਵਾਈ ਵੀ ਜ਼ਰੂਰ ਲਾਵੇਗੀ।
ਇੱਥੇ ਮੈਂ ਅੱਜਕੱਲ੍ਹ ਦੇ ਅਜਿਹੇ ਵਿਦਵਾਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਹਰ ਸਮੇਂ
ਨਿੰਦਿਆਂ ਜਾਂ ਭੰਡਣ ਨਾਲ ਸਮਾਜ ਦਾ ਭਲਾ ਨਹੀਂ ਹੋਣ ਲੱਗਾ। ਸੋ, ਆਓ ਜ਼ਮੀਨੀ ਪੱਧਰ ਉੱਪਰ ਅਜਿਹਾ
ਕੁੱਝ ਕਰੀਏ, ਜਿਸ ਨਾਲ ਸਮਾਜ ਦਾ ਕੁੱਝ ਸੁਧਾਰ ਹੋ ਸਕੇ ਕਿਉਂਕਿ ਕੇਵਲ ਕਮੀਆਂ ਦੱਸਣ ਨਾਲ
ਸਾਡਾ ਫ਼ਰਜ਼ ਪੂਰਾ ਨਹੀ ਹੋ ਜਾਂਦਾ, ਕੋਸ਼ਿਸ਼ ਕਰੀਏ, ਉਸ ਦਾ ਸਾਰਥਿਕ ਹੱਲ ਤਲਾਸ਼ਣ ਦੀ ਤਾਂ ਜੋ ਸਮਾਜ
ਅਤੇ ਕੌਮ ਦਾ ਭਲਾ ਹੋ ਸਕੇ। ਵੱਡੀਆਂ-ਵੱਡੀਆ ਗੱਲਾ ਕਰਨ ਦੇ ਨਾਲ-ਨਾਲ, ਲੋੜ ਹੈ, ਉਨ੍ਹਾਂ ਵਾਕਾਂ
ਨੂੰ ਹਕੀਕਤ ਵਿੱਚ ਬਦਲਣ ਦੀ ਤਾਂ ਹੀ ਅਸੀ ਸਾਰੇ ਇਸ ਕੌਮ ਦੇ ਸੱਚੇ ਵਾਰਿਸ ਅਖਵਾਉਣ ਦੇ
ਹੱਕਦਾਰ ਹੋਵਾਂਗੇ……..ਆਮੀਨ!
ਜਗਜੀਤ ਸਿੰਘ ਗਣੇਸ਼ਪੁਰ,
ਪਿੰਡ ਤੇ ਡਾਕ: ਗਣੇਸ਼ਪੁਰ ਭਾਰਟਾ,
ਜ਼ਿਲ•ਾਂ-ਹੁਸ਼ਿਆਰਪੁਰ,