(ਸਰਬਜੀਤ ਸੋਹੀ, ਆਸਟਰੇਲੀਆ) ਇਕ ਪੰਜਾਬੀ ਹੋਣ ਦੇ ਨਾਤੇ ਮੇਰਾ ਬਹੁਤਾ ਵਾਹ ਪੰਜਾਬੀਆਂ ਨਾਲ ਹੈ। ਇਸ ਕਰਕੇ ਸ਼ੋਸਲ ਮੀਡੀਆ ਦੇ ਮਾਧਿਅਮ ਫੇਸਬੁੱਕ ਅਤੇ ਵੱਟਸਐਪ ਰਾਹੀਂ ਜਿਨ੍ਹਾਂ ਕੱਚ-ਘਰੜ ਗਿਆਨ ਪਿਛਲੇ ਦਿਨੀਂ ਸਾਡੀਆਂ ਅੱਖਾਂ ਅੱਗੋਂ ਦੀ ਲੰਘਿਆ ਹੈ, ਸ਼ਾਇਦ ਹੀ ਕਿਸੇ ਹੋਰ ਭਾਸ਼ਾ ਵਿੱਚ ਅਜਿਹਾ ਤਸ਼ਦੱਦ ਸ਼ੋਸਲ ਮੀਡੀਆ ਰਾਹੀਂ ਕਿਸੇ ਹੋਰ ਨੇ ਝੱਲਿਆ ਹੋਵੇ। ਜਿਸ ਨੂੰ ਵਾਇਰਸ ਕੀ ਹੁੰਦਾ ਹੈ? ਇਹ ਵੀ ਨਹੀਂ ਪਤਾ, ਉਹ ਵੀ ਵਿਗਿਆਨੀ ਬਣ ਕੇ ਪ੍ਰਵਚਨ ਦੇ ਰਿਹਾ ਹੈ। ਬਿਨਾ ਠੋਸ ਜਾਣਕਾਰੀ ਦੇ, ਬਿਨਾ ਕਿਸੇ ਭਰੋਸੇਯੋਗ ਸੂਤਰ ਜਾਂ ਪ੍ਰਵਾਨਿਤ ਸ੍ਰੋਤ ਤੋਂ ਹਜ਼ਾਰਾਂ ਵੀਡੀਓ ਘੁੰਮ ਰਹੇ ਹਨ। ਜਿੰਨੇ ਕਦੀ ਨਕਸ਼ੇ ਤੇ ਵੀ ਚੀਨ ਨਹੀਂ ਵੇਖਿਆ, ਉਹ ਵੀ ਚੀਨੀਆਂ ਦੀਆਂ ਚਮਗਿੱਦੜ ਖਾਣ ਦੀਆਂ ਆਦਤਾਂ ਨੂੰ ਕੋਸੀ ਜਾ ਰਿਹਾ ਹੈ। ਕਰੋਨਾ ਦਾ ਸਬੰਧ ਇਕ ਵਾਇਰਸ ਨਾਲ ਹੋਣ ਕਰਕੇ ਵੈਸੇ ਵੀ ਇਹ ਮੈਡੀਕਲ ਵਿਗਿਆਨ ਦਾ ਵਿਸ਼ਾ ਹੈ, ਪਰ ਪੰਜਾਬੀਆਂ ਨੇ ਧਰਮ, ਰਾਜਨੀਤੀ, ਧਾਰਮਿਕ ਪੋਇਟਰੀ, ਅਰਥ ਸ਼ਾਸਤਰ, ਜੀਵ ਵਿਗਿਆਨ, ਦੇਸੀ ਓਹੜ-ਪੋਹੜ, ਚਕਿਤਸਾ ਵਿਗਿਆਨ ਅਤੇ ਅੰਦਾਜ਼ਿਆਂ ਦਾ ਪੂਰੀ ਤਰ੍ਹਾਂ ਖਿੱਚੜ-ਭੱਪਾ ਬਣਾ ਕੇ ਅਫ਼ਵਾਹਾਂ ਦਾ ਬਾਜ਼ਾਰ ਪੂਰੀ ਤਰ੍ਹਾ ਭਖਾਈ ਰੱਖਿਆ ਹੈ। Novel-Corona Virus ਉਰਫ਼ Cov-19 ਨੂੰ ਨਾ ਸਿਰਫ ਚਾਈਨਾ ਵਾਇਰਸ ਦਾ ਨਾਮ ਦਿੱਤਾ ਜਾ ਰਿਹਾ ਹੈ, ਬਲਕਿ ਇਸ ਨੂੰ ਕਿਸੇ ਨੇ ਤੀਸਰਾ ਗੁਪਤ ਵਿਸ਼ਵ ਯੁੱਧ, ਕਿਸੇ ਨੇ ਜੈਵਿਕ ਯੁੱਧ ਤੇ ਕਿਸੇ ਨੇ ਆਰਥਿਕ ਯੁੱਧ ਦੇ ਪੈਂਤੜੇ ਵਜੋਂ ਪੇਸ਼ ਕੀਤਾ ਹੈ। ਪਰ ਇਸ ਵਾਇਰਸ ਦੇ ਮਹਾਂਮਾਰੀ ਬਣਨ ਤੱਕ ਇਸ ਦਾ ਇਤਿਹਾਸ ਕੋਈ ਗੁਪਤ ਛੜ-ਯੰਤਰ ਜਾਂ ਚਾਈਨਾ ਦੀ ਕੋਈ ਯੋਜਨਾਬੱਧ ਰਣਨੀਤੀ ਦਾ ਹਿੱਸਾ ਨਹੀਂ ਹੈ। ਮੇਰਾ ਨਿਰਣਾ ਜਾਂ ਜਾਣਕਾਰੀ ਅੰਤਿਮ ਸੱਚ ਨਹੀਂ ਹੈ, ਪਰ ਫਿਰ ਵੀ ਕੋਸ਼ਿਸ਼ ਰਹੇਗੀ ਕਿ ਸੱਚ ਦੇ ਨੇੜੇ-ਤੇੜੇ ਰਹਾਂ। ਅਗਰ ਤਹਾਨੂੰ ਲੱਗੇ ਕਿ ਕਿਤੇ ਮੈਂ ਗਲਤ ਹਵਾਲਾ ਦਿੱਤਾ ਹੈ ਤਾਂ ਤੁਸੀਂ ਮੈਨੂੰ ਆਪਣੇ ਸਰੋਤ ਅਤੇ ਸਮਝ ਅਨੁਸਾਰ ਸੁਝਾਅ ਭੇਜ ਸਕਦੇ ਹੋ। ਆਓ ਇਸ ਦੀ ਸ਼ੁਰੂਆਤ ਤੋਂ ਸ਼ੁਰੂ ਕਰੀਏ:-
10 ਦਸੰਬਰ- ਚੀਨ ਦੇ ਹੁਬੇਈ ਸੂਬੇ ਦੇ ਸ਼ਹਿਰ ਵੁਹਾਨ ਵਿੱਚ ਇਕ Sea Food ਮਾਰਕੀਟ ਹੈ। ਜਿਸ ਵਿੱਚ ਸਮੁੰਦਰੀ ਜੀਵਾਂ ਦੇ ਨਾਲ-ਨਾਲ ਜਿਉਂਦੇ ਜਾਨਵਰਾਂ ਦੀ ਮੀਟ ਲਈ ਵਿਕਰੀ ਹੁੰਦੀ ਹੈ। ਇਸ ਮਾਰਕੀਟ ਦੀ ਇਕ ਛੋਟੀ ਵਪਾਰੀ Wei Guixian ਜੋ ਕਿ 57 ਸਾਲ ਦੀ ਹੈ, ਆਪਣੇ ਆਪ ਨੂੰ ਬਿਮਾਰ ਮਹਿਸੂਸ ਕਰਦੀ ਹੈ। ਉਹ Simple Cold ਨਾਲ ਪੀੜਿਤ ਹੋਈ ਮੰਨੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਉਹ ਲੋਕਲ ਡਾਕਟਰ ਕੋਲ ਇਸ ਦੀ ਮੁੱਢਲੀ ਦਵਾਈ ਲੈ ਕੇ ਵਾਪਸ ਕੰਮ ਤੇ ਪਰਤ ਆਉਂਦੀ ਹੈ। https://www.wsj.com
16 ਦਸੰਬਰ- ਇਸ ਦੌਰਾਨ ਉਹ ਇਸ ਨੂੰ ਸਾਧਾਰਨ ਬੀਮਾਰੀ ਸਮਝ ਕੇ ਇਲਾਜ ਕਰਵਾਉਂਦੀ ਰਹਿੰਦੀ ਹੈ, ਪਰ ਉਸਦੀ ਹਾਲਤ ਅਸਥਿਰ ਹੋਈ ਜਾਂਦੀ ਹੈ। ਆਖ਼ਰਕਾਰ ਉਸ ਨੂੰ ਸਥਾਨਿਕ ਹਸਪਤਾਲ ਵਿੱਚ ਦਾਖ਼ਲ ਕਰਾਇਆ ਜਾਂਦਾ ਹੈ। ਉਹ ਪੂਰੀ ਤਰ੍ਹਾ ਉਸ ਬੀਮਾਰੀ ਨਾਲ ਗ੍ਰਸਤ ਹੋ ਜਾਂਦੀ ਹੈ। ਉਸਦੇ ਦੋਵੇਂ ਫੇਫੜੇ ਵਾਇਰਸ ਨਾਲ ਪ੍ਰਭਾਵਿਤ ਹੋ ਚੁੱਕੇ ਸਨ ਤੇ ਐਂਟੀ ਫਲੂ ਡਰੱਗ ਉਸ ਤੇ ਕੋਈ ਅਸਰ ਨਹੀਂ ਕਰ ਰਹੀ ਸੀ। https://www.wsj.com
26 ਦਸੰਬਰ- ਇਸ ਅਰਸੇ ਦੌਰਾਨ ਹੋਰ ਵੀ ਬਹੁਤ ਸਾਰੇ ਅਜਿਹੇ ਲੱਛਣਾਂ ਵਾਲੇ ਕੇਸ ਵੁਹਾਨ ਸ਼ਹਿਰ ਦੇ ਡਾਕਟਰਾਂ ਕੋਲ ਆਉਣੇ ਸ਼ੁਰੂ ਹੋ ਜਾਂਦੇ ਹਨ। ਲੈਬ ਮਾਹਿਰਾਂ ਅਨੁਸਾਰ ਇਸ ਨਵੇਂ ਵਾਇਰਸ ਦੇ ਲੱਛਣ 2003 ਵਿੱਚ ਪ੍ਰਗਟ ਹੋਏ SARS- Corona ਨਾਲ 87 ਪ੍ਰਤੀਸ਼ਤ ਮਿਲਦੇ ਸਨ। ਇਸ ਬਾਰੇ ਉਸ ਦਿਨ ਹੀ ਚਾਈਨਜ ਨਿਊਜ ਸਾਈਟਸ ਤੇ ਜਾਣਕਾਰੀ ਪੋਸਟ ਹੋ ਜਾਂਦੀ ਹੈ।
https://www.washingtonpost.com
27 ਦਸੰਬਰ- ਜਦੋਂ ਕੋਈ ਨਵਾਂ ਵਾਇਰਸ ਆਉਂਦਾ ਹੈ ਤਾਂ ਉਸਦੀ ਪਹਿਚਾਣ ਕਰਦਿਆਂ, ਨਾਮ ਰੱਖਦਿਆਂ, ਕਿੱਟ ਬਣਾਉਂਦਿਆਂ ਅਤੇ ਟੈਸਟ ਦੀ ਗੁਣਵੱਤਾ ਲਈ ਮਿਆਰ ਨਿਰਧਾਰਿਤ ਕਰਦਿਆਂ ਸਮਾਂ ਲੱਗਦਾ ਹੈ। ਇਸ ਕਾਰਜ ਨੂੰ ਫ਼ਾਈਨਲ ਕਰਦਿਆਂ ਇਕ ਪ੍ਰੋਟੋਕਾਲ ਵੀ ਫਾਲੋ ਕੀਤਾ ਜਾਂਦਾ ਹੈ। ਇਸ ਸੰਭਾਵਿਤ ਨਵੇਂ ਵਾਇਰਸ ਬਾਰੇ ਲੈਬ ਰਿਜ਼ਲਟ, ਕੇਸ ਹਿਸਟਰੀ ਅਤੇ ਤਸਵੀਰਾਂ ਲੈ ਕੇ ਵੁਹਾਨ ਦੇ ਲੈਬ ਐਗਜੈਕਟਿਵ Wuhan Health Officials ਨੂੰ ਮਿਲਦੇ ਹਨ। ਅਜੇ ਇਸ ਵਾਇਰਸ ਦੀ ਪਹਿਚਾਣ ਲਈ ਲੈਬਾਂ ਵਿੱਚ ਲੋੜੀਂਦੀ ਟੈਸਟ ਕਿੱਟ ਤਾਂ ਕੀ ਹੋਣੀ ਸੀ, ਇਸ ਬੀਮਾਰੀ ਦਾ ਨਾਮ ਵੀ ਅਜੇ ਦੁਨੀਆਂ ਨੇ ਸੁਣਿਆ ਨਹੀਂ ਸੀ। ਚੱਲਦਾ........
https://www.washingtonpost.com/world/2020/02/01/early-missteps-state-secrecy-china-likely-allowed-coronavirus-spread-farther-faster/
ਨੋਵਲ-ਕਰੋਨਾ ਦੇ ਉਥਾਨ ਬਾਰੇ ਇਹ ਤਾਂ ਸਪੱਸ਼ਟ ਹੈ ਕਿ ਇਹ ਕਰੋਨਾ ਜਾਤੀ ਦਾ ਹੀ ਵਾਇਰਸ ਹੈ ਜੋ ਕਿ ਬਿਲਕੁਲ ਨਵਾਂ ਹੈ। ਇਸ ਸਮੇਂ ਇਸ ਵਿਗਿਆਨਕ ਸਵਾਲ ਨੂੰ ਕੁੱਝ ਵਿਗਿਆਨੀਆਂ ਨੇ ਵੀ ਉਲਝਾ ਦਿੱਤਾ ਹੈ, ਇਸ ਦਾ ਕਾਰਨ ਰਾਜਨੀਤਕ ਵੀ ਹੈ ਤੇ ਨਵੀਂ ਬਹਿਸ ਨੂੰ ਜਨਮ ਦੇਣਾ ਵੀ ਹੈ। ਜਦੋਂ ਤੱਕ ਵਾਇਰਸ ਸਿਰਫ਼ ਚੀਨ ਤੱਕ ਸੀਮਤ ਸੀ, ਕੋਈ ਅਜਿਹਾ ਸਵਾਲ ਨਹੀਂ ਉੱਠਿਆ ਕਿ ਚੀਨ ਨੇ ਇਹ ਵਾਇਰਸ ਲੈਬ ਵਿੱਚ ਪੈਦਾ ਕੀਤਾ ਹੈ। ਜਿਉਂ ਹੀ ਇਹ ਬਾਹਰ ਪੈਰ ਪਸਾਰਦਾ ਹੈ ਤਾਂ ਉਸ ਦਿਨ ਤੋਂ ਹੀ ਐਂਟੀ ਕਮਿਊਨਿਸਟ ਸੋਚ, ਐਂਟੀ ਚਾਈਨਜ ਮੁਹਿੰਮ ਸਰਗਰਮ ਹੋ ਜਾਂਦੀ ਹੈ। ਪਹਿਲਾਂ ਸਵਾਲ ਉੱਠਦਾ ਹੈ ਕੀ ਚੀਨ ਨੇ ਇਹ ਵਾਇਰਸ ਜੈਵਿਕ ਯੁੱਧ ਦੇ ਹਥਿਆਰ ਵਜੋਂ ਇਜਾਦ ਕੀਤਾ ਹੈ ?
ਸਭ ਤੋਂ ਪਹਿਲਾਂ ਅਮਰੀਕੀ ਸਿਆਸਤਦਾਨ ‘ਟਾਮ ਕੋਟਨ’ ਨੇ ਇਸ ਨੂੰ ਚੀਨ ਦੀ ਸਾਜਿਸ਼ ਕਿਹਾ ਉਹਨੇ ਕਿਹਾ ਕਿ ਚੀਨ ਕੋਲ BSL- 4 ਲੈਬ ਵੁਹਾਨ ਸ਼ਹਿਰ ਵਿੱਚ ਹੈ, ਇਸ ਕਰਕੇ ਇਹ ਸੰਭਾਵਨਾ ਹੈ ਕਿ ਇਹ ਵਾਇਰਸ ਇੱਥੋਂ ਹੀ ਲੀਕ ਹੋਇਆ ਹੈ। ਸ਼ੋਸਲ ਮੀਡੀਆ ਤੇ ਨਿਰਭਰ ਲੋਕਾਂ ਨੇ ਚੀਨ ਨੂੰ ਖਲਨਾਇਕ ਮੰਨਦੇ ਹੋਏ ਇਸ ਦਾ ਦੋਸ਼ੀ ਚੀਨ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਇਹ ਬੇਸਿਰਾ ਬਿਆਨ ਪੂਰੀ ਤਰ੍ਹਾਂ ਰਾਜਨੀਤਕ ਅਤੇ ਐਂਟੀ ਡਰੈਗਨ ਪਾਲਸੀ ਦਾ ਹਿੱਸਾ ਸੀ। ਇਸ ਦੇ ਜੁਆਬ ਵਿੱਚ ਚੀਨ ਵੱਲੋਂ ਸਿਆਸਤਦਾਨ ‘ਲੂਜ਼ੀਅਨ ਜ਼ੂ’ ਨੇ ਇਸ ਨੂੰ ਅਮਰੀਕਾ ਦਾ ਚੀਨ ਤੇ ਜੈਵਿਕ ਹਮਲਾ ਐਲਾਨ ਦਿੱਤਾ, ਉਹ ਵੀ ਸ਼ੋਸਲ ਮੀਡੀਆ ਅਤੇ ਲੋਅਗ੍ਰੇਡ ਪੱਤਰਕਾਰੀ ਦੇ ਹੱਥੇ ਚੜ ਗਿਆ। ਨਾ ਤਾਂ ਇਹ ਅਮਰੀਕਾ ਦਾ ਜੈਵਿਕ ਹਮਲਾ ਸੀ ਤੇ ਨਾ ਹੀ BSL-4 ਤੋਂ ਲੀਕ ਹੋਇਆ ਵਾਇਰਸ। ਜਿਹੜੇ ਦੋਸਤ ਸਾਇੰਸ ਦੇ ਵਿਦਿਆਰਥੀ ਹਨ, ਉਹ ਜਾਣਦੇ ਹਨ ਕਿ ਜੋ ਚੀਨ ਦੀ ਸਭ ਤੋਂ ਵੱਡੀ ਇਸ ਪੱਧਰ ਦੀ ਲੈਬ ਵਿੱਚ ਹੈ, ਉੱਥੇ ਹਵਾ ਦੀ ਮਿਕਦਾਰ, ਨਮੀ ਅਤੇ ਤਾਪਮਾਨ ਵਿੱਚ ਜ਼ਰਾ ਜਿੰਨਾ ਫਰਕ ਵੀ ਮਾਪਿਆ ਜਾਂਦਾ ਹੈ। ਕੀ ਵਾਇਰਸ ਕੋਈ ਗੈਸ ਹੈ ? ਜੋ ਲੀਕ ਹੋ ਕੇ ਫੈਲ ਸਕਦੀ ਹੈ। ਕੀ ਵਾਇਰਸ ਇਵੇਂ ਜੰਮਦੇ ਹਨ ? ਪਰ ਬਹੁਤੇ ਲੋਕ ‘ਵਾਇਰਸ’ ਅਤੇ ‘ਵਾਇਰਲ’ ਸ਼ਬਦ ਇੱਕੋ ਜਿਹਾ ਸਮਝਦੇ ਹੋਏ ਇਸ ਥਿਊਰੀ ਨੂੰ ਇਸ ਦਾ ਆਧਾਰ ਮੰਨ ਬੈਠੇ, ਜੋ ਕਿ ਕੋਰਾ ਝੂਠ ਹੈ। 27 ਤਰੀਕ ਦੀ ਵਿਸ਼ੇਸ਼ ਮੀਟਿੰਗ ਵਿੱਚ ਹੀ ਇਹ ਗੱਲ ਸਾਹਮਣੇ ਆ ਚੁੱਕੀ ਸੀ ਕਿ ਸਾਰਸ ਕਰੋਨਾ ਵਾਇਰਸ ਦੇ ਇਲਾਜ ਲਈ ਵਰਤੀ ਜਾਂਦੀ ਐਂਟੀ ਫਲੂ ਦਵਾਈ ਇਨ੍ਹਾਂ ਮਰੀਜ਼ਾਂ ਤੇ ਅਸਰ ਨਹੀਂ ਕਰ ਰਹੀ। ਬਾਕੀ ਲੈਬ ਮਾਹਿਰਾਂ ਦੇ ਸੁਝਾਅ ਅਤੇ ਕੇਸ ਹਿਸਟਰੀਆਂ ਪੜ ਕੇ ਸਰਕਾਰੀ ਹੈਲਥ ਅਫਸਰ ਇਸ ਨਤੀਜੇ ਤੇ ਪਹੁੰਚ ਗਏ ਸਨ ਕਿ ਇਹ ਕੋਈ ਨਵਾਂ ਵਾਇਰਸ ਹੋ ਸਕਦਾ ਹੈ। ਆਓ ਅੱਗੇ ਤੁਰਦੇ ਹਾਂ:-
30 ਦਸੰਬਰ- ਵੁਹਾਨ ਸੈਂਟਰਲ ਹਸਪਤਾਲ ਦੀ ਟਾਪ ਡਾਇਰੈਕਟਰ Ai Fen ਨੇ ਉਸ ਵਿਚਾਰ ਚਰਚਾ ਦੇ ਅਨੁਸਾਰ ਹੀ We Chat ਨਾਮ ਦੇ ਸ਼ੋਸਲ ਮੀਡੀਆ ਤੇ ਇਸ ਬਾਰੇ ਜਾਣਕਾਰੀ ਪੋਸਟ ਕੀਤੀ ਕਿ ਕੋਈ ਨਵਾਂ ਵਾਇਰਸ ਫੈਲ ਰਿਹਾ ਹੈ। ਉਸ ਨੂੰ ਚੀਨ ਦੇ ਅਧਿਕਾਰੀਆਂ ਵੱਲੋਂ ਕਾਫ਼ੀ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਗਈ ਅਤੇ ਉਸ ਨੂੰ ਹਦਾਇਤ ਦਿੱਤੀ ਗਈ ਕਿ ਅੱਗੇ ਤੋਂ ਅਜਿਹੀ ਜਾਣਕਾਰੀ ਜਨਤਕ ਨਹੀਂ ਕਰਨੀ।
https://www.theguardian.com/world/2020/mar/11/coronavirus-wuhan-doctor-ai-fen-speaks-out-against-authorities
30 ਦਸੰਬਰ- ਇਸ ਤਰ੍ਹਾਂ ਦੀ ਇਕ ਪੋਸਟ ਵੁਹਾਨ ਦੇ ਡਾ Li Wenliang ਨੇ We Chat ਦੇ ਮਾਧਿਅਮ ਰਾਹੀਂ medical school alumni ਵਿੱਚ ਸ਼ੇਅਰ ਕਰ ਦਿੱਤੀ ਕਿ ਕੋਈ ਨਵਾਂ ਵਾਇਰਸ ਆਇਆ ਹੈ ਜੋ ਕਿ SARS Corona ਵਰਗਾ ਹੀ ਹੈ। He post snippet of an RNA analysis, ਜੋ ਅੱਗੇ ਸ਼ੇਅਰ ਹੋ ਗਈ। ਉਸ ਦੀ ਵੀ ਉੱਚ ਅਧਿਕਾਰੀਆਂ ਵੱਲੋਂ ਇਸ ਤਰਾਂ ਹੀ ਜਵਾਬ-ਤਲਬੀ ਕੀਤੀ ਗਈ, ਉਸ ਨੂੰ ਪੁੱਛ-ਗਿੱਛ ਲਈ ਬੁਲਾਇਆ ਗਿਆ।
https://www.washingtonpost.com/world/2020/02/01/early-missteps-state-secrecy-china-likely-allowed-coronavirus-spread-farther-faster/
30 ਦਸੰਬਰ- ਇਸ ਅਣ ਅਧਿਕਾਰਤ ਸ਼ੋਸਲ ਮੀਡੀਆ ਵਿਚਾਰ ਚਰਚਾ ਜੋ ਕਿ ਮੈਡੀਕਲ ਸੇਵਾਵਾਂ ਦਾ ਪ੍ਰੋਟੋਕਾਲ ਤੋੜਣ ਵਾਲੀ ਸੀ, ਇਸ ਦੀ ਆਗਿਆ ਅਮਰੀਕਾ/ਕਨੇਡਾ/ਆਸਟਰੇਲੀਆ- ਗੱਲ ਕੀ ਵਿਸ਼ਵ ਦੇ ਕਿਸੇ ਵੀ ਦੇਸ਼ ਵਿੱਚ ਨਹੀਂ ਹੈ। ਇਸ ਕਰਕੇ ਵੁਹਾਨ ਦੇ ਹੈਲਥ ਅਧਿਕਾਰੀ ਹਰਕਤ ਵਿੱਚ ਆਏ ਅਤੇ ਉਨ੍ਹਾਂ ਨੇ ਸਾਰੇ ਹਸਪਤਾਲਾਂ ਨੂੰ ਆਡਰ ਦਿੱਤੇ ਕਿ ਅਗਰ ਤਹਾਨੂੰ ਲੱਗਦਾ ਹੈ ਕਿ ਕੋਈ ਵੱਖਰੀ ਬੀਮਾਰੀ ਹੈ ਤਾਂ ਤੁਸੀਂ ਕਹਿ ਸਕਦੇ ਹੋ “pneumonia of unclear cause” — but omitted any mention of SARS or a coronavirus”
https://www.washingtonpost.com/world/2020/02/01/early-missteps-state-secrecy-china-likely-allowed-coronavirus-spread-farther-faster/
31 ਦਸੰਬਰ- ਤੀਹ ਦਸੰਬਰ ਦੀ ਸ਼ਾਮ ਤੱਕ 27 ਕੇਸ ਇਸ ਤਰਾਂ ਦੇ ਕਨਫਰਮਿਡ ਹੋ ਚੁੱਕੇ ਸਨ, ਜੋ ਹਸਪਤਾਲਾਂ ਵਿੱਚ ਸਨ। ਇਹ ਸਾਰੇ ਕੇਸ ਵੁਹਾਨ ਦੀ Seafood Market ਨਾਲ ਸਿੱਧੇ-ਅਸਿੱਧੇ ਰੂਪ ਵਿੱਚ ਜੁੜੇ ਹੋਏ ਸਨ। ਇਨ੍ਹਾਂ 27 ਮਰੀਜ਼ਾਂ ਦੀ ਰਿਪੋਰਟ ਪਹਿਲੀ ਅਧਿਕਾਰਤ ਰਿਪੋਰਟ ਸੀ। ਪਰ ਹੋ ਸਕਦਾ ਹਜ਼ਾਰਾਂ ਕੇਸ ਅਜੇ ਬਾਹਰ ਤੁਰੇ ਫਿਰਦੇ ਸਨ ਜੋ ਹਸਪਤਾਲ ਦਾਖਲ ਹੀ ਨਹੀਂ ਹੋਏ ਜਾਂ ਜਿਨ੍ਹਾਂ ਵਿੱਚ ਕੋਈ ਸ਼ੁਰੂਆਤੀ ਲੱਛਣ ਬਹੁਤ ਘੁੱਟ ਜਾ ਬਿਲਕੁਲ ਨਹੀਂ ਸਨ।
31 ਦਸੰਬਰ- ਇਕੱਤੀ ਦਸੰਬਰ ਨੂੰ ਚਾਈਨਜ ਹੈਲਥ ਵਿਭਾਗ ਨੇ ਚੀਨ ਵਿੱਚ ਮੌਜੂਦ WHO ਦੇ ਦਫਤਰ ਵਿੱਚ ਇਹ ਜਾਣਕਾਰੀ ਭੇਜ ਦਿੱਤੀ ਕਿ ਸਾਡੇ ਵੁਹਾਨ ਸ਼ਹਿਰ ਵਿੱਚ ਨਿਮੂਨੀਏ ਵਰਗੀ ਇਕ ਨਵੀਂ ਬੀਮਾਰੀ ਫੈਲ ਰਹੀ ਹੈ। WHO ਦੇ ਦਫਤਰ ਵੱਲੋਂ ਇਸ ਬੀਮਾਰੀ ਦੇ ਲੱਛਣਾਂ ਅਤੇ ਪ੍ਰਭਾਵ ਆਦਿ ਬਾਰੇ ਇਕ ਪ੍ਰਸ਼ਨਾਵਲੀ ਅਤੇ ਮਦਦ ਦੀ ਈਮੇਲ ਉਨ੍ਹਾ ਨੂੰ ਕਰ ਦਿੱਤੀ ਗਈ।
31 ਦਸੰਬਰ- ਅਜੇ ਤੱਕ ਇਸ ਬੀਮਾਰੀ ਦਾ ਕੋਈ ਨਾਮਕਰਣ ਨਹੀਂ ਹੋਇਆ ਸੀ ਤੇ ਨਾ ਹੀ ਇਸ ਦੇ ਟੈਸਟ ਲਈ ਕੋਈ ਨਿਰਧਾਰਿਤ ਬਲੱਡ ਟੈਸਟ ਕਿੱਟ ਬਣੀ ਸੀ। ਇਸ ਵੇਲੇ ਆਪਣੇ ਤੌਰ ਤੇ ਕੁੱਝ ਵਿਗਿਆਨੀਆਂ ਅਤੇ ਡਾਕਟਰਾਂ ਨੇ ਕਿਆਸ ਅਰਾਈਆਂ ਨਾਲ ਮਾਹੌਲ ਹੋਰ ਨਾਜ਼ੁਕ ਕਰ ਦਿੱਤਾ। ਅਜੇ ਤੱਕ ਕਰੋਨਾ ਵਾਇਰਸ ਨਾਲ ਨਾ ਕੋਈ ਮੌਤ ਹੋਈ ਸੀ ਤੇ ਨਾ ਹੀ ਇਸ ਦੇ ਮਹਾਂਮਾਰੀ ਬਣਨ ਦਾ ਕੋਈ ਅੰਦੇਸ਼ਾ ਸੀ।
ਕਰੋਨਾ ਵਾਇਰਸ ਦੇ ਚੀਨ ਤੋਂ ਬਾਹਰ ਫੈਲਦਿਆਂ ਹੀ ਇਸ ਗੱਲ ਨੂੰ ਹਵਾ ਦੇਣੀ ਸ਼ੁਰੂ ਹੋ ਗਈ ਸੀ ਕਿ ਚੀਨ ਨੇ ਇਸ ਵਾਇਰਸ ਦੀ ਜਾਣਕਾਰੀ ਸ਼ੁਰੂਆਤੀ ਦੌਰ ਵਿੱਚ ਵਿਸ਼ਵ ਤੋਂ ਲੁਕਾ ਕੇ ਰੱਖੀ ਹੈ। ਪਿਛਲੀਆਂ ਦੋਵਾਂ ਪੋਸਟਾਂ ਤੋਂ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਜਦੋਂ ਸਿਰਫ ਅਜੇ 27 ਕੇਸਾਂ ਵਿੱਚ ਬਲੱਡ ਟੈਸਟ ਹੋਏ ਸਨ, ਉਦੋਂ ਹੀ ਇਸ ਨਾਮ ਨਿਹਾਦ ਵਾਇਰਸ ਦੀ ਪਹਿਲੀ ਜਾਣਕਾਰੀ ਚੀਨ ਵਿੱਚ ਮੌਜੂਦ WHO ਦੇ ਦਫ਼ਤਰ ਵਿੱਚ ਪਹੁੰਚ ਚੁੱਕੀ ਸੀ। ਨਿਸ਼ਚੈ ਹੀ ਉਹ ਜਾਣਕਾਰੀ WHO ਦੇ ਸਵਿਜ਼ਟਰਲੈਂਡ ਦੇ ਸ਼ਹਿਰ ਜਨੇਵਾ ਵਿਖੇ ਸਥਿਤ ਮੁੱਖ ਦਫ਼ਤਰ ਪਹੁੰਚ ਗਈ ਹੋਵੇਗੀ। WHO ਦੇ 149 ਦੇਸ਼ਾਂ ਵਿੱਚ ਦਫਤਰ ਹਨ ਤੇ ਸਾਰੇ ਆਪਸ ਵਿੱਚ ਜੁੜੇ ਹਨ, ਇਸ ਕਰਕੇ ਇਸ ਤੋਂ ਅਗਲੀ ਹਰ ਜਾਣਕਾਰੀ/ਅੰਕੜੇ ਅਤੇ ਦਿਸ਼ਾ ਨਿਰਦੇਸ਼ ਵਿਸ਼ਵ ਪੱਧਰ ਤੇ ਜਨਤਕ ਕਰਨੇ WHO ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਇਸ ਤੋਂ ਅਗਲਾ ਮੁੱਖ ਨੁਕਤਾ ਚੀਨ ਬਾਰੇ ਹੀ ਹੈ ਕਿ ਚਾਈਨਾ ਨੇ ਉਨ੍ਹਾਂ ਡਾਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਮੁੱਢਲੇ ਦੌਰ ਵਿੱਚ ਨਵੇਂ ਕਰੋਨਾ ਵਾਇਰਸ ਬਾਰੇ ਸ਼ੋਸਲ ਮੀਡੀਆ ਤੇ ਲਿਖਦੇ ਸਨ। ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੀਮਾਰੀ ਬਾਰੇ ਖੋਜ ਚਕਿਤਸਾ ਮਾਹਿਰ ਕਰਦੇ ਹਨ ਨਾ ਕਿ ਕਲੀਨਿਕ ਵਿੱਚ ਮਰੀਜ਼ ਵੇਖਣ ਵਾਲੇ ਡਾਕਟਰ। ਪੱਛਮ ਵਿੱਚ ਅਸੀਂ G P ਕੋਲ ਜਾਂਦੇ ਹਾਂ, ਜਿਸ ਨੂੰ General Practitioner ਕਹਿੰਦੇ ਹਾਂ। ਉਸ ਕੋਲ ਬਲੱਡ ਪਰੈਸ਼ਰ ਨਾਪਣ ਦਾ ਯੰਤਰ, ਥਰਮਾਮੀਟਰ, ਸਥੈਥੋਂ ਸਕੋਪ, ਭਾਰ ਤੋਲਣ ਵਾਲੀ ਮਸ਼ੀਨ ਆਦਿ ਉਪਕਰਨ ਹੁੰਦੇ ਹਨ। ਕੀ ਇਨ੍ਹਾਂ ਨਾਲ ਕਿਸੇ ਵਾਇਰਸ ਦੀ ਖੋਜ ਹੋ ਸਕਦੀ ਹੈ ? ਇਕ MBBS ਡਾਕਟਰ ਕੋਈ ਵੀ ਬਲੱਡ ਟੈਸਟ ਨਹੀਂ ਕਰ ਸਕਦਾ, ਬਲਕਿ ਲੈਬੋਟਰੀ ਵਿੱਚ ਟੈਸਟ ਕਰਾਉਣ ਲਈ ਲੈਟਰ ਲਿਖਦਾ ਹੈ ਜਾਂ ਈਮੇਲ ਕਰ ਸਕਦਾ ਹੈ।
ਹੁਣ ਆਪਾਂ ਮੁੱਖ ਵਿਅਕਤੀ Dr Li Wenliang ਦੀ ਗੱਲ ਕਰਦੇ ਹਾਂ। ਉਸ ਦੀ ਬਾਅਦ ਵਿੱਚ ਕਰੋਨਾ ਦਾ ਇਲਾਜ ਕਰਦਿਆਂ ਮੌਤ ਵੀ ਹੁੰਦੀ ਹੈ। ਡਾਕਟਰ ਲੀ ਇਕ ophthalmologist ਹੈ। ਜੋ ਡਾਕਟਰੀ ਕਿੱਤੇ ਨਾਲ ਸੰਬੰਧ ਰੱਖਦੇ ਹਨ ਜਾਂ ਇਸ ਖੇਤਰ ਦੇ ਮਰੀਜ਼ ਰਹੇ ਹਨ ਉਹ ਜਾਣਦੇ ਹਨ ਇਹ ਸਪੈਸ਼ਲਿਸਟ ਹੈ “A specialist in the branch of medicine concerned with the study and treatment of disorders and diseases of the eye” ਕੀ ਨਵੀਂ ਬੀਮਾਰੀ ਦੀ ਖੋਜ ਇਹ ਸਪੈਸ਼ਲਿਸਟ ਕਰ ਸਕਦਾ ਹੈ ? ਡਾਕਟਰ ਲੀ ਤਾਂ ਲੈਬ ਮਾਹਿਰ ਵੀ ਨਹੀਂ ਹੈ। ਕੋਈ ਬੁੱਧੀਮਾਨ ਡਾਕਟਰ ਵੱਧ ਤੋਂ ਵੱਧ ਲੱਛਣਾਂ ਬਾਰੇ ਵੇਰਵਾ ਲਿਖ ਸਕਦਾ ਹੈ ਜਾਂ ਲੈਬ ਦੇ ਟੈਸਟ ਪੜ ਕੇ ਕੋਈ ਨਾ ਕੋਈ ਨਵੀਂ ਰਾਇ ਬਣਾ ਸਕਦਾ ਹੈ। ਡਾਕਟਰ ਲੀ ਸਮੇਤ 8 ਹੋਰ ਲੋਕ ਜੋ ਵੁਹਾਨ ਦੀਆਂ ਸਿਹਤ ਸੇਵਾਵਾਂ ਨਾਲ ਜੁੜੇ ਸਨ, ਗ੍ਰਿਫ਼ਤਾਰ ਕੀਤੇ ਗਏ। ਹਰ ਸੰਸਥਾ ਹਰ ਵਿਭਾਗ ਦਾ ਇਕ ਪ੍ਰੋਟੋਕਾਲ ਹੁੰਦਾ ਹੈ। ਇਕ ਨਵੀਂ ਬੀਮਾਰੀ ਨੂੰ ਨਾਮ ਦੇਣਾ, ਲੱਛਣਾਂ ਅਤੇ ਸਾਵਧਾਨੀਆਂ ਬਾਰੇ ਐਡਵਾਇਜਰੀ ਜਾਰੀ ਕਰਨੀ ਕਿਸੇ ਡਾਕਟਰ ਤਾਂ ਕੀ ਸਿਹਤ ਵਿਭਾਗ ਦੇ ਅਧਿਕਾਰ ਖੇਤਰ ਵਿੱਚ ਵੀ ਨਹੀਂ ਹੈ। ਇਸ ਲਈ ਅੰਤਰ-ਰਾਸ਼ਟਰੀ ਪੱਧਰ ਤੇ ਇਕ ਪੈਨਲ ਕੰਮ ਕਰਦਾ ਹੈ। ਫਿਰ ਪੂਰੀ ਖੋਜਬੀਣ ਤੋਂ ਬਾਅਦ ਬੀਮਾਰੀ ਦਾ ਨਾਮ ਰੱਖਿਆ ਜਾਂਦਾ ਹੈ ਅਤੇ ਇਸ ਬਾਰੇ ਐਡਵਾਈਜਰੀ ਜਾਰੀ ਹੁੰਦੀ ਹੈ। ਆਓ 1 ਜਨਵਰੀ ਤੋਂ ਅੱਗੇ ਤੁਰਦੇ ਹਾਂ:-
1 ਜਨਵਰੀ- ਨਵੇਂ ਸਾਲ ਦੇ ਪਹਿਲੇ ਦਿਨ ਹੀ ਵੁਹਾਨ ਸ਼ਹਿਰ ਦੇ Public Security Board ਵੱਲੋਂ 8 ਵਿਅਕਤੀਆਂ ਖਿਲਾਫ ਸੰਮਨ ਜਾਰੀ ਹੁੰਦੇ ਹਨ। ਜਿਨ੍ਹਾਂ ਵਿੱਚ Dr Li Wenliang, ਵੁਹਾਨ ਸੈਂਟਰਲ ਹਸਪਤਾਲ ਦੀ ਸੀਨੀਅਰ ਡਾਇਰੈਕਟਰ Ai Fen ਪ੍ਰਮੁੱਖ ਹਨ। ਇਨ੍ਹਾਂ ਨੂੰ ਵਿਭਾਗੀ ਸੂਚਨਾ ਨੂੰ ਬਿਨਾ ਪੁੱਛੇ ਜਨਤਕ ਕਰਨ ਕਰਕੇ ਹੀ ਨਹੀਂ, ਸਗੋਂ Rumour ਫੈਲਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਜਾਂਦਾ ਹੈ। ਇਹ Xinwen Lianbo ਇਕ newscast ਵਿੱਚ ਦੱਸਿਆ ਜਾਂਦਾ ਹੈ। ਇਹ ਕੋਈ ਗੁਪਤ ਗ੍ਰਿਫ਼ਤਾਰੀ ਨਹੀਂ ਹੈ। ਬਾਅਦ ਵਿੱਚ ਕੌਮੀ ਨਿਊਜ ਏਜੰਸੀ Xinhua News Agency ਤੇ ਵੀ ਦੱਸਿਆ ਜਾਂਦਾ ਹੈ। ਇਹ ਕੋਈ ਇਸ ਤਰਾਂ ਦੀ ਗ੍ਰਿਫ਼ਤਾਰੀ ਨਹੀਂ ਸੀ ਜਿਵੇਂ ਪੰਜਾਬ ਵਿੱਚ ਮਾਨਵੀ ਅਧਿਕਾਰਾਂ ਦੇ ਐਕਟੀਵਿਸਟ ਜਸਵੰਤ ਸਿੰਘ ਖਾਲੜਾ ਜਾਂ ਅਜਿਹੇ ਹਜ਼ਾਰਾਂ ਲੋਕ ਚੋਰੀ ਛਿਪੇ ਗ੍ਰਿਫ਼ਤਾਰ ਕਰਕੇ ਮਾਰ ਦਿੱਤੇ ਗਏ ਸਨ।
2 ਜਨਵਰੀ- ਇਨ੍ਹਾਂ ਡਾਕਟਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਰਕਾਰ ਇਸ ਬਾਰੇ ਜਾਣਕਾਰੀ ਜਨਤਕ ਕਰਨੀ, ਇਸ ਕਰਕੇ ਨਹੀਂ ਰੋਕ ਰਹੀ ਕਿ ਉਹ ਰੋਗ ਫੈਲਾਉਣਾ ਚਹੁੰਦੇ ਸਨ। ਅਸਲ ਵਿੱਚ ਅਜੇ ਵਾਇਰਸ ਬਾਰੇ ਪੂਰੀ ਤਰਾਂ ਲੈਬ ਮਾਹਿਰ ਇਕ ਰਾਇ ਨਹੀਂ ਬਣਾ ਸਕਦੇ ਸਨ ਤੇ ਇਸ ਤਰਾਂ ਪਬਲਿਕ ਵਿੱਚ ਅਫ਼ਵਾਹਾਂ ਦਾ ਫੈਲਣਾ ਸਮਾਜ ਵਿੱਚ ਮਾਨਸਿਕ ਤਨਾਅ ਵੀ ਪੈਦਾ ਕਰਦਾ ਹੈ। ਇਸੇ ਹੀ ਸਮੇਂ ਵਿੱਚ ਚੀਨ ਦਾ ਨਿਯੁਕਤ ਕੀਤਾ Preliminary Assessment Panel ਵਾਇਰਸ ਨੂੰ ਮਾਈਕਰੋਸਕੋਪ ਰਾਹੀਂ ਇਸ ਵਾਇਰਸ ਨੂੰ ਆਈਸੋਲੇਟ ਕਰਕੇ ਇਸਦੇ Crown ਵਰਗੇ ਆਕਾਰ ਤੋਂ ਇਸ ਨੂੰ Corona ਪਰਿਵਾਰ ਵਿੱਚੋਂ ਹੋਣ ਬਾਰੇ ਜਾਣ ਲੈਂਦਾ ਹੈ। ਪਰ ਇਸ ਦਾ ਸਾਰਸ ਅਤੇ ਮਰਸ ਨਾਲ਼ੋਂ ਫਰਕ ਵੀ ਨੋਟਿਸ ਵਿੱਚ ਆਉਂਦਾ ਹੈ। ਅਜੇ ਇਹ ਵਾਇਰਸ ਦੀ ਖੋਜ ਮੁੱਢਲਾ ਦੌਰ ਹੈ। ਜਿਵੇਂ ਮਲੇਰੀਏ ਦਾ ਟੈਸਟ ਪ੍ਰੈਗਨੈਂਸੀ ਕਿੱਟ ਤੇ ਨਹੀਂ ਹੋ ਸਕਦਾ, ਕਾਲੇ ਪੀਲੀਏ ਦਾ ਟੈਸਟ ਏਡਜ਼ ਦੀ ਕਿੱਟ ਤੇ ਨਹੀਂ ਹੋ ਸਕਦਾ। ਇਸੇ ਤਰ੍ਹਾਂ Cov-19 ਦਾ ਟੈਸਟ 100 ਪ੍ਰਤੀਸ਼ਤ ਸਹੀ ਰਿਜ਼ਲਟ ਲਈ ਉਸ ਲਈ ਬਣੀ ਕਿੱਟ ਤੇ ਹੀ ਸੰਭਵ ਹੈ। ਇਹ ਜਾਣਕਾਰੀ 9 ਜਨਵਰੀ ਤੱਕ ਜਨਤਕ ਨਹੀਂ ਕੀਤੀ ਜਾਂਦੀ। ਅਜੇ ਵੀ ਇਸ ਵਾਇਰਸ ਦਾ ਨਾਮ NOVEL Corona ਨਹੀਂ ਰੱਖਿਆ ਗਿਆ ਸੀ।
2 ਜਨਵਰੀ- ਇੱਥੇ ਇਹ ਜਾਣਕਾਰੀ ਮਿਲਦੀ ਹੈ ਕਿ ਵੁਹਾਨ ਵਿੱਚ Hubei Provincial Health Commission ਵੱਲੋਂ ਬਲੱਡ ਟੈਸਟ ਕਰਨ ਵਾਲ਼ੀਆਂ ਲੈਬਾਂ ਨੂੰ ਵੁਹਾਨ ਨਾਲ ਸੰਬੰਧਿਤ ਬੀਮਾਰ ਲੋਕਾਂ ਦੇ ਟੈਸਟਾਂ ਦੀਆਂ ਰਿਪੋਰਟਾਂ ਅੱਗੇ ਨਾ ਭੇਜਣ ਲਈ ਕਿਹਾ ਗਿਆ ( ਇਸ ਬਾਰੇ ਇਕ ਫ਼ੋਨ ਕਾਲ ਦਾ ਹਵਾਲਾ ਹੈ ) ਪੁਰਾਣੇ ਸੈਂਪਲ ਨਸ਼ਟ ਕਰਨ ਬਾਰੇ ਕਿਹਾ ਗਿਆ ਹੈ। ਕੀ ਫ਼ੋਨ ਤੇ ਐਨਾ ਵੱਡਾ ਆਡਰ ਦਿੱਤਾ ਜਾ ਸਕਦਾ ਹੈ ? ਕੀ ਪੁਰਾਣੇ ਬਲੱਡ ਸੈਂਪਲ ਟੈਸਟ ਤੋਂ ਬਾਅਦ ਸਾਂਭੇ ਜਾਂਦੇ ਹਨ ? ਬਾਕੀ ਟੈਸਟ ਕਿਸੇ ਇਕ ਲੈਬ ਵਿੱਚ ਨਹੀਂ, ਦਰਜਨਾਂ ਲੈਬਾਂ ਵਿੱਚ ਗਏ ਹੋਣਗੇ। ਕਾਗਜੀ ਰਿਕਾਰਡ ਰੱਖਣਾ ਤਾਂ ਜ਼ਰੂਰੀ ਹੈ, ਪਰ ਕੀ ਬਲੱਡ ਵੀ ਲੈਬ ਵਿੱਚ ਰਿਕਾਰਡ ਵਜੋਂ ਰੱਖਿਆ ਜਾਂਦਾ ਹੈ ? ਇਹ ਮੇਰੇ ਸਵਾਲ ਹਨ। ਇਸ ਬਾਰੇ ਇਕ ਹੀ ਲਿੰਕ ਤੋਂ ਜਾਣਕਾਰੀ ਮਿਲਦੀ ਹੈ। ਹੋਰ ਲਿੰਕ ਤੋਂ ਇਸ ਦੀ ਤਸਦੀਕ ਨਹੀਂ ਹੋ ਸਕੀ।
https://www.straitstimes.com/asia/east-asia/how-early-signs-of-the-coronavirus-were-spotted-spread-and-throttled-in-china
3 ਜਨਵਰੀ- ਕਰੋਨਾ ਵਾਇਰਸ ਬਾਰੇ WHO ਦੀ ਵੈਬਸਾਈਟ ਤੇ ਇਹ ਜਾਣਕਾਰੀ ਪਾਈ ਜਾਂਦੀ ਹੈ ਕਿ ਚੀਨ ਵਿੱਚ ਨਮੂਨੀਆ ਵਰਗੀ ਬੀਮਾਰੀ ਨਾਲ 44 ਬੰਦੇ ਪੀੜਿਤ ਹੋਏ ਹਨ। ਇਸ ਵਿੱਚ ਵੁਹਾਨ ਦੀ ਮਾਰਕੀਟ ਨਾਲ ਇਸਦੇ ਸੰਬੰਧ ਹੋਣ ਬਾਰੇ ਅਤੇ ਬਾਅਦ ਵਿੱਚ ਇਹ ਮਾਰਕੀਟ ਬੰਦ ਕਰਨ ਬਾਰੇ, ਸੈਨੀਟਾਈਜਰ ਕਰਨ ਬਾਰੇ ਵੀ ਜਾਣਕਾਰੀ ਮਿਲਦੀ ਹੈ। ਇੱਥੇ ਅਜੇ ਵੀ ਇਸ ਵਾਇਰਸ ਦਾ ਕੋਈ ਨਾਮ ਨਹੀਂ ਦੱਸਿਆ ਜਾਂਦਾ ਅਤੇ ਇਸਦੇ ਜਨਮ ਬਾਰੇ ਵੀ Unknown Cause ਸਿਰਲੇਖ ਵਿੱਚ ਜਾਣਕਾਰੀ ਮਿਲਦੀ ਹੈ। ਇਸ ਵਿੱਚ ਵੁਹਾਨ ਸ਼ਹਿਰ ਬਾਰੇ ਹੋਰ ਵੀ ਜਾਣਕਾਰੀ ਦਰਜ ਮਿਲਦੀ ਹੈ।
https://www.who.int/csr/don/05-january-2020-pneumonia-of-unkown-cause-china/en/
ਤਿੰਨ ਜਨਵਰੀ ਨੂੰ ਹੀ WHO ਇਸ ਨਵੇਂ ਵਾਇਰਸ ਤੋਂ ਦੁਨੀਆਂ ਨੂੰ ਜਾਣੂ ਕਰਵਾ ਦਿੰਦਾ ਹੈ। ਪਰ ਕਿਸੇ ਨਵੇਂ ਵਾਇਰਸ ਦਾ ਨਾਮ ਰੱਖਣ ਅਤੇ ਹੋਰ ਜਾਣਕਾਰੀ ਨੂੰ ਅੰਤਿਮ ਕਰਦਿਆਂ ਸਮਾਂ ਲੱਗਣਾ ਸੁਭਾਵਿਕ ਹੀ ਹੈ। ਇਸ ਤਰ੍ਹਾਂ ਹਰ ਨਵੀਂ ਬੀਮਾਰੀ ਜਾਂ ਵਾਇਰਸ ਦੀ ਪਹਿਚਾਣ ਕਰਦਿਆਂ ਹੁੰਦਾ ਆਇਆ ਹੈ।
ਵਾਇਰਸ ਦੀ ਪਹਿਚਾਣ, ਨਾਮ ਰੱਖਣ ਅਤੇ ਪੂਰੀ ਜਾਣਕਾਰੀ ਨੂੰ ਅੰਤਿਮ ਰੂਪ ਦੇਣ ਲਈ ਇਹ ਸਮਾਂ ਖੋਜ ਦਾ ਹੈ। ਇਸ ਸਮੇਂ ਤੱਕ ਇਸ ਵਾਇਰਸ ਦਾ ਪ੍ਰਭਾਵ ਖੇਤਰ ਵੀ ਵੁਹਾਨ ਸ਼ਹਿਰ ਹੀ ਹੈ, ਇਸ ਕਰਕੇ ਪੂਰੀ ਰਿਪੋਰਟ ਵੁਹਾਨ ਸ਼ਹਿਰ ਤੇ ਹੀ ਕੇੰਦਰਿਤ ਹੈ। WHO ਦੀ 3 ਜਨਵਰੀ ਦੀ ਰਿਪੋਰਟ ਇਸ ਅਫ਼ਵਾਹ ਨੂੰ ਨਕਾਰਦੀ ਹੈ ਕਿ ਵਾਇਰਸ ਬਾਰੇ ਕੁੱਝ ਛੁਪਾਇਆ ਜਾ ਰਿਹਾ ਹੈ। ਹਰ ਵਾਇਰਸ ਦੇ ਫੈਲਣ ਅਤੇ ਨਾਮਕਰਣ ਦਾ ਇਤਿਹਾਸ ਪੜ੍ਹਦਿਆਂ ਕੋਈ ਦੋ ਰਾਵਾਂ ਨਹੀਂ ਹਨ ਕਿ ਇਹ ਮੈਡੀਕਲ ਵਿਗਿਆਨ ਦਾ ਵਿਸ਼ਾ ਹੋਣ ਕਰਕੇ ਇਸ ਨੂੰ ਸਮਾਂ ਲੱਗਦਾ ਹੈ। ਇਸ ਕਰਕੇ ਕਾਹਲੀ ਵਿੱਚ ਕੋਈ ਐਲਾਨ ਕਰਨਾ ਸਰਕਾਰ ਦੇ ਵੱਸ ਦੀ ਗੱਲ ਵੀ ਨਹੀਂ ਸੀ। ਦੂਸਰਾ ਕਾਰਨ ਇਸਦੇ 87 ਪ੍ਰਤੀਸ਼ਤ ਲੱਛਣ ਸਾਰਸ ਕਰੋਨਾ ਨਾਲ ਮਿਲਦੇ ਹੋਣ ਕਰਕੇ ਸ਼ੁਰੂ ਵਾਲਾ ਸਮਾਂ ਸਾਰਸ ਵਾਲੀ ਐਂਟੀ ਫਲੂ ਦਵਾਈ ਨਾਲ ਉਪਚਾਰ ਕਰਦਿਆਂ ਖ਼ਰਾਬ ਹੋਇਆ ਸੀ। ਤੀਸਰਾ ਪਹਿਲੇ ਸਾਰੇ ਹੀ ਟੈਸਟ ਨਿਰਧਾਰਿਤ ਕਿੱਟ ਤੇ ਨਹੀਂ ਸਨ ਅਤੇ ਲੈਬ ਮਾਹਿਰਾਂ ਦੀ ਟੀਮ ਵੱਲੋਂ ਖੋਜ ਕਰਦਿਆਂ ਵੀ ਸਮਾਂ ਲੱਗਦਾ ਹੈ। ਆਓ ਇਸ ਤੋਂ ਅੱਗੇ ਚੱਲਦੇ ਹਾਂ:-
7 ਜਨਵਰੀ- ਪਹਿਲੀ ਵਾਰ ਕੌਮੀ ਪੱਧਰ ਤੇ ਚੀਨੀ ਪ੍ਰਧਾਨ ਮੰਤਰੀ Xi Jinping ਇਸ ਮਾਮਲੇ ਵਿਚ ਸ਼ਾਮਿਲ ਹੁੰਦੇ ਹਨ। ਚਾਈਨਾ ਦਾ ਹੈਲਥ ਮਹਿਕਮਾ ਇਸ ਵਾਇਰਸ ਬਾਰੇ ਪੂਰੀ ਤਰ੍ਹਾਂ ਜਾਣੂ ਹੋ ਜਾਂਦਾ ਹੈ। ਕਰੋਨਾ ਵਾਇਰਸ ਦੇ ਇਕ ਨਵਾਂ ਵਾਇਰਸ ਵਜੋਂ ਸਾਹਮਣੇ ਆਉਣ ਤੱਕ WHO ਨਾਲ ਸਾਂਝੀ ਹੋਈ ਜਾਣਕਾਰੀ ਅਤੇ ਪੱਤਰ ਵਿਵਹਾਰ ਬਾਰੇ WHO ਕੋਲ ਪੂਰਾ ਰਿਕਾਰਡ ਪਿਆ ਹੈ। ਇਹ ਨਿਸ਼ਚਿਤ ਹੈ ਕਿ ਚੀਨ ਦਾ ਹੈਲਥ ਮਹਿਕਮਾ ਪੂਰੀ ਤਰ੍ਹਾ ਚੀਨ ਵਿੱਚ ਸਥਿਤ ਵਿਸ਼ਵ ਸਿਹਤ ਸੰਗਠਨ ਦੇ ਦਫ਼ਤਰ ਅਤੇ ਮੁੱਖ ਦਫਤਰ ਨਾਲ ਸੰਪਰਕ ਵਿੱਚ ਹੋਵੇਗਾ। ਅਮਰੀਕਾ ਵੱਲੋਂ ਕੀਤੀ ਗਈ ਚੀਨ ਅਤੇ WHO ਦੀ ਆਲੋਚਨਾ ਨੂੰ WHO ਦੇ ਪ੍ਰਧਾਨ ਦੀ ਸਟੇਟਮੈਂਟ ਪੱਛਮੀ ਪ੍ਰਚਾਰ ਨੂੰ ਪੂਰੀ ਤਰ੍ਹਾ ਨਿਰਾਧਾਰ ਦੱਸਦੀ ਹੈ। ਇਸ ਦੇ ਤੱਥਾਂ ਸਮੇਤ ਜਵਾਬ ਦਿੱਤੇ ਗਏ ਹਨ।
9 ਜਨਵਰੀ- ਚੀਨੀ ਸਰਕਾਰ ਵੱਲੋਂ ਪਹਿਲੀ ਵਾਰ ਵਿਸ਼ਵ ਵਿੱਚ ਇਹ ਖੁਲਾਸਾ ਕੀਤਾ ਗਿਆ ਕਿ ਵੁਹਾਨ ਵਿੱਚ ਫੈਲਿਆ ਨਵਾਂ ਵਾਇਰਸ ਕਰੋਨਾ ਵਾਇਰਸ ਹੈ ਅਤੇ ਇਹ ਸਾਰਸ ਅਤੇ ਮਰਸ ਆਦਿ ਪਹਿਲੇ ਵਾਇਰਸਾਂ ਤੋਂ ਵੱਖਰਾ ਹੈ। ਇਸ ਲਈ ਚਾਈਨਜ ਵਿਗਿਆਨੀ ਇਸ ਵਾਇਰਸ ਨੂੰ ਛੇਤੀ ਛੇਤੀ decode ਕਰਨ ਲਈ ਕੋਸ਼ਿਸ਼ ਕਰ ਰਹੇ ਹਨ। ਇਸ ਦਿਨ ਸਿਰਫ 59 ਕੇਸ ਰਜਿਸਟਰਡ ਹੋਣ ਦਾ ਵੇਰਵਾ ਹੈ। ਇਹ ਤਾਂ ਪੱਕਾ ਹੈ ਇਸ ਸਮੇਂ ਤੱਕ ਵੁਹਾਨ ਵਿੱਚ ਹੀ ਸੈਂਕੜੇ ਕੇਸ ਹੋ ਗਏ ਹੋਣਗੇ, ਕਿਉਂਕਿ ਅਜੇ ਤੱਕ ਬਹੁਤੇ ਲੋਕ ਇਸ ਨੂੰ Common Cold ਸਮਝ ਕੇ ਇਲਾਜ ਕਰਵਾਉਂਦੇ ਪਏ ਹੋਣਗੇ ਜਾਂ ਅਜੇ ਤੱਕ ਲੈਬਾਂ ਵਿੱਚ ਨੋਵਲ ਕਰੋਨਾ ਵਾਇਰਸ ਦੇ ਟੈਸਟ ਲਈ ਕਿੱਟਾਂ ਉਪਲਬਧ ਨਹੀਂ ਹੋਣਗੀਆਂ। ਇਨ੍ਹਾਂ ਸ਼ੁਰੂਆਤੀ ਕੇਸਾਂ ਬਾਰੇ ਬਾਅਦ ਵਿੱਚ ਕੁੱਝ ਵੇਰਵਾ ਨਿਊ ਇੰਗਲੈਂਡ ਜਨਰਲ ਵਿੱਚ ਮਿਲਦਾ ਹੈ। 9 ਜਨਵਰੀ ਨੂੰ ਚਾਈਨਾ ਦੇ ਹੈਲਥ ਵਿਭਾਗ ਵੱਲੋਂ ਇਸ ਦੇ ਹਿਊਮਨ ਤੋਂ ਹਿਊਮਨ ਵਿੱਚ ਫੈਲਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
https://www.washingtonpost.com/world/2020/02/01/early-missteps-state-secrecy-china-likely-allowed-coronavirus-spread-farther-faster/
https://www.nejm.org/doi/full/10.1056/NEJMoa2001316
9 ਜਨਵਰੀ- ਨਵੇਂ ਵਾਇਰਸ ਨਾਲ ਸੰਬੰਧਿਤ ਪਹਿਲੀ ਮੌਤ ਚੀਨ ਵਿੱਚ ਅਧਿਕਾਰਤ ਤੌਰ ਤੇ 9 ਜਨਵਰੀ ਨੂੰ ਦਰਜ ਹੁੰਦੀ ਹੈ। ਇਕ 61 ਸਾਲ ਦਾ ਚਾਈਨਜ ਵਿਅਕਤੀ ਹਸਪਤਾਲ ਦਾਖ਼ਲ ਹੁੰਦਾ ਹੈ, ਜੋ ਸਾਹ ਲੈਣ ਦੀ ਮੁਸ਼ਕਿਲ ਦੇ ਨਾਲ ਨਾਲ ਨਿਮੂਨੀਆ, ਪੇਟ ਟਿਊਮਰ ਅਤੇ ਜਿਗਰ ਦੀ ਕਰੋਨਿਕ ਬਿਮਾਰੀ ਨਾਲ ਵੀ ਗ੍ਰਸਤ ਹੋਣ ਕਰਕੇ ਮਰ ਜਾਂਦਾ ਹੈ। ਇਸ ਤੋਂ ਪਹਿਲਾਂ ਹੋ ਸਕਦਾ ਹੈ ਕਿ ਕੋਈ ਹੋਰ ਵਿਅਕਤੀ ਵੀ ਮਰਿਆ ਹੋਵੇ ਜਿਸ ਨੂੰ ਕਰੋਨਾ ਵੀ ਹੋਵੇ ਤੇ ਕੋਈ ਹੋਰ ਬੀਮਾਰੀ ਵੀ ਹੋਵੇ। ਪਰ ਹੋ ਸਕਦਾ ਉਹ ਹਸਪਤਾਲ ਦੇ ਰਿਕਾਰਡ ਵਿੱਚ ਕਿਸੇ ਹੋਰ ਬੀਮਾਰੀ ਕਾਰਨ ਮਰ ਗਿਆ ਦਰਜ ਹੋਵੇ।
10 ਜਨਵਰੀ- ਇਸ ਦਿਨ ਜੋ WHO ਨੇ ਜਾਣਕਾਰੀ ਆਪਣੀ ਵੈਬਸਾਈਟ ਤੇ ਸ਼ੇਅਰ ਕੀਤੀ ਹੈ, ਉਹ ਧਿਆਨ ਮੰਗਦੀ ਹੈ।
WHO issued a comprehensive package of technical guidance online with advice to all countries on how to detect, test and manage potential cases, based on what was known about the virus at the time. This guidance was shared with WHO's regional emergency directors to share with WHO representatives in countries.
Based on experience with SARS and MERS and known modes of transmission of respiratory viruses, infection and prevention control guidance were published to protect health workers recommending droplet and contact precautions when caring for patients, and airborne precautions for aerosol generating procedures conducted by health workers.
https://www.who.int/news-room/detail/08-04-2020-who-timeline---covid-19
12 ਜਨਵਰੀ - ਚੀਨ ਨੇ Coved 19 ਵਾਇਰਸ ਦੀ Genetic Sequence ਸ਼ੇਅਰ ਕੀਤੀ ਸੀ, ਜਿਸ ਬਾਰੇ WHO ਦੀ ਵੈਬਸਾਈਟ ਵੀ ਤਸਦੀਕ ਕਰਦੀ ਹੈ। ਇਸ ਵਿੱਚ Cov-19 ਬਾਰੇ ਪੂਰਾ ਜੈਵਿਕ ਨਕਸ਼ਾ ਮਿਲਦਾ ਹੈ। Genetic Sequence ਤੋਂ ਵਾਇਰਸ ਦੇ ਬਾਰੇ ਕਾਫ਼ੀ ਜੀਵ ਵਿਗਿਆਨਿਕ ਜਾਣਕਾਰੀ ਸਾਰੇ ਵਿਸ਼ਵ ਨੂੰ ਪਤਾ ਲੱਗ ਜਾਂਦੀ ਹੈ।
13 ਜਨਵਰੀ- ਚੀਨ ਵੱਲੋਂ ਕਰੋਨਾ ਵਾਇਰਸ ਬਾਰੇ ਸਰਕਾਰੀ ਘੋਸ਼ਣਾ ਤੋਂ ਬਾਅਦ ਚੀਨ ਤੋਂ ਬਾਹਰ ਪਹਿਲਾ ਕੇਸ ਥਾਈਲੈਂਡ ਵਿੱਚ ਮਿਲਦਾ ਹੈ। ਇਸ ਤੋਂ ਇਲਾਵਾ ਕੋਈ ਹੋਰ ਘੋਸ਼ਿਤ ਕੇਸ ਕਿਸੇ ਹੋਰ ਦੇਸ਼ ਵਿੱਚ ਨਹੀਂ ਮਿਲਦਾ, ਜਦ ਕਿ ਵਿਸ਼ਵ ਭਰ ਵਿੱਚ ਚੀਨ ਨੂੰ ਆਉਣ ਜਾਣ ਵਾਲੇ ਲੋਕਾਂ ਦੀ ਗਿਣਤੀ ਉਸੇ ਤਰ੍ਹਾਂ ਹੀ ਜ਼ਾਰੀ ਰਹਿੰਦੀ ਹੈ।
14 ਜਨਵਰੀ- ਪਹਿਲੀ ਵਾਰ WHO ਵੱਲੋਂ ਟਵੀਟ ਰਾਹੀਂ ਜਾਣਕਾਰੀ ਮਿਲਦੀ ਹੈ ਕਿ ਨੋਵਲ ਕਰੋਨਾ ਉਰਫ਼ Cov 19 ਵਾਇਰਸ ਜੋ ਚਾਈਨਾ ਵਿੱਚ ਫੈਲਿਆ ਹੈ, ਉਸ ਬਾਰੇ ਚਾਈਨਜ ਅਧਿਕਾਰੀਆਂ ਨੇ ਮੁਢਲੀਆਂ ਖੋਜਾਂ ਅਨੁਸਾਰ ਇਹ ਗੱਲ ਤਸਦੀਕ ਨਹੀਂ ਕੀਤੀ ਕਿ ਇਹ ਆਦਮੀ ਤੋਂ ਆਦਮੀ ਵਿੱਚ ਫੈਲਦਾ ਹੈ। ਇਹ ਇਕ ਸੰਖੇਪ ਮੈਸਜ ਹੈ।
https://twitter.com/WHO/status/1217043229427761152?ref_src=twsrc%5Etfw%7Ctwcamp%5Etweetembed&ref_url=https%3A%2F%2Fwww.foxnews.com%2Fworld%2Fworld-health-organization-january-tweet-china-human-transmission-coronavirus WHO Twitter
ਇਸ ਤਰ੍ਹਾਂ 14 ਜਨਵਰੀ ਤੱਕ ਲਗਭਗ ਪੂਰੇ ਵਿਸ਼ਵ ਵਿੱਚ, ਸ਼ੋਸਲ ਮੀਡੀਆ, ਮਲਟੀ ਮੀਡੀਆ ਅਤੇ ਪ੍ਰਿੰਟ ਮੀਡੀਆ ਵਿੱਚ ਕਰੋਨਾ ਵਾਇਰਸ ਬਾਰੇ ਪੂਰੀ ਜਾਣਕਾਰੀ ਜਾ ਚੁੱਕੀ ਸੀ। WHO ਨੇ ਤਾਂ 10 ਤਰੀਕ ਨੂੰ ਹੀ ਆਪਣੀ ਵੈਬਸਾਈਟ ਤੇ ਇਸ ਬਾਰੇ ਬਕਾਇਦਾ ਹਦਾਇਤਾਂ ਜ਼ਾਰੀ ਕੀਤੀਆਂ ਸਨ। ਇਸ ਤਰੀਕ ਤੱਕ ਇਟਲੀ, ਸਪੇਨ, ਫਰਾਂਸ, ਅਮਰੀਕਾ, ਆਸਟਰੇਲੀਆ ਆਦਿ ਵਿੱਚ ਇਕ ਵੀ ਕੇਸ ਜ਼ਾਹਿਰ ਨਹੀਂ ਹੋਇਆ ਸੀ। ਇਸ ਸਾਰੇ ਘਟਨਕ੍ਰਮ ਤੋਂ ਅਸੀਂ ਵੇਖ ਸਕਦੇ ਹਾਂ ਕਿ ਇਹ ਵਾਇਰਸ ਚੀਨ ਦੀ ਬਜਾਏ ਆਸਟਰੇਲੀਆ ਵਿੱਚ ਜਾਂ ਅਮਰੀਕਾ ਵਿੱਚ ਵੀ ਫੈਲਿਆ ਹੁੰਦਾ ਤਾਂ ਵੀ ਇਹ ਹੀ ਪ੍ਰੋਟੋਕਾਲ ਲਾਗੂ ਹੋਣਾ ਸੀ। 2003 ਵਿੱਚ ਫੈਲਿਆ ਸਾਰਸ ਵਾਇਰਸ ਨੇ ਸ਼ਾਇਦ ਇਸ ਕਰਕੇ ਵੀ ਐਨਾ ਖ਼ਤਰਨਾਕ ਰੂਪ ਨਹੀਂ ਧਾਰਿਆ ਸੀ, ਕਿਉਂਕਿ 17 ਸਾਲ ਪਹਿਲਾਂ ਚੀਨ ਨਾਲ ਦੁਨੀਆਂ ਦੇ ਵਪਾਰਿਕ ਸੰਬੰਧ ਘੱਟ ਸਨ ਅਤੇ ਹਵਾਈ ਜਹਾਜ਼ਾਂ ਰਾਹੀਂ ਚੀਨ ਆਉਣ-ਜਾਣ ਵਾਲੇ ਲੋਕਾਂ ਦੀ ਸੰਖਿਆ ਵੀ ਬਹੁਤ ਘੱਟ ਸੀ। ਕਰੋਨਾ ਦੇ ਮਹਾਂਮਾਰੀ ਬਣਨ ਵਿੱਚ ਚੀਨ ਵਿੱਚ ਵਾਪਰੀਆਂ ਸਾਰੀਆਂ ਘਟਨਾਵਾਂ ਅਤੇ ਮੈਡੀਕਲ ਪ੍ਰਕਿਰਿਆ ਦੇ ਸਾਰੇ ਪਹਿਲੂ ਆਪਾਂ ਉਪਰੋਕਤ ਚਾਰ ਕਿਸ਼ਤਾਂ ਵਿੱਚ ਵਿਚਾਰ ਚੁੱਕੇ ਹਾਂ। ਅਗਰ 14 ਜਨਵਰੀ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਕਿ ਨਵਾਂ ਵਾਇਰਸ ਹਿਊਮਨ ਤੋਂ ਹਿਊਮਨ ਵਿੱਚ ਫੈਲਦਾ ਹੈ ਤਾਂ ਇਸਦਾ ਪਹਿਲਾਂ ਨੁਕਸਾਨ ਚੀਨ ਨੂੰ ਹੀ ਹੋਇਆ ਹੈ। ਕੋਈ ਵੀ ਦੇਸ਼ ਵਿਸ਼ਵ ਲਈ ਚਾਹੇ ਸਾਮਰਾਜੀ/ਸਮਾਜਵਾਦੀ ਕੁੱਝ ਵੀ ਹੋਵੇ, ਆਪਣੇ ਨਾਗਰਿਕਾਂ ਲਈ ਸਦਾ ਹੀ ਸੁਹਿਰਦ ਪਹੁੰਚ ਰੱਖਦਾ ਹੈ। Cov-19 ਨੇ ਮੁੱਢਲਾ ਘਾਣ ਚੀਨ ਵਿੱਚ ਹੀ ਕੀਤਾ ਹੈ, ਜਦੋਂ ਉੱਥੇ ਪ੍ਰਭਾਵਿਤ ਲੋਕਾਂ ਦੀ ਗਿਣਤੀ ਕਈ ਹਜ਼ਾਰਾਂ ਨੂੰ ਪਾਰ ਕਰ ਗਈ ਸੀ, ਉਦੋਂ ਕਈਆਂ ਦੇਸ਼ਾਂ ਵਿੱਚ ਦਰਜਨ ਕੇਸ ਵੀ ਸਾਹਮਣੇ ਨਹੀਂ ਆਏ ਸਨ। ਪੂਰੇ ਢਾਈ ਮਹੀਨੇ ਕਰੋਨਾ ਵਾਇਰਸ ਨਾਲ ਚੀਨ ਨੇ ਜੰਗ ਵਰਗੇ ਪ੍ਰਬੰਧਾਂ ਨਾਲ ਸੰਘਰਸ਼ ਕੀਤਾ ਹੈ। ਇਸ ਵਾਇਰਸ ਦੇ ਜਨਮ ਅਤੇ ਫੈਲਣ ਬਾਰੇ ਚੀਨ ਖਿਲਾਫ਼ ਹੋ ਰਹੇ ਪ੍ਰਚਾਰ ਵਿੱਚ ਕੋਈ ਦਮ ਨਹੀਂ ਹੈ। ਅਫ਼ਵਾਹਾਂ ਕਦੀ ਵੀ ਇਤਿਹਾਸ ਨਹੀਂ ਬਣਦੀਆਂ, ਆਉਣ ਵਾਲੇ ਸਮੇਂ ਵਿੱਚ ਸੱਚ ਹੋਰ ਸਪੱਸ਼ਟ ਹੋਵੇਗਾ। ਹਾਲ ਦੀ ਘੜੀ ਜੋ ਸਰੋਤ ਅਤੇ ਸੂਤਰ ਉਪਲਬਧ ਸਨ, ਉਨ੍ਹਾ ਨੂੰ ਸਮਝਦਿਆਂ ਇਸ ਦੀ ਵਿਗਿਆਨਕ ਅਤੇ ਵਿਧੀਗਤ ਰਿਪੋਰਟ ਤੁਹਾਡੇ ਸਾਹਮਣੇ ਹੈ। ਤੁਹਾਡੇ ਪ੍ਰਤੀਕਰਮ ਅਤੇ ਸੁਝਾਆਂ ਦੀ ਉਡੀਕ ਰਹੇਗੀ।
ਮੋਬਾਈਲ +61410 584 302