ਆਕਲ਼ੈਂਡ (ਹਰਪ੍ਰੀਤ ਸਿੰਘ)- 26 ਜਨਵਰੀ ਨੂੰ ਕਿਸਾਨਾਂ ਵਲੋਂ ਕੀਤੀ ਟਰੈਕਟਰ ਰੇਲੀ ਵਿੱਚ ਇੱਕੋ-ਇੱਕ ਜਿਸ ਨੌਜਵਾਨ ਦੀ ਮੌਤ ਹੋਈ ਸੀ ਉਹ ਯੂਪੀ ਦੇ ਰਾਮਪੁਰ ਤੋਂ 25 ਸਾਲਾ ਨਵਰੀਤ ਸਿੰਘ ਸੀ। ਦਰਅਸਲ ਉਸਦਾ ਟਰੈਕਟਰ ਪੁਲਿਸ ਬੇਰੀਕੇਡ ਸਾਈਡ 'ਤੇ ਕਰਦਿਆਂ ਬੈਲੈਂਸ ਗੁਆ ਬੈਠਾ ਤੇ ਉਸ ਦੇ ਸਿਰ 'ਤੇ ਵੱਜੀ ਸੱਟ ਕਰਕੇ ਉਸਦੀ ਮੌਤ ਹੋ ਗਈ, ਪਰ ਨਵਰੀਤ ਦੇ ਦਾਦਾ ਜੀ ਅਤੇ ਪਰਿਵਾਰਿਕ ਮੈਂਬਰਾਂ ਅਨੁਸਾਰ ਉਸ ਨੂੰ ਪੁਲਿਸ ਵਲੋਂ ਗੋਲੀ ਮਾਰੀ ਗਈ ਸੀ, ਜੋ ਉਸਦੀ ਮੌਤ ਦਾ ਕਾਰਨ ਬਣਿਆ, ਪਰ ਪੋਸਟਮਾਰਟਮ ਦੀ ਰਿਪੋਰਟ ਵਿੱਚ ਗੋਲੀ ਬਾਰੇ ਬਿਲਕੁਲ ਵੀ ਬਿਆਨ ਨਹੀਂ ਕੀਤਾ ਗਿਆ।
ਦੱਸਦੀਏ ਕਿ ਨਵਰੀਤ ਸਿੰਘ 2019 ਵਿੱਚ ਯੂਨੀਵਰਸਿਟੀ ਆਫ ਮੈਲਬੋਰਨ ਤੋਂ ਕਾਮਰਸ ਗ੍ਰੇਜੁਏਟ ਸੀ, ਇਸ ਵੇਲੇ ਉਹ ਬਾਰਡਰ ਬੰਦ ਹੋਣ ਕਰਕੇ ਆਪਣੇ ਪਰਿਵਾਰ ਕੋਲ ਭਾਰਤ ਰਹਿ ਰਿਹਾ ਸੀ, ਪਰ ਉਸਦੀ ਪਤਨੀ ਆਸਟ੍ਰੇਲੀਆ ਵਿੱਚ ਹੀ ਸੀ। ਨਵਰੀਤ ਦੇ ਦਾਦਾ ਜੀ ਜੋ ਕਿ ਇੱਕ ਲੇਖਕ ਹਨ, ਪਹਿਲੇ ਦਿਨ ਤੋਂ ਹੀ ਇਸ ਸੰਘਰਸ਼ ਦਾ ਹਿੱਸਾ ਬਣੇ ਰਹੇ ਹਨ ਅਤੇ ਨਵਰੀਤ ਵੀ ਇਸ ਅੰਦੋਲਨ ਵਿੱਚ ਦਿਲ-ਜਾਨ ਲਾਕੇ ਕੰਮ ਲੱਗਿਆ ਹੋਇਆ ਸੀ।