ਮੈਲਬੌਰਨ : 5 ਅਪ੍ਰੈਲ ( ਸੁਖਜੀਤ ਸਿੰਘ ਔਲਖ ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਵਿਖੇ ਬੀਤੇ ਦਿਨੀਂ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਕਿਸਾਨੀ ਸੰਘਰਸ਼ ਦੀ ਅਗਲੀ ਰਣਨੀਤੀ ਨੂੰ ਲੈ ਕੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਮੇਟੀ ਅਹੁਦੇਦਾਰਾਂ ਤੋਂ ਇਲਾਵਾ ਸਿੱਖ ਚਿੰਤਕਾਂ ਅਤੇ ਵੱਖ ਵੱਖ ਸਿੱਖ ਸੰਸਥਾਵਾਂ ਦੇ ਅਹੁਦੇਦਾਰਾਂ ਵੱਲੋਂ ਆਪਣੀ ਹਾਜ਼ਰੀ ਭਰੀ ਗਈ । ਸੈਮੀਨਾਰ ਦਾ ਮੁੱਖ ਵਿਸ਼ਾ ਸੀ ਅਜੋਕੇ ਚੱਲ ਰਹੇ ਕਿਸਾਨ ਸੰਘਰਸ਼ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ , ਪ੍ਰਵਾਸੀ ਭਾਰਤੀਆਂ ਖਾਸ ਕਰ ਸਿੱਖਾਂ ਤੇ ਇਸਦਾ ਪ੍ਰਭਾਵ , ਸੰਘਰਸ਼ ਦੀ ਅਜੋਕੀ ਸਥਿਤੀ ਅਤੇ ਨਵੀਂ ਰਣਨੀਤੀ ।
ਇਸ ਮੌਕੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬੇਸ਼ੱਕ ਅੱਜ ਇਹ ਸੰਘਰਸ਼ ਪੰਜਾਬ ਤੋਂ ਬਾਹਰ ਹਰਿਆਣਾ , ਯੂ.ਪੀ. , ਰਾਜਸਥਾਨ , ਮੱਧ ਪ੍ਰਦੇਸ਼ , ਪੱਛਮੀ ਬੰਗਾਲ ਤੋਂ ਲੈ ਕੇ ਉੜੀਸਾ ਤੱਕ ਲੱਗਭਗ ਦੇਸ਼ ਵਿਆਪੀ ਬਣ ਚੁੱਕਾ ਹੈ ਪਰ ਸੰਘਰਸ਼ ਦਾ ਚਿਹਰਾ ਪੰਜਾਬ ਹੀ ਰਹੇਗਾ । ਚਾਹੇ ਅੱਜ ਤੱਕ ਆਰ ਪਾਰ ਦੀ ਲੜਾਈ ਖਤਮ ਨਹੀਂ ਹੋਈ ਬਾਵਜੂਦ ਇਸਦੇ ਵੀ ਕਿਸਾਨ ਸੰਘਰਸ਼ ਦੇ ਬਹੁਤ ਸਾਰੇ ਸਕਾਰਾਤਮਕ ਪ੍ਰਭਾਵ ਸਾਹਮਣੇ ਆ ਚੁੱਕੇ ਹਨ । ਹੇਟ ਕ੍ਰਾਈਮ ਤਹਿਤ ਵਿਦੇਸ਼ਾਂ ਵਿੱਚ ਵੀ ਬੀ.ਜੇ.ਪੀ. ਅਤੇ ਮੋਦੀ ਸਮਰਥਕਾਂ ਵੱਲੋਂ ਸਿੱਖਾਂ ਦੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾ ਕੇ ਵਿੱਤੀ ਨੁਕਸਾਨ ਪਹੁੰਚਾਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ । ਉੱਘੇ ਸਿੱਖ ਵਿਦਵਾਨ ਗੁਰਬਖਸ਼ ਸਿੰਘ ਬੈਂਸ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਜਿਹੜੇ ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨ ਸੰਘਰਸ਼ ਚੱਲ ਰਿਹਾ ਹੈ ਇਹਨਾਂ ਨਾਲ ਇਕੱਲੇ ਕਿਸਾਨ ਜਾਂ ਕਿਰਤੀ ਹੀ ਨਹੀਂ ਪ੍ਰਭਾਵਿਤ ਹੋਣਗੇ ਸਗੋਂ ਹੋਰ ਧੰਦਿਆਂ ਨਾਲ ਸੰਬੰਧਿਤ ਲੋਕ ਵੀ ਬੁਰੀ ਤਰਾਂ ਇਸਦੀ ਮਾਰ ਹੇਠ ਆ ਜਾਣਗੇ । ਉਹਨਾਂ ਨੇ ਸੰਘਰਸ਼ ਦੀ ਅਗਲੀ ਰਣਨੀਤੀ ਬਾਬਤ ਕਿਹਾ ਕਿ ਧਰਾਤਲ ਤੌਰ ਤੇ ਹੀ ਨਹੀਂ ਸਗੋਂ ਬਾਹਰ ਬੈਠਕੇ ਵੀ ਆਰਥਿਕ , ਰਾਜਨੀਤਿਕ , ਸਮਾਜਿਕ ਤੇ ਅੰਤਰ ਰਾਸ਼ਟਰੀ ਪੱਧਰ ਤੇ ਦਬਾਅ ਬਣਾਉਣਾ ਸਮੇਂ ਦੀ ਵੱਡੀ ਮੰਗ ਹੈ । ਵੱਖ ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ ਚ’ ਕਿਹਾ ਕਿ ਸੰਘਰਸ਼ ਜਿੱਤਣ ਲਈ ਪੰਥਕ ਪੱਖ ਤੋਂ ਕੇਂਦਰਿਤ ਸਪੋਰਟ ਬਹੁਤ ਜ਼ਰੂਰੀ ਹੈ । ਕੈਨਬਰਾ ਵਿੱਚ ਕੀਤੇ ਜਾਣ ਵਾਲੇ ਪ੍ਰਦਰਸ਼ਨ ਦੀ ਰੂਪ ਰੇਖਾ ਵੀ ਇਸ ਮੌਕੇ ਸਾਂਝੀ ਕੀਤੀ ਗਈ । ਸੰਘਰਸ਼ ਨੂੰ ਹੋਰ ਵੀ ਵੱਡੇ ਪੱਧਰ ਤੇ ਲੈ ਕੇ ਜਾਣ ਦੀਆਂ ਰਣਨੀਤੀਆਂ , ਸਿੱਟਿਆਂ , ਪ੍ਰਭਾਵਾਂ ਆਦਿ ਤੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਕੀਮਤੀ ਵਿਚਾਰ ਦਿੱਤੇ । ਬੁਲਾਰਿਆਂ ਵਿੱਚ ਗੁਰਤੇਜ ਸਿੰਘ , ਗੁਰਦੀਪ ਸਿੰਘ ਮਠਾੜੂ , ਮਨਜਿੰਦਰ ਕੌਰ ਖਾਲਸਾ ਏਡ , ਅਮਰਦੀਪ ਕੌਰ , ਮਨਵੀਰ ਕੌਰ , ਸੁਖਜੀਤ ਸਿੰਘ ਔਲਖ , ਹਰਕਮਲ ਸਿੰਘ , ਗੁਰਵਿੰਦਰ ਸਿੰਘ ( ਯੂਨਾਈਟਡ ਸਿੱਖ ) , ਕੀਰਤਨ ਸਿੰਘ , ਗੁਰਵਿੰਦਰ ਸਿੰਘ ( ਸਿੰਘ ਸਟੇਸ਼ਨ ) ਨੇ ਆਪਣੇ ਵਿਚਾਰ ਸਾਂਝੇ ਕੀਤੇ ।
ਇਸ ਸੰਬੰਧ ਵਿੱਚ ਆਉਂਦੇ ਦਿਨਾਂ ਵਿੱਚ ਇੱਕ ਹੋਰ ਮੀਟਿੰਗ ਕਰਨ ਦਾ ਫੈਸਲਾ ਵੀ ਲਿਆ ਗਿਆ ।