ਮੈਲਬੌਰਨ : 14 ਅਪ੍ਰੈਲ ( ਸੁਖਜੀਤ ਸਿੰਘ ਔਲਖ ) ਪਿਛਲੇ ਸਾਲ ਮੈਲਬੌਰਨ ਦੇ ਈਸਟਰਨ ਫ੍ਰੀਵੇਅ ਉੱਤੇ ਹੋਏ ਸੜਕ ਹਾਦਸੇ ਵਿੱਚ ਟਰੱਕ ਹੇਠ ਆਉਣ ਕਾਰਨ ਚਾਰ ਪੁਲਸ ਮੁਲਾਜ਼ਮਾਂ ਦੀ ਹੋਈ ਮੌਤ ਦੇ ਜ਼ੁੰਮੇਵਾਰ ਮੰਨਦਿਆਂ ਵਿਕਟੋਰੀਅਨ ਸੁਪਰੀਮ ਕੋਰਟ ਨੇ 48 ਸਾਲਾ ਪੰਜਾਬੀ ਟਰੱਕ ਡਰਾਈਵਰ ਮੋਹਿੰਦਰ ਸਿੰਘ ਨੂੰ 22 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਮੋਹਿੰਦਰ ਸਿੰਘ ਦੇ ਵਕੀਲ ਨੇ ਅਦਾਲਤ ਵਿੱਚ ਸਫਾਈ ਲਈ ਕਈ ਦਲੀਲਾਂ ਦਿੱਤੀਆਂ ਕਿ ਹਾਦਸੇ ਸਮੇਂ ਉਸਦਾ ਦਿਮਾਗੀ ਤਵਾਜ਼ਨ ਠੀਕ ਨਹੀਂ ਸੀ ਪਰ ਜਸਟਿਸ ਪਾਲ ਕੋਗਲਨ ਵੱਲੋਂ ਸਾਰੀਆਂ ਦਲੀਲਾਂ ਨੂੰ ਬੁਰੀ ਤਰਾਂ ਨਕਾਰਦਿਆਂ 14 ਅਪ੍ਰੈਲ ਬੁੱਧਵਾਰ ਨੂੰ ਫੈਸਲਾ ਸੁਣਾਉਂਦਿਆਂ ਕਿਹਾ ਕਿ ਦੋਸ਼ੀ ਨੂੰ ਜ਼ਮਾਨਤ ਉੱਤੇ ਰਿਹਾਅ ਹੋਣ ਲਈ ਘੱਟੋ-ਘੱਟ 18 ਸਾਲ ਅਤੇ ਛੇ ਮਹੀਨਿਆਂ ਦੀ ਕੈਦ ਕੱਟਣੀ ਪਏਗੀ ਅਤੇ ਜ਼ਿੰਦਗੀ ਦੇ 22 ਸਾਲ ਜੇਲ ਵਿੱਚ ਰਹਿਣਾ ਹੋਵੇਗਾ । ਮੋਹਿੰਦਰ ਸਿੰਘ ਨੂੰ ਸਜ਼ਾ ਸੁਣਾਉਂਦਿਆਂ ਅਦਾਲਤ ਨੇ ਉਸਦੇ ਚਿੱਟੇ ਦੇ ਆਦੀ ਹੋਣ ਅਤੇ ਟਰੱਕ ਵਿੱਚ ਨਸ਼ਾ ਰੱਖੇ ਜਾਣ ਨੂੰ ਵੀ ਧਿਆਨ ਵਿੱਚ ਰੱਖਿਆ।
ਅਦਾਲਤ ਨੂੰ ਦੱਸਿਆ ਗਿਆ ਕਿ ਹਾਦਸੇ ਤੋਂ 70 ਘੰਟੇ ਪਹਿਲਾਂ ਮਹਿੰਦਰ ਸਿੰਘ ਨੇ ਸਿਰਫ 5 ਘੰਟੇ ਹੀ ਆਰਾਮ ਕੀਤਾ ਸੀ । ਇੱਥੇ ਜ਼ਿਕਰਯੋਗ ਹੈ ਕਿ ਉਕਤ ਦੁਰਘਟਨਾ ਉਸ ਵੇਲ਼ੇ ਹੋਈ ਸੀ ਜਦੋਂ ਮਹਿੰਦਰ ਸਿੰਘ ਦਾ ਸੈਮੀ ਟਰੱਕ ਸੌ ਦੀ ਸਪੀਡ ਤੇ ਈਸਟਰਨ ਫ੍ਰੀਵੇਅ ਤੇ ਮੁੱਖ ਸੜਕ ਤੋਂ ਹਟਕੇ ਆਪਾਤਕਲੀਨ ਲਾਈਨ ਵਿੱਚ ਜਾ ਵੜਿਆ ਸੀ ਜਿਸ ਕਾਰਨ ਕਿਸੇ ਹੋਰ ਕਾਰ ਦੀ ਜਾਂਚ ਕਰ ਰਹੇ ਪ੍ਰਮੁੱਖ ਸੀਨੀਅਰ ਕਾਂਸਟੇਬਲ ਲੀਨੇਟ ਟੇਲਰ, ਸੀਨੀਅਰ ਕਾਂਸਟੇਬਲ ਕੇਵਿਨ ਕਿੰਗ, ਕਾਂਸਟੇਬਲ ਗਲੇਨ ਹੰਫ੍ਰਿਸ ਅਤੇ ਜੋਸ਼ ਪ੍ਰੈਸਨੇ ਦੀ ਟਰੱਕ ਹੇਠ ਕੁਚਲੇ ਜਾਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਸੀ।