ਐਡੀਲੇਡ - ਕ੍ਰਿਤੀ ਗੁਪਤਾ ਫ਼ਰਵਰੀ 2020 ਵਿੱਚ ਆਪਣੇ ਮੰਗੇਤਰ ਨਮਨ ਵਤਸਾ ਨਾਲ ਮੰਗਣੀ ਕਰਾਉਣ ਲਈ ਭਾਰਤ ਗਈ ਸੀ। ਪਰ ਉਸਨੂੰ ਪਤਾ ਨਹੀਂ ਸੀ ਕਿ ਉਸ ਦੇ ਆਪਣੇ ਦੇਸ਼ ਦੀ ਯਾਤਰਾ ਉਨ੍ਹਾਂ ਲਈ ਅਣਮਿਥੇ ਸਮੇਂ ਲਈ ਰੁਕਾਵਟ ਬਣ ਜਾਵੇਗੀ। ਸਰਹੱਦੀ ਪਾਬੰਦੀਆਂ ਕਾਰਨ ਉਹ ਐਡੀਲੇਡ ਵਾਪਸ ਨਹੀਂ ਪਰਤ ਸਕੀ, ਜਿਸ ਕਾਰਨ ਅੱਜ ਮਾਹੌਲ ਇਹ ਹੈ ਕਿ ਉਸਨੂੰ ਅਹਿਸਾਸ ਹੋ ਰਿਹਾ ਹੈ, ਜਿਵੇਂ ਉਸਦਾ ਕਰੀਅਰ ਜੋ ਅਜੇ ਸ਼ੁਰੂ ਵੀ ਨਹੀਂ ਹੋਇਆ ਸੀ, ਮੁੱਕ ਗਿਆ ਹੈ।
ਉਨ੍ਹਾਂ ਨੇ ਵਾਪਸ ਆ ਕੇ ਇੱਕ ਆਰਕੀਟੈਕਟ ਵਜੋਂ ਨੌਕਰੀ ਸ਼ੁਰੂ ਕਰਨੀ ਸੀ, ਪਰ ਇਹ ਸਭ ਸੁਪਨਾ ਬਣ ਕੇ ਹੀ ਰਹਿ ਗਿਆ। ਕ੍ਰਿਤੀ ਅਨੁਸਾਰ ਉਨ੍ਹਾਂ ਵਰਗੇ ਹਜ਼ਾਰਾਂ ਹੋਰ ਵੀਜ਼ਾ-ਧਾਰਕ ਭਾਰਤ ਅਤੇ ਹੋਰ ਦੇਸ਼ਾਂ ਵਿਚ ਫ਼ਸੇ ਹੋਏ ਹਨ ਤੇ ਸਰਕਾਰ ਵਲੋਂ ਆਪਣੇ ਵੀਜ਼ੇ ਸਬੰਧੀ ਢੁਕਵੀਆਂ ਰਿਆਇਤਾਂ ਦੀ ਉਮੀਦ ਕਰ ਰਹੇ ਹਨ।
ਪਰ ਅਜੇ ਤੱਕ ਅਜਿਹਾ ਸੰਭਵ ਹੁੰਦਾ ਨੀ ਲੱਗ ਰਿਹਾ, ਕਿਉਂਕਿ ਅੰਕੜੇ ਦੱਸਦੇ ਹਨ ਕਿ ਜ਼ਿਆਦਾਤਰ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕ ਜਿਨ੍ਹਾਂ ਨੇ 1 ਅਗਸਤ 2020 ਤੋਂ 31 ਮਾਰਚ 2021 ਦਰਮਿਆਨ ਆਸਟ੍ਰੇਲੀਆ ਆਉਣ ਲਈ ਛੋਟ ਦੀ ਅਰਜ਼ੀ ਦਿੱਤੀ ਸੀ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। 485 ਸਬਕਲਾਸ ਵੀਜ਼ਾ ਸ਼੍ਰੇਣੀ ਅਧੀਨ 9903 ਬਿਨੈਕਾਰਾਂ ਚੋਂ ਉਸ ਸਮੇਂ ਦੌਰਾਨ ਸਿਰਫ਼ 344 ਨੂੰ ਆਸਟ੍ਰੇਲੀਆ ਦਾਖ਼ਲ ਹੋਣ ਦੀ ਆਗਿਆ ਦਿੱਤੀ ਗਈ ਸੀ।
ਗ੍ਰੀਨਜ਼ ਸੈਨੇਟਰ ਨਿਕ ਮੈਕਕਿਮ ਅਨੁਸਾਰ ਸਰਕਾਰ ਕੋਲ 485 ਵੀਜ਼ਾ ਧਾਰਕਾਂ ਜਾਂ ਕਿਸੇ ਹੋਰ ਅਸਥਾਈ ਵੀਜ਼ਾ ਧਾਰਕਾਂ ਦੀ ਵਾਪਸੀ ਲਈ ਕੋਈ ਠੋਸ ਯੋਜਨਾ ਨਹੀਂ ਹੈ ਤੇ ਸਰਕਾਰ ਨੂੰ ਬਾਹਰ ਫ਼ਸੇ 485 ਵੀਜ਼ਾ ਧਾਰਕਾਂ ਲਈ ਆਟੋਮੈਟਿਕ ਐਕਸਟੈਂਸ਼ਨਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ।