ਆਕਲੈਂਡ : ਅਵਤਾਰ ਸਿੰਘ ਟਹਿਣਾ
ਸਿੱਖ ਭਾਈਚਾਰੇ ਦੇ ਲੋਕਾਂ `ਤੇ ਹਮਲਾ ਕਰਨ ਵਾਲੇ ਇਕ ਹਰਿਆਣਵੀ ਨੌਜਵਾਨ ਨੂੰ ਆਸਟਰੇਲੀਆ ਸਰਕਾਰ ਨੇ ਡੀਪੋਰਟ ਕਰ ਦਿੱਤਾ ਹੈ। ਜੇਲ੍ਹ ਚੋਂ ਰਿਹਾਈ ਤੋਂ ਬਾਅਦ ਪਹਿਲੀ ਫਲਾਈਟ ਰਾਹੀਂ ਹੀ ਉਸਨੂੰ ਭਾਰਤ ਭੇਜਿਆ ਗਿਆ ਹੈ। ਜਿਸਦੀ ਪੁਸ਼ਟੀ ਆਸਟਰੇਲੀਆ ਦੇ ਇਮੀਗਰੇਸ਼ਨ ਮਨਿਸਟਰ ਨੇ ਕਰ ਦਿੱਤੀ ਹੈ। ਪਿਛਲੇ ਸਮੇਂ ਦੌਰਾਨ ਸਿਡਨੀ ਅਦਾਲਤ ਨੇ ਉਸਨੂੰ ਛੇ ਮਹੀਨੇ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਉਸਤੋਂ ਪਹਿਲਾਂ ਭਾਰਤ `ਚ ਉਸਦੇ ਹੱਕ `ਚ ਭਾਜਪਾ ਦੇ ਕਈ ਸਿਆਸੀ ਆਗੂਆਂ ਨੇ ਟਵੀਟ ਕੀਤੇ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਆਸਟਰੇਲੀਆ ਦੇ ਇਮੀਗਰੇਸ਼ਨ ਐਂਡ ਸਿਟੀਜ਼ਨਸਿ਼ਪ ਮਨਿਸਟਰ ਅਲੈਕਸ ਹਾਕ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਵਿਸ਼ਾਲ ਦੀ ਰਿਹਾਈ ਤੋਂ ਤੁਰੰਤ ਬਾਅਦ ਆਸਟਰੇਲੀਆ ਸਰਕਾਰ ਨੇ ਪਹਿਲੀ ਫਲਾਈਟ ਰਾਹੀਂ ਵਾਪਸ ਭੇਜਣ ਬਾਰੇ ਭਾਰਤ ਸਰਕਾਰ ਨਾਲ ਸੰਪਰਕ ਕਰ ਲਿਆ ਸੀ। ਮਨਿਸਟਰ ਦਾ ਕਹਿਣਾ ਹੈ ਕਿ ਮੌਰੀਸਨ ਸਰਕਾਰ ਨੇ ਨਾਨ-ਸਿਟੀਜ਼ਨ ਨੂੰ ਘਟਨਾ ਤੋਂ ਤੁਰੰਤ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਦੇਸ਼ ਦੀ ਕਮਿਊਨਿਟੀ ਨੂੰ ਅਜਿਹੇ ਅਪਰਾਧੀ ਤੋਂ ਬਚਾਉਣ ਲਈ ਬਹੁਤ ਹੀ ਜਿ਼ੰਮੇਵਾਰੀ ਰੋਲ ਅਦਾ ਕੀਤਾ ਸੀ। ਉਨ੍ਹਾਂ ਹਿੰਦੂ-ਸਿੱਖ ਭਾਈਚਾਰੇ ਦੇ ਕਮਿਊਨਿਟੀ ਆਗੂਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਦੋਸ਼ੀਆਂ ਤੱਕ ਪਹੁੰਚਣ ਲਈ ਸਰਕਾਰ ਦਾ ਸਾਥ ਦਿੱਤਾ ਸੀ।
ਮਾਈਗਰੇਸ਼ਨ ਐਕਟ ਅਨੁਸਾਰ ਜਿਹੜਾ ਨਾਨ-ਸਿਟੀਜ਼ਨ ਜ਼ੁਰਮ ਕਰਦਾ ਹੈ, ਉਸਨੂੰ ਸਜ਼ਾ ਭੁਗਤਣ ਪਿੱਛੋਂ ਡੀਪੋਰਟ ਕਰ ਦਿੱਤਾ ਜਾਂਦਾ ਹੈ। ਵਿਸ਼ਾਲ ਜੂਦ ਨੂੰ ਨਿਊ ਸਾਊਥ ਵੇਲਜ ਦੀ ਸਰਕਾਰ ਨੇ ਉਸ ਵੇਲੇ ਗ੍ਰਿਫ਼ਤਾਰ ਕੀਤਾ ਸੀ ਜਦੋਂ ਜਾਂਚ ਦੌਰਾਨ ਉਸਨੂੰ ਸਿੱਖ ਭਾਈਚਾਰੇ `ਤੇ ਲੜੀਬੱਧ ਤਰੀਕੇ ਹਮਲੇ ਕਰਨ ਦਾ ਦੋਸ਼ੀ ਮੰਨਿਆ ਸੀ।
ਜਿ਼ਕਰਯੋਗ ਹੈ ਕਿ ਵਿਸ਼ਾਲ 2 ਸਤੰਬਰ ਨੂੰ ਸਿਡਨੀ ਦੀ ਪੈਰਾਮਾਟਾ ਲੋਕਲ ਕੋਰਟ `ਚ ਵੀਡੀਉ ਲੰਿਕ ਰਾਹੀਂ ਮਜਿਸਟਰੇਟ ਕੇ ਥੌਂਪਸਨ ਅੱਗੇ ਪੇਸ਼ ਹੋਇਆ ਸੀ। ਉਸਨੂੰ ਕਿਸਾਨ ਹਮਾਇਤੀਆਂ `ਤੇ ਹਮਲਾ ਕਰਨ, ਆਪਣੇ ਸਾਥੀਆਂ ਨਾਲ ਮਿਲ ਕੇ ਹੋਰਨਾਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਜੁਰਮ ਕਰਨ ਦੀ ਨੀਅਤ ਨਾਲ ਹਥਿਆਰ ਰੱਖਣ ਦੇ ਤਿੰਨ ਮਾਮਲਿਆਂ `ਚ ਦੋਸ਼ੀ ਮੰਨਿਆ ਗਿਆ ਸੀ।
ਇਹ ਵੀ ਦੱਸਣਯੋਗ ਹੈ ਇਹ ਮਾਮਲਾ ਪਿਛਲੇ ਕਾਫੀ ਸਮੇਂ ਤੋਂ ਦੁਨੀਆਂ ਭਰ `ਚ ਚਰਚਾ ਦਾ ਵਿਸ਼ਾ ਦਾ ਬਣ ਗਿਆ ਸੀ, ਜਦੋਂ ਵਿਸ਼ਾਲ ਦੇ ਸਾਥੀਆਂ ਨੇ ਕਥਿਤ ਰੂਪ `ਚ ਇਸ ਘਟਨਾ ਨੂੰ ਭਾਰਤ ਦੇ ਕੌਮੀ ਤਿਰੰਗੇ ਝੰਡੇ ਨਾਲ ਜੋੜ ਲਿਆ ਸੀ ਅਤੇ ਸਿੱਖ ਭਾਈਚਾਰੇ ਲੋਕਾਂ ਨੂੰ ਖਾਲਿਸਤਾਨ ਨਾਲ ਜੋੜਨ ਦੀ ਕੋਸਿ਼ਸ਼ ਕਰਕੇ ਹਮਦਰਦੀ ਪ੍ਰਾਪਤ ਕਰਨ ਦੀ ਕੋਸਿ਼ਸ਼ ਕੀਤੀ ਸੀ। ਜਿਸ ਪਿੱਛੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਭਾਰਤੀ ਜਨਤਾ ਪਾਰਟੀ ਦੇ ਆਗੂ ਕਪਿਲ ਮਿਸ਼ਰਾ, ਦਿੱਲੀ ਤੋਂ ਭਾਜਪਾ ਦੇ ਬੁਲਾਰੇ ਤਜਿੰਦਰਪਾਲ ਸਿੰਘ ਬੱਗਾ, ਭਾਜਪਾ ਦੇ ਪੰਜਾਬ ਤੋਂ ਜਨਰਲ ਸਕੱਤਰ ਡਾ ਸੁਭਾਸ਼ ਸ਼ਰਮਾ ਵਰਗੇ ਸਿਆਸੀ ਆਗੂਆਂ ਤੋਂ ਇਲਾਵਾ ਹਰਿਆਣਾ ਨਾਲ ਸਬੰਧਤ ਉਲੰਪੀਅਨ ਯੋਗੇਸ਼ਵਰ ਦੱਤ ਅਤੇ ਟੋਕਿਉ ਉਲੰਪਿਕ `ਚ ਜੈਵਲਿਨ ਰਾਹੀਂ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਵੀ ਵਿਸ਼ਾਲ ਦੇ ਹੱਕ ਟਵੀਟ ਕੀਤੇ ਸਨ।