ਚੰਡੀਗੜ੍ਹ : ਅਵਤਾਰ ਸਿੰਘ ਟਹਿਣਾ
ਆਸਟਰੇਲੀਆ ਦੀ ਨਿਊ ਸਾਊਥ ਵੇਲਜ ਸਟੇਟ `ਚ ਪੈਂਦੇ ਗ੍ਰਿਫ਼ਥ ਸ਼ਹਿਰ `ਚ ਪਿਛਲੇ ਕਰੀਬ 24-25 ਸਾਲ ਤੋਂ ਹਰ ਕਰਵਾਈਆਂ ਜਾ ਰਹੀਆਂ ਗ੍ਰਿਫਥ ਸਿੱਖ ਗੇਮਜ਼ `ਚ ਆਸਟਰੇਲੀਆ ਦੇ ਸਿੱਖ ਫ਼ੌਜੀਆਂ ਦੀ ਸ਼ਮੂਲੀਅਤ ਦਾ ਭਾਰਤ ਸਰਕਾਰ ਨੇ ਨੋਟਿਸ ਲਿਆ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਕੁੱਝ ਭਾਰਤੀਆਂ ਨੇ ਇਸ ਬਾਰੇ ਸਿ਼ਕਾਇਤ ਕੀਤੀ ਸੀ ਤੇ ਇਸ ਈਵੈਂਟ ਵਿੱਚ ਖਾਲਿਸਤਾਨ-ਪੱਖੀ ਬੈਨਰ ਅਤੇ ਪੋਸਟਰ ਲੱਗੇ ਹੋਏ ਸਨ। ਹਾਲਾਂਕਿ ਪ੍ਰਬੰਧਕੀ ਕਮੇਟੀ ਦਾ ਕਹਿਣਾ ਹੈ ਕਿ ਅਜਿਹੇ ਪੋਸਟਰਾਂ ਨਾਲ ਕਮੇਟੀ ਦਾ ਕੋਈ ਸਬੰਧ ਨਹੀਂ।
ਇਸ ਸਬੰਧ `ਚ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਸਪੋਕਸਪਰਸਨ ਅਰਿੰਦਮ ਬਾਗਚੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ `ਚ ਆਇਆ ਸੀ ਕਿ ਆਸਟਰੇਲੀਆ `ਚ ਹੋਏ ਇੱਕ ਖਾਸਿਲਤਾਨ-ਪੱਖੀ ਈਵੈਂਟ `ਚ ਆਸਟਰੇਲੀਆ ਦੇ ਸਿੱਖ ਫ਼ੌਜੀਆਂ ਨੇ ਹਿੱਸਾ ਲਿਆ ਸੀ, ਜਿਸ ਪਿੱਛੋਂ ਇਹ ਮਾਮਲਾ ਆਸਟਰੇਲੀਆ ਦੀ ਸਰਕਾਰ ਦੇ ਧਿਆਨ `ਚ ਲਿਆਂਦਾ ਗਿਆ ਹੈ। ਹਾਲਾਂਕਿ ਇਸ ਬਾਰੇ ਹੋਰ ਕੀ ਗੱਲਬਾਤ ਹੋਈ ? ਇਸ ਬਾਰੇ ਕੋਈ ਵੇਰਵਾ ਨਹੀਂ ਦਿੱਤਾ।
ਉਧਰ, ਗੁਰਦੁਆਰਾ ਸਿੰਘ ਸਭਾ ਦੀ ਨਿਗਰਾਨੀ ਹੇਠ ਗ੍ਰਿਿਫਥ ਸਿੱਖ ਗੇਮਜ ਕਰਵਾਉਣ ਵਾਲੀ ਪ੍ਰਬੰਧਕੀ ਕਮੇਟੀ ਦਾ ਕਹਿਣਾ ਹੈ ਕਿ ਈਵੈਂਟ ਦੌਰਾਨ ਲੱਗੇ ਖਾਲਿਸਤਾਨ ਪੱਖੀ ਪੋਸਟਰਾਂ ਤੇ ਬੈਨਰਾਂ ਨਾਲ ਕਮੇਟੀ ਦਾ ਕੋਈ ਸਬੰਧ ਨਹੀਂ ਕਿਉਂਕਿ ਜਿਸ ਸੰਸਥਾ ਨੇ ਅਜਿਹੇ ਬੈਨਰ ਲਾਏ ਸਨ, ਉਸਦੇ ਮੈਂਬਰ ਆਪਣੇ-ਆਪ ਹੀ ਸਿੱਖ ਗੇਮਜ਼ `ਚ ਸ਼ਾਮਲ ਹੋਣ ਲਈ ਆਏ ਸਨ ਤੇ ਉਨ੍ਹਾਂ ਕੋਈ ਸੱਦਾ ਨਹੀਂ ਦਿੱਤਾ ਗਿਆ ਸੀ।
ਪ੍ਰਬੰਧਕੀ ਕਮੇਟੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਆਸਟਰੇਲੀਅਨ ਫ਼ੌਜ ਦੇ ਜਿਹੜੇ ਸਿੱਖ ਫ਼ੌਜੀ ਆਏ ਸਨ, ਉਨ੍ਹਾਂ ਨੂੰ ਇਸ ਕਰਕੇ ਬੁਲਾਇਆ ਗਿਆ ਸੀ ਤਾਂ ਜੋ ਹੋਰ ਸਿੱਖ ਨੌਜਵਾਨ ਵੀ ਉਨ੍ਹਾਂ ਪ੍ਰੇਰਨਾ ਲੈ ਸਕਣ। ਉਨ੍ਹਾਂ ਦੱਸਿਆ ਕਿ ਸਿੱਖ ਫ਼ੌਜੀਆਂ ਨੂੰ ਖਾਲਿਸਤਾਨ-ਪੱਖੀ ਬੈਨਰਾਂ ਬਾਰੇ ਕੁੱਝ ਵੀ ਨਹੀਂ ਪਤਾ ਸੀ।
ਪ੍ਰਬੰਧਕੀ ਕਮੇਟੀ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਇਤਰਾਜ਼ ਕਰਨ ਵਾਲੇ ਭਾਰਤੀਆਂ ਦੀ ਤਸੱਲੀ ਕਰਵਾ ਦਿੱਤੀ ਗਈ ਹੈ ਅਤੇ ਅੱਗੇ ਤੋਂ ਅਜਿਹੇ ਵਿਵਾਦ ਤੋਂ ਬਚਣ ਲਈ ਸੰਗਤ ਨਾਲ ਵਿਚਾਰ ਕਰਕੇ ਫ਼ੈਸਲਾ ਲਿਆ ਜਾਵੇਗਾ।
ਇਹ ਜਿ਼ਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਭਾਰਤ ਦੇ ਇੱਕ ਕੌਮੀ ਪੱਧਰ ਦੇ ਇੰਗਲਿਸ਼ ਅਖ਼ਬਾਰ ਚਲਾਉਣ ਵਾਲੇ ਅਦਾਰੇ ਨੇ @ Sidhant ਟਵਿੱਟਰ ਹੈਂਡਲ ਦੀਆਂ ਤਸਵੀਰਾਂ ਦੇ ਹਵਾਲੇ ਨਾਲ ਇਕ ਵੀਡੀਉ ਪ੍ਰੀਜ਼ੈਟੇਸ਼ਨ ਤਿਆਰ ਕੀਤੀ ਸੀ, ਜਿਸ ਵਿੱਚ ਆਸਟਰੇਲੀਅਨ ਸਿੱਖ ਫ਼ੌਜੀਆਂ ਦੀ ਖੇਡ ਈਵੈਂਟ ਵਿੱਚ ਸ਼ਮੂਲੀਅਤ ਵਿਖਾਈ ਗਈ ਸੀ। ਇਸ ਤੋਂ ਇਲਾਵਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫ਼ੋਟੋ ਦੇ ਨਾਲ “ਫ੍ਰੀ ਪੰਜਾਬ” ਅਤੇ “ਖਾਲਿਸਤਾਨ ਜਿ਼ੰਦਾਬਾਦ” ਦੇ ਨਾਅਰੇ ਲਿਖੇ ਹੋਏ ਸਨ।
ਇੰਨਾ ਹੀ ਨਹੀਂ, ਭਾਰਤ ਨੇ ਪਿਛਲੇ ਦਿਨੀਂ ਯੂਕੇ ਤੋਂ ਪਾਕਿਸਤਾਨ `ਚ ਆਏ ਸਿੱਖ ਫ਼ੌਜੀਆਂ ਵੱਲੋਂ ਪਾਕਿਸਤਾਨ ਦੇ ਫ਼ੌਜ ਮੁਖੀ ਬਾਜਵਾ ਨਾਲ ਮੁਲਾਕਾਤ ਕੀਤੇ ਜਾਣ ਦਾ ਨੋਟਿਸ ਵੀ ਲਿਆ ਗਿਆ ਹੈ, ਹਾਲਾਂਕਿ ਅਰਿੰਦਮ ਬਾਗਚੀ ਨੇ ਪਾਕਿਸਤਾਨ ਦਾ ਨਾਂ ਨਹੀਂ ਲਿਆ।