Thursday, 22 February 2024
09 September 2022 Australia

ਪੰਜਾਬੀ ਲੋਕ ਗਾਇਕ ਪੰਮੀ ਬਾਈ ਦਾ ਮੈਲਬੌਰਨ ਵਿੱਚ ਕੀਤਾ ਸਨਮਾਨ

ਪੰਜਾਬੀ ਲੋਕ ਗਾਇਕ ਪੰਮੀ ਬਾਈ ਦਾ ਮੈਲਬੌਰਨ ਵਿੱਚ ਕੀਤਾ ਸਨਮਾਨ - NZ Punjabi News

ਮੈਲਬੌਰਨ : 9 ਸਤੰਬਰ ( ਸੁਖਜੀਤ ਸਿੰਘ ਔਲਖ ) ਰਵਾਇਤੀ ਪਹਿਰਾਵੇ ਵਿੱਚ ਪੰਜਾਬੀ ਲੋਕ ਨਾਚਾਂ ਦੀਆਂ ਸ਼ਾਨਦਾਰ ਵੰਨਗੀਆਂ ਦੇ ਨਾਲ ਸਾਫ਼ ਸੁਥਰੀ ਗਾਇਕੀ ਗਾ ਕੇ ਪੰਜਾਬੀ ਗਾਇਕੀ ਵਿੱਚ ਆਪਣਾ ਨਾਮ ਮੂਹਰਲੀਆਂ ਸਫਾਂ ਵਿੱਚ ਦਰਜ ਕਰਾਉਣ ਵਾਲੇ ਪੰਮੀ ਬਾਈ ਦਾ ਬੀਤੇ ਦਿਨ ਮੈਲਬੌਰਨ ਵਿੱਚ “ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ “ ਵੱਲੋਂ ਮੋਮੈਂਟੋ ਅਤੇ ਦੁਸ਼ਾਲਾ ਦੇ ਕੇ ਸਨਮਾਨ ਕੀਤਾ ਗਿਆ । ਪੰਜਾਬੀ ਲੋਕ ਗਾਇਕ ਇਹਨੀਂ ਦਿਨੀਂ ਆਪਣੇ ਨਿੱਜੀ ਦੌਰੇ ਤੇ ਆਸਟਰੇਲੀਆ ਪਹੁੰਚੇ ਹੋਏ ਹਨ । ਇਸ ਮਿਲਣੀ ਦੌਰਾਨ ਪੰਮੀ ਬਾਈ ਜੀ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਇਸ ਕਲਾ ਦੇ ਸਫਰ ਦੌਰਾਨ ਕਦੇ ਵੀ ਸਿਧਾਤਾਂ ਨਾਲ ਸਮਝੌਤਾ ਨਹੀਂ ਕੀਤਾ , ਨਾਂ ਤਾਂ ਰਵਾਇਤੀ ਪਹਿਰਾਵਾ ਛੱਡਿਆ ਤੇ ਨਾਂ ਹੀ ਨੀਵੇਂ ਪੱਧਰ ਦੀ ਗੀਤਕਾਰੀ ਜਾਂ ਗਾਇਕੀ ਅਪਣਾਈ ਜਿਸ ਕਰਕੇ ਅੱਜ ਉਹ ਲੋਕਾਂ ਤੋਂ ਏਨਾ ਪਿਆਰ ਪਾ ਰਹੇ ਹਨ ਜਿਸਦਾ ਕੋਈ ਮੁੱਲ ਹੀ ਨਹੀਂ । ਆਉਣ ਵਾਲੇ ਸਮੇਂ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਉਹ ਜਲਦ ਹੀ ਰਵਾਇਤੀ ਸਾਜ਼ਾਂ ਢੋਲ , ਸਾਰੰਗੀ , ਢੱਡ , ਅਲਗੋਜ਼ੇ ਆਦਿ ਨਾਲ ਸਰੋਸ਼ਾਰ ਨਵੀਂ ਵੰਨਗੀ ਲੈ ਕੇ ਹਾਜ਼ਰ ਹੋਣਗੇ ਜਿਹੜੀ ਨਵੀਂਆਂ ਪੀੜੀਆਂ ਲਈ ਸਾਂਭਣਯੋਗ ਸੌਗ਼ਾਤ ਹੋਵੇਗੀ । ਅਲੋਪ ਹੋ ਰਹੇ ਪੰਜਾਬੀ ਰਵਾਇਤੀ ਪਹਿਰਾਵੇ , ਸਾਜ਼ਾਂ , ਮਿਆਰੀ ਗਾਇਕੀ , ਗੀਤਕਾਰੀ , ਊੜਾ ਅਤੇ ਜੂੜਾ ਬਾਰੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਹੋ ਸਕਦਾ ਆਉਣ ਵਾਲੇ ਦਸ ਪੰਦਰਾਂ ਸਾਲਾਂ ਬਾਅਦ ਪੰਜਾਬ ਦੇ ਲੋਕ ਕਿਹਾ ਕਰਨ ਕਿ ਆਜੋ ਤੁਹਾਨੂੰ ਬਾਹਰਲੇ ਮੁਲਕਾਂ ਵਿੱਚ ਊੜਾ , ਜੂੜਾ ਤੇ ਪੰਜਾਬੀ ਬੋਲਣ ਵਾਲੇ ਬੱਚੇ ਦਿਖਾ ਕੇ ਲਿਆਈਏ । ਇਸ ਦੌਰਾਨ ਪੰਮੀ ਬਾਈ ਜੀ ਨੇ ਹਰਮਨ ਰੇਡੀਓ ਦੇ ਸਰੋਤਿਆਂ ਨਾਲ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ । ਇਸ ਮੌਕੇ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਤੋਂ ਅਮਰਦੀਪ ਕੌਰ , ਮਨਦੀਪ ਸਿੰਘ ਸੈਣੀ , ਖੁਸ਼ਪ੍ਰੀਤ ਸਿੰਘ ਸੁਨਾਮ ਅਤੇ ਸੁਖਜੀਤ ਸਿੰਘ ਔਲਖ ਹਾਜ਼ਰ ਸਨ ।

ADVERTISEMENT
NZ Punjabi News Matrimonials