ਮੈਲਬੋਰਨ : 6 ਨਵੰਬਰ ( ਸੁਖਜੀਤ ਸਿੰਘ ਔਲ਼ਖ ) ਅੰਤਰਰਾਸ਼ਟਰੀ ਮੈਲਬੌਰਨ ਹਾਕੀ ਕੱਪ, ਜੋ ਕਿ ਸਾਲ 2023 ਵਿੱਚ ਮੈਲਬੋਰਨ ਵਿਖੇ ਕਰਵਾਇਆ ਜਾ ਰਿਹਾ ਹੈ, ਉਸ ਦਾ ਲੋਗੋ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਤਰਰਾਸ਼ਟਰੀ ਮੈਲਬੋਰਨ ਹਾਕੀ ਕੱਪ 2023 ਦੀ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਆਸਟਰੇਲੀਆ ਦੇ ਨਾਲ-ਨਾਲ ਕੈਨੇਡਾ, ਅਮਰੀਕਾ, ਨਿਊਜੀਲੈਂਡ , ਜਰਮਨੀ ਅਤੇ ਭਾਰਤ ਦੀਆਂ ਨਾਮੀਂ ਟੀਮਾਂ ਭਾਗ ਲੈਣਗੀਆਂ । ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਵੱਖ ਵੱਖ ਦੇਸ਼ਾਂ ਦੀਆਂ ਹਾਕੀ ਫੈਡਰੇਸ਼ਨਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਟੂਰਨਾਮੈਂਟ ਦੀ ਬਣਤਰ ਵਿਲੱਖਣ ਹੋਵੇਗੀ ਅਤੇ ਇਸ ਟੂਰਨਾਮੈਂਟ ਵਿੱਚ ਵੱਧ ਤੋਂ ਵੱਧ ਟੀਮਾਂ ਨੂੰ ਖੇਡਣ ਦਾ ਮੌਕਾ ਮਿਲੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਮੁੱਖ ਮਕਸਦ ਆਸਟਰੇਲੀਆ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਹਾਕੀ ਦੀ ਖੇਡ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਹੈ , ਇਸ ਲਈ ਲਗਾਤਾਰ ਉਪਰਾਲੇ ਕੀਤੇ ਜਾਣਗੇ । ਇਸ ਟੂਰਨਾਮੈਂਟ ਵਿੱਚ ਜਿਥੇ ਸੀਨੀਅਰ ਵਰਗ ਦੇ ਖਿਡਾਰੀਆਂ ਦੀਆਂ ਟੀਮਾਂ ਭਾਗ ਲੈਣਗੀਆਂ , ਇਸਦੇ ਨਾਲ ਹੀ ਛੋਟੇ ਬੱਚਿਆਂ ਅਤੇ ਖਾਸ ਕਰਕੇ ਲੜਕੀਆਂ ਦੀਆਂ ਟੀਮਾਂ ਦੇ ਵੀ ਮੁਕਾਬਲੇ ਕਰਵਾਏ ਜਾਣਗੇ। ਟੂਰਨਾਮੈਂਟ ਵਿੱਚ ਐਂਟਰੀ ਟੀਮਾਂ ਦੀ ਗਰੇਡਿੰਗ ਦੇ ਹਿਸਾਬ ਨਾਲ ਕੀਤੀ ਜਾਵੇਗੀ। ਇਸ ਸਬੰਧ ਵਿੱਚ ਤਕਨੀਕੀ ਕਮੇਟੀ ਦਾ ਵੀ ਗਠਨ ਕੀਤਾ ਜਾ ਰਿਹਾ ਹੈ , ਜਿਸ ਦੀ ਦੇਖ ਰੇਖ ਹੇਠ ਇਹ ਟੂਰਨਾਮੈਂਟ ਕਰਵਾਇਆ ਜਾਵੇਗਾ।