ਆਕਲੈਂਡ -ਕੋਵਿਡ ਮਹਾਮਾਰੀ ਕਾਰਨ ਲੱਗੀਆਂ ਸਰਹੱਦੀ ਪਾਬੰਦੀਆਂ ਮਗਰੋਂ ਕੌਮਾਂਤਰੀ ਯਾਤਰਾ ਦੇ ਚਾਹਵਾਨ ਬਹੁਤੇ ਆਸਟਰੇਲਿਆਈ ਲੋਕਾਂ ਨੂੰ ਹਵਾਈ ਸਫ਼ਰ ਲਈ ਵੱਧ ਕਿਰਾਏ, ਸੀਮਤ ਸੀਟਾਂ ਅਤੇ ਲਗਾਤਾਰ ਰੱਦ ਹੁੰਦੀਆਂ ਉਡਾਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਏਅਰਲਾਈਨਾਂ ਅਤੇ ਹਵਾਬਾਜ਼ੀ ਮਾਹਿਰ ਚਿਤਾਵਨੀ ਦੇ ਰਹੇ ਹਨ ਕਿ ਨੇੜ ਭਵਿੱਖ ਵਿੱਚ ਟਿਕਟਾਂ ਦੀਆਂ ਕੀਮਤਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਦੀ ਸੰਭਾਵਨਾ ਨਹੀਂ ਹੈ। ਉਨ੍ਹਾਂ ਇਸ ਦਾ ਮੁੱਖ ਕਾਰਨ ਮਹਾਮਾਰੀ ਤੋਂ ਬਾਅਦ ਲਗਾਤਾਰ ਵਧ ਰਹੀ ਮੰਗ ਨੂੰ ਦੱਸਿਆ ਹੈ।
‘ਆਸਟਰੇਲੀਅਨ ਕੰਪੀਟੀਸ਼ਨਜ਼ ਐਂਡ ਕੰਜ਼ਿਊਮਰ ਕਮਿਸ਼ਨ’ ਨੇ ਆਪਣੀ ਤਿਮਾਹੀ ਰਿਪੋਰਟ ਵਿੱਚ ਮੰਨਿਆ ਹੈ ਕਿ ਇਸ ਸਾਲ ਅਪਰੈਲ ਅਤੇ ਅਗਸਤ ਦਰਮਿਆਨ ਘਰੇਲੂ ਹਵਾਈ ਕਿਰਾਏ ਵਿੱਚ 56 ਫ਼ੀਸਦ ਦਾ ਵਾਧਾ ਹੋਇਆ ਹੈ। ਮੋਨਾਸ਼ ਯੂਨੀਵਰਸਿਟੀ ਦੇ ਹਵਾਬਾਜ਼ੀ ਮਾਹਿਰ ਪ੍ਰੋਫੈਸਰ ਗ੍ਰੇਗ ਬੈਂਬਰ ਕਹਿੰਦੇ ਹਨ ਕਿ ਬੁਕਿੰਗ ਰੱਦ ਕਰਨ ਦੇ ਮਾਮਲੇ ਵਿੱਚ ਏਅਰਲਾਈਨਾਂ ਨੂੰ ਬਹੁਤ ਸੁਧਾਰ ਕਰਨ ਦੀ ਲੋੜ ਹੈ। ਉਨ੍ਹਾਂ ਪ੍ਰਮੁੱਖ ‘ਕੁਆਂਟਸ’ ਏਅਰਲਾਈਨ ਵੱਲੋਂ ਮੌਕੇ ਉੱਤੇ ਫਲਾਈਟ ਕੈਂਸਲ ਕਰਨ ਨੂੰ ਗਾਹਕਾਂ ਦੀ ਭਰੋਸੇਯੋਗਤਾ ਬਾਬਤ ਮੰਦਭਾਗਾ ਵਰਤਾਰਾ ਕਰਾਰ ਦਿੱਤਾ। ਦੂਜੇ ਪਾਸੇ ਏਅਰਲਾਈਨਾਂ ਦਾ ਮੰਨਣਾ ਹੈ ਕਿ ਕੰਮ ਦੇ ਵਧਦੇ ਦਬਾਅ ਦੇ ਬਾਵਜੂਦ ਵੀ ਉਹ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹਨ। ਵਰਜਿਨ ਆਸਟਰੇਲੀਆ ਦੇ ਬੁਲਾਰੇ ਨੇ ਦੱਸਿਆ ਕਿ ਤੇਲ ਦੇ ਵਧਦੇ ਭਾਅ, ਵਧ ਰਹੀ ਮਹਿੰਗਾਈ ਅਤੇ ਵਧਦੀ ਮੰਗ ਵਰਗੇ ਬੋਝਾਂ ਦੇ ਬਾਵਜੂਦ ਏਅਰਲਾਈਨਾਂ ਦਾ ਟੀਚਾ ਗਾਹਕਾਂ ਨੂੰ ਚੰਗੀਆਂ ਸੇਵਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਘਰੇਲੂ ਉਡਾਣਾਂ ਦੇ ਮਾਮਲੇ ਵਿੱਚ ਦਸੰਬਰ ਅਤੇ ਜਨਵਰੀ ਦੌਰਾਨ ਸਮਰੱਥਾ ਪ੍ਰੀ-ਕੋਵਿਡ ਪੱਧਰ ਉੱਤੇ ਵਾਪਸ ਆ ਜਾਵੇਗੀ।