ਮੈਲਬੌਰਨ : - 7 ਮਾਰਚ ( ਸੁਖਜੀਤ ਸਿੰਘ ਔਲਖ ) ਪੰਜਾਬੀ ਫਿਲਮਾਂ , ਨਾਟਕਾਂ , ਸਕਿੱਟਾਂ ਤੇ ਥੀਏਟਰ ਵਿੱਚ ਆਪਣੀ ਧਾਂਕ ਜਮਾਉਣ ਵਾਲੇ ਜ਼ਮੀਨ ਨਾਲ ਜੁੜੇ ਕਲਾਕਾਰ ਰਾਣਾ ਰਣਬੀਰ ਦਾ ਬਿਲਕੁਲ ਨਿਵੇਕਲਾ ਨਾਟਕ
“ ਮਾਸਟਰ ਜੀ “ ਬੀਤੇ ਦਿਨੀ ਮੈਲਬੌਰਨ ਦੇ ਪੱਛਮ ਚ’ ਸਥਿਤ ਐਨਕੋਰ ਈਵੈਂਟ ਸੈਂਟਰ ਹਾਪਰਸ ਕਰਾਸਿੰਗ ਵਿਖੇ ਯਾਰ ਆਸਟ੍ਰੇਲੀਆ ਵਾਲੇ ਪ੍ਰੋਡਕਸ਼ਨਜ਼ ਵੱਲੋਂ ਸਿੰਘ. ਵੀ .ਵਿੱਕੀ ਅਤੇ ਬੌਬ ਸਿੱਧੂ ਦੀ ਸੁਚੱਜੀ ਅਗਵਾਈ ਵਿੱਚ ਕਰਵਾਇਆ ਗਿਆ । ਇਹ ਨਾਟਕ ਰਾਣਾ ਰਣਬੀਰ ਤੇ ਉੱਘੇ ਕਵੀ ਜਸਵੰਤ ਸਿੰਘ ਜਫ਼ਰ ਹੋਰਾਂ ਵੱਲੋਂ ਲਿਖਿਆ ਗਿਆ ਸੀ। ਨਾਟਕ ਨੂੰ ਦੇਖਣ ਲਈ ਦੂਰ ਦੁਰਾਡਿਆਂ ਦੇ ਇਲਾਕਿਆਂ ਵਿੱਚੋ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ । ਹਾਲ ਇਸ ਕਦਰ ਭਰ ਗਿਆ ਸੀ ਕਿ ਪ੍ਰਬੰਧਕਾਂ ਨੂੰ ਦਰਵਾਜ਼ੇ ਤੱਕ ਬੰਦ ਕਰਨੇ ਪਏ । ਇਸ ਨਾਟਕ ਦੀ ਖ਼ਾਸੀਅਤ ਇਹ ਰਹੀ ਕਿ ਕਰੀਬ ਦੋ ਤੋਂ ਢਾਈ ਘੰਟੇ ਤੱਕ ਚੱਲੇ ਇਸ ਨਾਟਕ ਵਿਚਲੇ ਕਿਰਦਾਰ ਮਾਸਟਰ ਗੁਰਮੁਖ ਸਿੰਘ ਨੇ ਵੱਖ - ਵੱਖ ਵਿਸ਼ਿਆਂ ਨੂੰ ਛੋਹਿਆ ਤੇ ਬਿਨਾਂ ਕਿਸੇ ਵਕਫੇ ਦੇ ਲਗਾਤਾਰ ਨਾਟਕ ਦੀ ਪੇਸ਼ਕਾਰੀ ਕੀਤੀ । ਰਾਣਾ ਰਣਵੀਰ ਨੇ ਜਿੱਥੇ ਚਲਦੀ ਪੇਸ਼ਕਾਰੀ ਚ‘ ਦਸਤਾਰ ਸਜਾਈ ਉੱਥੇ ਹੀ ਦਸਤਾਰ ਦੀ ਅਹਿਮੀਅਤ ਬਾਰੇ ਬੜੇ ਸੋਹਣੇ ਸ਼ਬਦਾਂ ਵਿੱਚ ਦੱਸਿਆ । ਮਾਸਟਰ ਗੁਰਮੁਖ ਸਿੰਘ ਨੇ ਇੱਕ ਇਨਸਾਨ ਵਿੱਚ ਲੁਕੇ ਕਿੰਨੇ ਹੀ ਕਿਰਦਾਰਾਂ ਨੂੰ ਸਹਿਜੇ ਢੰਗ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਕੇ ਵਾਹ ਵਾਹ ਖੱਟੀ । ਮਾਸਟਰ ਜੀ ਜਿੱਥੇ ਸਮਾਜਿਕ ਕੁਰੀਤੀਆਂ ਤੇ ਅੰਧ ਵਿਸ਼ਵਾਸ਼ ਉੱਪਰ ਕਰਾਰੀ ਚੋਟ ਕੀਤੀ ਉਥੇ ਹੀ ਧਰਮ , ਰਾਜਨੀਤੀ ਤੇ ਖਾਸਕਰ ਨੌਜਵਾਨੀ ਵੱਲੋਂ ਸ਼ੋਸ਼ਲ ਮੀਡੀਆ ਦੀ ਵਰਤੋਂ ਨੂੰ ਲੈ ਕੇ ਤਿੱਖੇ ਵਿਅੰਗ ਕੱਸੇ । ਗੁਰੂਆਂ ਦੀ ਬਾਣੀ , ਸ਼ਬਦ ਗੁਰੂ ਤੇ ਬਾਬੇ ਨਾਨਕ ਦੇ ਫਲਸਫੇ ਦੇ ਅਸਲ ਅਰਥਾਂ ਦੀ ਯਾਦ ਵੀ ਦੁਆਈ । ਰਾਣਾ ਰਣਬੀਰ ਦੀ ਪੇਸ਼ਕਾਰੀ ਨੇ ਆਏ ਹੋਏ ਦਰਸ਼ਕਾ ਨੁੰ ਜਿੱਥੇ ਜਜਬਾਤੀ ਵੀ ਕੀਤਾ ਉਥੇ ਹੀ ਆਪਣੇ ਸੁਭਾਅ ਮੁਤਾਬਕ ਹਾਸਰਸ ਚੋਭਾਂ ਵੀ ਮਾਰੀਆਂ । ਰਾਣਾ ਰਣਬੀਰ ਨੇ ਨੌਜਵਾਨਾਂ ਨੂੰ ਵੱਧ ਤੋ ਵੱਧ ਕਿਤਾਬਾਂ ਨਾਲ ਜੁੜਨ ਲਈ ਵੀ ਪ੍ਰੇਰਿਆ ਤੇ ਤਰਕ ਨਾਲ ਗੱਲ ਕਰਨ ਦਾ ਸੱਦਾ ਦਿੱਤਾ । ਚਿੱਤਰਕਾਰ ਸੋਭਾ ਸਿੰਘ ਵੱਲੋਂ ਬਣਾਈ ਗਈ ਗੁਰੂ ਨਾਨਕ ਸਾਹਿਬ ਦੀ ਤਸਵੀਰ ਬਾਰੇ ਰਾਣਾ ਰਣਬੀਰ ਨੇ ਏਨੇ ਤਕੜੇ ਤਰਕ ਨਾਲ ਗੱਲ ਕੀਤੀ ਕਿ ਸਾਰਾ ਹਾਲ ਤਾੜੀਆਂ ਨਾਲ ਗੂੰਜਦਾ ਰਿਹਾ । ਉਨ੍ਹਾਂ ਕਿਹਾ ਕਿ ਸਾਨੂੰ ਸੋਭਾ ਸਿੰਘ ਵੱਲੋਂ ਉਸਦੀ ਆਪਣੀ ਖੁਦ ਦੀ ਤਸਵੀਰ ਨਾਲ ਮੇਲ ਖਾਂਦੀ ਤਸਵੀਰ ਦੀ ਪੂਜਾ ਕਰਨ ਦੀ ਥਾਂ ਸ਼ਬਦ ਗੁਰੂ ਵਿੱਚੋਂ ਗੁਰੂ ਨਾਨਕ ਸਾਹਿਬ ਦੀ ਤਸਵੀਰ ਤਲਾਸ਼ਣੀ ਚਾਹੀਦੀ ਹੈ । “ ਮਾਸਟਰ ਜੀ “ ਨਾਟਕ ਨੇ ਜਿੱਥੇ ਦਰਸ਼ਕਾਂ ਦੇ ਦਿਲਾਂ ਉੱਪਰ ਗਹਿਰੀ ਛਾਪ ਛੱਡੀ ਉੱਥੇ ਹੀ ਰਾਣਾ ਰਣਬੀਰ ਨੇ ਆਪਣੀ ਕਲਾ ਦਾ ਲੋਹਾ ਵੀ ਮਨਵਾਇਆ ਤੇ ਨਾਲ ਹੀ ਸਮਾਜ ਪ੍ਰਤੀ ਇੱਕ ਗੰਭੀਰ ਚਿੰਤਕ ਤੇ ਦਾਰਸ਼ਨਿਕ ਸੂਝ ਬੂਝ ਦਾ ਵੀ ਸਬੂਤ ਦਿੱਤਾ। ਇਸ ਮੌਕੇ ਰਾਣਾ ਰਣਬੀਰ ਦੇ ਸਾਥੀ ਦੀ ਭੂਮਿਕਾ ਸੋਨੀ ਢਿਲੋਂ ਨੇ ਨਿਭਾਈ ਤੇ ਮੰਚ ਸੰਚਾਲਨ ਸਿੰਘ ਵਿੱਕੀ ਤੇ ਹਰਮੰਦਰ ਕੰਗ ਵੱਲੋਂ ਕੀਤਾ ਗਿਆ । ਨਾਟਕ ਦੀ ਸਮਾਪਤੀ " ਜ਼ਿੰਦਗੀ ਜਿੰਦਾਬਾਦ " ਦੇ ਹੋਕੇ ਨਾਲ ਹੋਈ । ਇਸ ਮੌਕੇ ਪ੍ਰਬੰਧਕਾਂ ਨੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ ।