Wednesday, 28 February 2024
29 June 2023 Australia

ਵੱਕਾਰੀ ਅਹੁਦਿਆਂ ਤੇ ਸੇਵਾਵਾਂ ਨਿਭਾ ਚੁੱਕੇ ਡਾ. ਸੁਰਜੀਤ ਸਿੰਘ ਭੱਟੀ ਦਾ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਵੱਲੋਂ ਵਿਸ਼ੇਸ਼ ਸਨਮਾਨ

ਵੱਕਾਰੀ ਅਹੁਦਿਆਂ ਤੇ ਸੇਵਾਵਾਂ ਨਿਭਾ ਚੁੱਕੇ ਡਾ. ਸੁਰਜੀਤ ਸਿੰਘ ਭੱਟੀ ਦਾ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਵੱਲੋਂ ਵਿਸ਼ੇਸ਼ ਸਨਮਾਨ - NZ Punjabi News

ਮੈਲਬੌਰਨ : 29 ਜੂਨ ( ਸੁਖਜੀਤ ਸਿੰਘ ਔਲ਼ਖ ) ਬੀਤੇ ਦਿਨੀਂ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਸਥਿਤ ਭਾਈ ਗੁਰਦਾਸ ਜੀ ਗੁਰਮਤਿ ਅਤੇ ਪੰਜਾਬੀ ਸਕੂਲ ਵਿੱਚ ਇਕ ਸਾਹਿਤਕ ਮਿਲਣੀ ਅਤੇ ਸੰਵਾਦ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾ. ਸੁਰਜੀਤ ਸਿੰਘ ਭੱਟੀ ( ਪੰਜਾਬੀ ਸਾਹਿਤ ਖੋਜ ਵਿਦਵਾਨ , ਸ਼੍ਰੋਮਣੀ ਅਲੋਚਕ ਅਤੇ ਚਿੰਤਕ ) ਵਿਸ਼ੇਸ਼ ਮਹਿਮਾਨ ਅਤੇ ਬੁਲਾਰੇ ਵਜੋਂ ਸ਼ਾਮਲ ਹੋਏ । ਇਸ ਦੌਰਾਨ “ ਪੰਜਾਬੀ ਭਾਸ਼ਾ ਦੀਆਂ ਚੁਣੌਤੀਆਂ ” ਵਿਸ਼ੇ ਉੱਤੇ ਇਕ ਸੰਵਾਦ ਰਚਾਇਆ ਗਿਆ ਜਿਸ ਵਿੱਚ ਸੰਬੋਧਨ ਕਰਦਿਆਂ ਡਾ. ਸੁਰਜੀਤ ਸਿੰਘ ਭੱਟੀ ਨੇ ਇਤਿਹਾਸਿਕ ਹਵਾਲਿਆਂ ਨਾਲ ਪੰਜਾਬੀ ਭਾਸ਼ਾ ਦੀ ਪੁਰਾਤਨਤਾ, ਸਮੇਂ ਸਮੇਂ ‘ਤੇ ਇਸ ਦੇ ਰੂਪ ਵਿੱਚ ਆਏ ਬਦਲਾਵਾਂ ਅਤੇ ਪੰਜਾਬੀ ਬੋਲੀ ਦੀ ਤਾਕਤ ਬਾਰੇ ਗੱਲ ਕਰਦਿਆਂ, ਮੌਜੂਦਾ ਸਮੇਂ ਪੰਜਾਬੀ ਭਾਸ਼ਾ ਲਈ ਵੱਧ ਰਹੀਆਂ ਚੁਣੌਤੀਆਂ ਅਤੇ ਉਹਨਾਂ ਦੇ ਹੱਲ ਉੱਪਰ ਬਹੁਤ ਹੀ ਸਕਾਰਾਤਮਕ ਢੰਗ ਨਾਲ ਵਿਚਾਰ ਪੇਸ਼ ਕੀਤੇ । ਡਾ. ਭੱਟੀ ਨੇ ਜਿੱਥੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਹਿੱਤ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਉੱਥੇ ਹੀ ਪੰਜਾਬ ਵਿੱਚ ਪੰਜਾਬੀ ਦੇ ਹੋ ਰਹੇ ਤ੍ਰਿਸਕਾਰ ਵਿਰੁੱਧ ਆਪਣਾ ਰੋਸ ਪ੍ਰਗਟਾਉਣ ਲਈ ਵੀ ਪ੍ਰੇਰਿਆ । ਡਾ. ਭੱਟੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦ ਤੱਕ ਕਿਸੇ ਬੋਲੀ ਨੂੰ ਤੁਸੀਂ ਆਪਣੇ ਪਰਿਵਾਰ , ਵਪਾਰ , ਕਾਰੋਬਾਰ ਤੇ ਸਰਕਾਰ ਦੀ ਬੋਲੀ ਨਹੀਂ ਬਣਾ ਲੈਂਦੇ ਤੱਦ ਤੱਕ ਉਸ ਭਾਸ਼ਾ ਦੇ ਖੁਰ ਜਾਣ ਜਾਂ ਖਤਮ ਹੋ ਜਾਣ ਦਾ ਖ਼ਤਰਾ ਬਰਕਰਾਰ ਰਹਿੰਦਾ ਹੈ । ਆਸਟਰੇਲੀਆ ਵਿੱਚ ਪੰਜਾਬੀ ਬੋਲੀ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਰੋਲ ਨਿਭਾ ਚੁੱਕੇ ਡਾ. ਹਰਜਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗੁਲਾਮ ਕੌਮਾਂ ਦੀ ਆਪਣੀ ਕੋਈ ਬੋਲੀ ਨਹੀਂ ਹੁੰਦੀ ਤੇ ਆਪਣੀ ਅਜ਼ਾਦ ਹਸਤੀ ਲਈ ਆਪਣੀ ਮਾਂ ਬੋਲੀ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ । ਸੰਵਾਦ ਵਿੱਚ ਹੋਰ ਵੀ ਵਿਦਵਾਨਾਂ ਆਪਣੇ ਵਿਚਾਰਾਂ ਦੀ ਸਾਂਝ ਪਾਈ । ਸਮਾਗਮ ਦੇ ਅਖੀਰ ਵਿੱਚ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਦੇ ਸਮੂਹ ਅਹੁਦੇਦਾਰਾਂ ਵੱਲੋ ਡਾ. ਸੁਰਜੀਤ ਸਿੰਘ ਭੱਟੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਡਾ. ਭੱਟੀ ਵੱਲੋਂ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਦੇ ਸਰਪ੍ਰਸਤ ਫੁਲਵਿੰਦਰਜੀਤ ਸਿੰਘ ਗਰੇਵਾਲ ਅਤੇ ਵਾਈਸ ਪ੍ਰੈਜ਼ੀਡੈਂਟ ਅਮਰਦੀਪ ਕੌਰ ਨੂੰ ਆਪਣੀ ਲਿਖਤ ਕਿਤਾਬਾਂ ਦਾ ਸੈੱਟ ਭੇਂਟ ਕਰਦਿਆਂ ਕਿਹਾ ਕਿ ਕੁਝ ਕਰਜ ਨਾਂ ਮੋੜਨਯੋਗ ਹੁੰਦੇ ਹਨ ਤੇ ਅੱਜ ਦਾ ਇਹ ਸਨਮਾਨ ਨਾਂ ਮੋੜ ਸਕਣ ਵਾਲੇ ਕਰਜ ਦੀ ਤਰਾਂ ਹਮੇਸ਼ਾਂ ਮੇਰੇ ਸਿਰ ਮੱਥੇ ਰਹੇਗਾ ।

ADVERTISEMENT
NZ Punjabi News Matrimonials