ਬ੍ਰਿਸਬੇਨ (ਹਰਪ੍ਰੀਤ ਸਿੰਘ) - ਕੁਈਨਜ਼ਲੈਂਡ ਦੇ ਬਿਉਡੇਜ਼ਰਟ ਰਹਿੰਦਾ ਇਰਵਿੰਗ ਪਰਿਵਾਰ ਇਸ ਵੇਲੇ ਬਹੁਤ ਸਦਮੇ ਵਿੱਚ ਹੈ, ਕਿਉਂਕਿ ਉਨ੍ਹਾਂ ਦੇ ਘਰ ਦੇ ਬਜੁਰਗ ਵੇਨ ਇਰਵਿੰਗ ਦੀ ਮੌਤ ਦੇ ਕਾਰਨਾਂ ਬਾਰੇ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਦਾ ਵਿਛੋੜੇ ਦਾ ਦੁੱਖ ਹੋਰ ਵੀ ਵੱਧ ਗਿਆ ਹੈ।
ਵੇਨ ਇਰਵਿੰਗ ਦੀ ਪਤਨੀ ਬਾਰਬਰਾ ਇਰਵਿੰਗ ਅਨੁਸਾਰ ਉਨ੍ਹਾਂ ਦੇ ਪਤੀ ਨੂੰ ਵੀਰਵਾਰ ਸ਼ਾਮ 7.30 ਵਜੇ ਦਿਲ ਦੇ ਦੌਰੇ ਦੀ ਸ਼ਿਕਾਇਤ ਹੋਈ ਤੇ ਉਨ੍ਹਾਂ ਨੇ ਐਮਰਜੈਂਸੀ ਵਿਭਾਗ ਨੂੰ ਕਾਲ ਕੀਤੀ। ਮੌਕੇ 'ਤੇ ਪੈਰਾਮੈਡੀਕਸ ਦੀ ਟੀਮ 30 ਮਿੰਟ ਬਾਅਦ ਪੁੱਜੀ ਅਤੇ ਵੇਨ ਨੂੰ ਇਸਪਵਿਕ ਹਸਪਤਾਲ ਲੈ ਗਏ, ਜਿੱਥੇ ਹਸਪਤਾਲ ਭਰਤੀ ਹੋਣ ਲਈ ਉਨ੍ਹਾਂ ਨੂੰ 9.15 ਤੋਂ ਰਾਤ 12.15 ਵਜੇ ਤੱਕ ਉਡੀਕ ਕਰਨੀ ਪਈ, ਕਿਉਂਕਿ ਹਸਪਤਾਲ ਵਿੱਚ ਮਰੀਜ ਲਈ ਐਮਰਜੈਂਸੀ ਥਾਂ ਵੀ ਮੌਜੂਦ ਨਹੀਂ ਸੀ ਤੇ ਇਸ ਦੌਰਾਨ ਬਜੁਰਗ ਵੇਨ ਦੀ ਮੌਤ ਹੋ ਗਈ ਅਤੇ ਇਸ ਅਸਲੀਅਤ ਬਾਰੇ ਪਰਿਵਾਰ ਨੂੰ ਹੁਣ ਦੱਸਿਆ ਗਿਆ ਹੈ, ਜਿਸ ਤੋਂ ਬਾਅਦ ਕੋਰੋਨਰ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੇਨ ਦੀ ਧੀ ਲੋਰੇਨ ਹੇਨਸਫੋਰਡ ਅਨੁਸਾਰ ਪਰਿਵਾਰ ਨੂੰ ਇਸ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਸੀ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਐਂਬੁਲੈਂਸ ਵਿੱਚ ਉਡੀਕ ਦੌਰਾਨ ਹੋ ਗਈ ਸੀ, ਜਦਕਿ ਪਰਿਵਾਰ ਇਹ ਸੋਚ ਰਿਹਾ ਸੀ ਕਿ ਵੇਨ ਐਮਰਜੈਂਸੀ ਵਿਭਾਗ ਵਿੱਚ ਭਰਤੀ ਹੋ ਗਏ ਸਨ ਅਤੇ ਉੱਥੇ ਉਨ੍ਹਾਂ ਦੀ ਮੌਤ ਹੋਈ ਹੈ। ਦੱਸਦੀਏ ਕਿ ਇਸ ਵੇਲੇ ਆਸਟ੍ਰੇਲੀਆ ਭਰ ਦੇ ਹਸਪਤਾਲਾਂ ਵਿੱਚ ਮਰੀਜਾਂ ਦੀ ਲਗਾਤਾਰ ਵੱਧਦੀ ਗਿਣਤੀ ਅਤੇ ਹਸਪਤਾਲਾਂ ਵਿੱਚ ਮਰੀਜਾਂ ਲਈ ਘੱਟਦੀ ਥਾਂ ਇੱਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।