ਆਕਲੈਂਡ : ਲਾਕਡਾਊਨ ਕਾਰਨ ਨੌਕਰੀ ਗਵਾ ਚੁੱਕੇ ਇਕ ਸ਼ਖਸ ਦੀ ਕਿਸਮਤ ਅਚਾਨਕ ਚਮਕ ਪਈ ਅਤੇ ਉਹ ਇਕ ਵੱਡੀ ਲਾਟਰੀ ਦਾ ਜੇਤੂ ਬਣ ਗਿਆ। ਦਿਲਚਸਪ ਗੱਲ ਇਹ ਹੈ ਕਿ ਇਹ ਸ਼ਖਸ ਹਾਲ ਹੀ ਵਿਚ ਪਿਤਾ ਬਣਿਆ ਸੀ ਅਤੇ ਮਹਾਮਾਰੀ ਕਾਰਨ ਉਸ ਦੀ ਨੌਕਰੀ ਚਲੀ ਗਈ ਸੀ। ਹੁਣ ਲਾਟਰੀ ਜਿੱਤਣ ਮਗਰੋਂ ਸ਼ਖਸ ਨੂੰ ਅਗਲੇ 20 ਸਾਲ ਤੱਕ ਕੋਈ ਕੰਮ ਕਰਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਉਸ ਦੇ ਅਕਾਊਂਟ ਵਿਚ ਹਰ ਮਹੀਨੇ ਇਕ ਤੈਅ ਰਾਸ਼ੀ ਆਉਂਦੀ ਰਹੇਗੀ।
ਜਾਣਕਾਰੀ ਦੇ ਮੁਤਾਬਕ ਆਸਟ੍ਰੇਲੀਆ ਦੇ ਐਡੀਲੈਡ ਸ਼ਹਿਰ ਦੇ ਰਹਿਣ ਵਾਲਾ ਵਿਅਕਤੀ ਪਿਛਲੇ ਦਿਨੀਂ ਜਦੋਂ ਦਫਤਰ ਪਹੁੰਚਿਆ ਤਾਂ ਉਸ ਦੇ ਬੌਸ ਨੇ ਉਸ ਨੂੰ ਅਗਲੇ ਦਿਨ ਤੋਂ ਨੌਕਰੀ 'ਤੇ ਨਾ ਆਉਣ ਲਈ ਕਹਿ ਦਿੱਤਾ। ਨੌਕਰੀ ਜਾਣ ਕਾਰਨ ਸ਼ਖਸ ਕਾਫੀ ਪਰੇਸ਼ਾਨ ਸੀ ਕਿਉਂਕਿ ਉਹ ਹਾਲ ਹੀ ਵਿਚ ਪਿਤਾ ਬਣਿਆ ਸੀ। ਇਸ ਵਿਅਕਤੀ ਦਾ ਨਾਮ ਮਾਈਕਲ ਗ੍ਰਾਹਮ ਦੱਸਿਆ ਜਾ ਰਿਹਾ ਹੈ ਅਤੇ ਇਸ ਦੀ ਉਮਰ 28 ਸਾਲ ਦੇ ਕਰੀਬ ਹੈ। ਇਸ ਵਿਅਕਤੀ ਨੇ ਕਿਹਾ ਕਿ ਹੁਣ ਉਸ ਨੂੰ ਅਗਲੇ 2 ਦਹਾਕਿਆਂ ਤੱਕ ਆਪਣੀ ਵਿੱਤੀ ਸੁਰੱਖਿਆ ਨੂੰ ਲੈਕੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਜਿਸ ਦਿਨ ਉਸ ਦੇ ਬੌਸ ਨੇ ਉਸ ਨੂੰ ਨੌਕਰੀ ਤੋਂ ਕੱਢਿਆ ਉਸੇ ਦਿਨ ਉਸ ਦੇ ਹੱਥ ਲਾਟਰੀ ਦੀ ਰਾਸ਼ੀ ਲੱਗੀ।