ਬ੍ਰਿਸਬੇਨ(ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਆਸਟਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਵੱਲੋਂ ਸਥਾਨਿਕ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਮੈਲਬੌਰਨ ਨਿਵਾਸੀ ਗਾਇਕ/ਗੀਤਕਾਰ ਬਿੱਕਰ ਬਾਈ ਦਾ ਪਲੇਠਾ ਗੀਤ ਸੰਗ੍ਰਹਿ ਗੀਤ ਰਹਿਣਗੇ ਕੋਲ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਮਨਜੀਤ ਬੋਪਾਰਾਏ ਦੇ ਸਵਾਗਤੀ ਸ਼ਬਦਾਂ ਨਾਲ ਹੋਈ ਅਤੇ ਇਸ ਉਪਰੰਤ ਸ਼ਾਇਰ ਸਰਬਜੀਤ ਸੋਹੀ ਨੇ ਬਿੱਕਰ ਬਾਈ ਦੀ ਕਿਤਾਬ ਬਾਰੇ ਸੰਖੇਪ ਵਿੱਚ ਗੱਲ-ਬਾਤ ਕੀਤੀ। ਸਰਬਜੀਤ ਸੋਹੀ ਨੇ ਬਿੱਕਰ ਬਾਈ ਦੀ ਗੀਤਕਾਰੀ ਨੂੰ ਸਮਾਜ ਲਈ ਦਿਸ਼ਾ ਨਿਰਦੇਸ਼ਕ ਅਤੇ ਪਰਿਵਾਰਕ ਦੱਸਦਿਆਂ ਇਸ ਕਿਤਾਬ ਨੂੰ ਇਕ ਸਾਂਭਣਯੋਗ ਦਸਤਾਵੇਜ਼ ਕਿਹਾ। ਪ੍ਰੋਗਰਾਮ ਦੇ ਦੂਸਰੇ ਭਾਗ ਵਿੱਚ ਹੋਏ ਕਵੀ ਦਰਬਾਰ ਵਿੱਚ ਰੁਪਿੰਦਰ ਸੋਜ਼, ਪਾਲ ਰਾਊਕੇ, ਕਮਲਦੀਪ ਸਿੰਘ, ਮੀਤ ਧਾਲੀਵਾਲ, ਆਤਮਾ ਸਿੰਘ ਹੇਅਰ, ਅਮਨਪ੍ਰੀਤ ਕੌਰ ਟੱਲੇਵਾਲ, ਗੁਰਜੀਤ ਬਾਰੀਆ, ਰਿਪਜੀਤ ਸਿੰਘ, ਆਦਿ ਲੇਖਕਾਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਮਸ਼ੇਰ ਸਿੰਘ ਚੀਮਾ, ਪ੍ਰਧਾਨ ਅਮਰਜੀਤ ਸਿੰਘ ਮਾਹਲ, ਅਜੈਬ ਸਿੰਘ ਵਿਰਕ, ਗੁਰਮੀਤ ਸਿੰਘ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਦਲਵੀਰ ਹਲਵਾਰਵੀ ਵੱਲੋਂ ਖ਼ੂਬਸੂਰਤੀ ਨਾਲ ਨਿਭਾਈ ਗਈ।