ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮੋਰਚੇ ਹਥਿਆਰਾਂ ਨਾਲ ਨਹੀਂ ਸਗੋਂ ਜ਼ਾਬਤੇ `ਚ ਰਹਿ ਕੇ ਜਿਗਰਿਆਂ ਨਾਲ ਜਿੱਤੇ ਜਾਂਦੇ ਹਨ,ਕਿਉਂਕਿ ਸੂਝਵਾਨ ਲੋਕ ਮੰਨਦੇ ਹਨ ਕਿ ਹਥਿਆਰ ਤਾਂ ਪੈਸੇ ਨਾਲ ਵੀ ਖ੍ਰੀਦੇ ਜਾ ਸਕਦੇ ਹਨ ਪਰ ਜਿਗਰਾ ਨਹੀਂ। ਪਿਛਲੇ ਕਰੀਬ ਇੱਕ ਮਹੀਨੇ ਤੋਂ ਕਿਸਾਨਾਂ ਦਾ ਸ਼ਾਂਤਮਾਈ ਤਰੀਕੇ ਨਾਲ ਚੱਲ ਰਿਹਾ ਅੰਦੋਲਨ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਪੰਜਵੀਂ ਪਾਤਾਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਫ਼ਲਸਫੇ `ਤੇ ਪਹਿਰਾ ਦਿੰਦੇ ਆ ਰਹੇ ਹਨ। ਸੰਘਰਸ਼ ਦੀ ਅਹਿਮ ਗੱਲ ਇਹ ਵੀ ਹੈ ਕਿ ਅੰਦੋਲਨ ਕੋਈ ਫਾਇਦਾ ਲੈਣ ਲਈ ਨਹੀਂ ਸਗੋਂ ਆਪਣੀ ਜ਼ਮੀਨ ਬਚਾਉਣ ਲਈ ਲੜਿਆ ਜਾ ਰਿਹਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਨੌਵੇਂ ਪਾਤਸ਼ਾਹ ਕਸ਼ਮੀਰੀ ਪੰਡਿਤਾਂ ਦੀ ਅਰਜ਼ੋਈ `ਤੇ ‘ਹਿੰਦੂ ਧਰਮ’ ਦੀ ਰਾਖੀ ਲਈ ਕੁਰਬਾਨ ਹੋਏ ਸਨ। ਅਜਿਹੀਆਂ ਕੁਰਬਾਨੀਆਂ ਦੀ ਪ੍ਰੇਰਨਾ ਦਾ ਹੀ ਅਸਰ ਹੈ ਕਿ ਕਿਸਾਨਾਂ ਨੂੰ ਹਰ ਔਕੜ ਵੀ ਹੌਂਸਲਾ ਬਖਸ਼ ਰਹੀ ਹੈ।
ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਦਿੱਲੀ `ਚ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ‘ਠੰਢੇ ਬੁਰਜ’ ਦਾ ਨਿੱਘ ਇੰਨਾ ਜਿਆਦਾ ਮਹਿਸੂਸ ਹੋ ਰਿਹਾ ਹੈ ਕਿ ਉਹ ਪੋਹ ਦੇ ਪਾਲੇ `ਚ ਵੀ ਪੂਰੇ ਹੌਸਲੇ ਨਾਲ ਡਟੇ ਹੋਏ ਹਨ। ਉਹ ਧਾਰਮਿਕ ਵਿਰਾਸਤ ਨੂੰ ਯਾਦ ਕਰ ਰਹੇ ਹਨ ਕਿ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਵੀ ਆਪਣੇ ਧਰਮ ਦੀ ਰਾਖੀ ਦੀ ਲਈ ਇਨੀਂ ਦਿਨੀਂ ਠੰਢੇ ਬੁਰਜ `ਚ ਰਾਤਾਂ ਗੁਜ਼ਾਰੀਆਂ ਸਨ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ `ਚ ਕਿਸਾਨ ਦਿ੍ਰੜ ਇਰਾਦੇ ਨਾਲ ਦੱਸ ਰਹੇ ਹਨ ਕਿ ਉਹ ਮਾਤਾ ਗੁਜਰੀ ਦੇ ਵਾਰਸ ਹਨ ਅਤੇ ਅਜਿਹੀ ਠੰਢ ਦੀ ਕੋਈ ਪ੍ਰਵਾਹ ਨਹੀਂ ਕਰਨਗੇ। ਜਿਹੜੇ ਕਿਸਾਨ ਆਪਣੇ ਧਰਮ ਦੇ ਸ਼ਹੀਦਾਂ ਨੂੰ ਅੰਗ-ਸੰਗ ਮੰਨ ਕੇ ਚੱਲ ਰਹੇ ਹਨ, ਉਨ੍ਹਾਂ ਨੂੰ ਆਪਣੇ ਅੱਗੇ ਕੋਈ ਖ਼ਤਰਾ ਨਹੀਂ ਦਿਸ ਸਕਦਾ ਕਿਉਂਕਿ ਉਨ੍ਹਾਂ ਦਾ ਟੀਚਾ ਨਿਸ਼ਚਿਤ ਹੈ। ਧਰਨੇ ਵਾਲੀ ਥਾਂ `ਤੇ ਭੁੰਜੇ ਪਏ ਕਿਸਾਨਾਂ ਨੂੰ ਮਾਛੀਵਾੜੇ ਦਾ ਇਤਿਹਾਸ ਵੀ ਯਾਦ ਹੈ। ਉਨ੍ਹਾਂ ਦੇ ਚਿਹਰੇ ਸਪੱਸ਼ਟ ਰੂਪ `ਚ ਦੱਸ ਰਹੇ ਹਨ ਕਿ ਜੇਕਰ ਬਾਜਾਂ ਵਾਲੇ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਟ-ਪੱਥਰ ਦਾ ਸਰ੍ਹਾਣਾ ਲਾ ਕੇ ਜ਼ਮੀਨ `ਤੇ ਸੌਂ ਸਕਦੇ ਹਨ ਤਾਂ ਕਿਸਾਨ ਆਪਣੀ ਜ਼ਮੀਨ ਬਚਾਉਣ ਲਈ ਜ਼ਮੀਨ `ਤੇ ਕਿEਂ ਨਹੀਂ ਸੌਂਂ ਸਕਦਾ? ਆਪਣੇ `ਤੇ ਡਾਗਾਂ ਵਰ੍ਹਾਉਣ ਵਾਲਿਆਂ ਨੂੰ ਵੀ ਜਲ-ਪਾਣੀ ਛਕਾਉਣ ਵਾਲੇ ਕਿਸਾਨਾਂ ਦੇ ਕਿਰਦਾਰ ਚੋਂ ‘ਨਾ ਕੋਈ ਵੈਰੀ ਤੇ ਨਾ ਹੀ ਬਿਗਾਨਾ’ ਵਾਲਾ ਸਰੂਪ ਝਲਕਦਾ ਹੈ। ਕਿਧਰੇ ਖਾਲਸਾ ਏਡ ਅਤੇ ਡਾ ਧਰਮਵੀਰ ਗਾਂਧੀ ਵਰਗਿਆਂ ਚੋਂ ਭਾਈ ਕਨ੍ਹੱਈਆ ਜੀ ਦੇ ਅਸਲ ਵਾਰਸਾਂ ਦਾ ਝਲਕਾਰਾ ਪੈਂਦਾ ਹੈ। ਦਿੱਲੀ , ਮਹਾਰਾਸ਼ਟਰ, ਰਾਜਸਥਾਨ,ਯੂਪੀ,ਬਿਹਾਰ ਅਤੇ ਹੋਰ ਸੂਬਿਆਂ ਦੇ ਲੋਕ ਪੰਜਾਬੀ ਕਿਸਾਨਾਂ ਦੇ ਦਰਮਿਆਨ ਵਿਚਰਦਿਆਂ ਸੁਰੱਖਿਅਤ ਮਹਿਸੂਸ ਕਰਦੇ ਹੋਏ ਜਿਸ ਤਰ੍ਹਾਂ ਕਿਸਾਨਾਂ ਦੇ ਹੱਕ `ਚ ਅਵਾਜ਼ ਬੁਲੰਦ ਕਰ ਰਹੇ ਹਨ, ਉਸਨੇ ਦਰਸਾ ਦਿੱਤਾ ਹੈ ਕਿ ਕੇਂਦਰ ਸਰਕਾਰ ਦੀ ਧਰਮ ਤੇ ਖੇਤਰਵਾਦ ਦੇ ਅਧਾਰ `ਤੇ ਵਾਲੀ ਵੰਡ-ਪਾਊ ਨੀਤੀ ਸਫ਼ਲ ਨਹੀਂ ਹੋਵੇਗੀ।
ਖ਼ੈਰ ! ਸੰਘਰਸ਼ ਦਾ ਰੂਪ-ਰੇਖਾ ਅਗਲੇ ਦਿਨੀਂਂ ਕਿਹੋ ਜਿਹੀ ਹੋਵੇਗੀ। ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਅੰਦੋਲਨ ਨੇ ਜਿਸ ਤਰ੍ਹਾਂ ਪੰਜਾਬ ਦੀ ਜਵਾਨੀ ਅਤੇ ਆਮ ਲੋਕਾਂ ਨੂੰ ਆਪਣੀ ਵਿਰਾਸਤ ਯਾਦ ਕਰਵਾਈ ਹੈ ਉਸਦੇ ਹਾਂ-ਪੱਖੀ ਸਿੱਟੇ ਲੰਬੇ ਸਮੇਂ ਤੱਕ ਵੇਖਣ ਨੂੰ ਮਿਲਣਗੇ। ਉਮੀਦ ਹੀ ਨਹੀਂ ਸਗੋਂ ਪੂਰੀ ਆਸ ਹੈ ਕਿ ਹੁਣ ਪੰਜਾਬ ਨਵੀਂ ਦਿਸ਼ਾ ਵੱਲ ਤੁਰੇਗਾ ਅਤੇ ਲੋਕ ਸਿਆਸਤ ਦੀ ਤੰਗ ਵਲਗਣ ਚੋਂ ਨਿਕਲ ਕੇ ਆਪਣੇ ਮੁਕਾਮ `ਤੇ ਪੁੱਜੇਗਾ। ਜਿਸ ਵਿੱਚ ਧਾਰਮਿਕ ਵਿਰਾਸਤ ਦਾ ਰੰਗ ਹੋਰ ਵੀ ਗੂੜ੍ਹਾ ਹੋਵੇਗਾ ਅਤੇ ਆਪਸੀ ਨਿੱਜੀ ਵਖਰੇਵਿਆਂ ਦਾ ਰੰਗ ਫਿੱਕਾ ਪੈ ਜਾਵੇਗਾ।
-ਐੱਨਜ਼ੈੱਡ ਪੰਜਾਬੀ ਨਿਊਜ਼, ਆਕਲੈਂਡ, ਨਿਊਜ਼ੀਲੈਂਡ ( 25 ਦਸੰਬਰ 2020)
+64210553075