Friday, 22 January 2021
10 January 2021 Editorials

ਕੌਣ ਹਨ ਫੇਸ ਢਕ ਕੇ ਫੇਸਬੁੱਕ ਵਰਤਣ ਵਾਲੇ ਪੰਜਾਬੀ ਫੇਕਬੁੱਕੀਏ ?

ਕੌਣ ਹਨ  ਫੇਸ ਢਕ ਕੇ ਫੇਸਬੁੱਕ ਵਰਤਣ ਵਾਲੇ ਪੰਜਾਬੀ  ਫੇਕਬੁੱਕੀਏ ? - NZ Punjabi News

ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਫੇਸਬੁੱਕ ਨੂੰ ਸ਼ੋਸ਼ਲ ਮੀਡੀਆ ਦਾ ਅਜਿਹਾ ਰੂਪ ਮੰਨਿਆ ਜਾਂਦਾ ਹੈ, ਜਿਸਨੂੰ ਜਨਤਾ ਦਾ ਮੀਡੀਆ ਹੋਣ ਦਾ ਮਾਣ ਹਾਸਲ ਹੈ। ਵੱਖਰੀ ਗੱਲ ਹੈ ਕਿ ਇਸ ਪਿੱਛੇ ਕੰਮ ਕਰ ਰਹੇ ਕਾਰਪੋਰੇਟੀ ਅਦਾਰਿਆਂ ਦੇ ਆਪਣੇ ਕਈ ਤਰ੍ਹਾਂ ਦੇ ਹਿਤ ਲੁਕੇ ਹੋਏ ਹਨ। ਪਰ ਇਸ ਅਜਿਹੀ ਕੌੜੀ ਹਕੀਕਤ ਦੇ ਬਾਵਜੂਦ ਇਸਦਾ ਆਪਣਾ ਮਹੱਤਵ ਹੈ, ਜਿਸਨੇ ਹਰ ਇਨਸਾਨ ਨੂੰ ਪੱਤਰਕਾਰਤਾ ਵਾਲਾ ਰੋਲ ਨਿਭਾਉਣ ਦਾ ਮੌਕਾ ਦਿੱਤਾ ਹੈ। ਪਰ ਇਸਦੀ ਸੁਚੱਜੀ ਵਰਤੋਂ ਕਰਨ ਵਾਲਿਆਂ ਦੇ ਨਾਲ ਇਸਦੀ ਦੁਰਵਰਤੋਂ ਕਰਨ ਵਾਲਿਆਂ ਦੀ ਵੀ ਕਮੀ ਨਹੀਂਂ। ਜਿਸ ਤਰ੍ਹਾਂ ਫ਼ਸਲਾਂ `ਚ ਨਦੀਨ ਆਪਣੇ-ਆਪ ਉੱਗ ਪੈਂਦੇ ਹਨ,ਉਸੇ ਤਰ੍ਹਾਂ ਕਈ ਅਜਿਹੇ ਲੋਕ ਵੀ ਪੈਦਾ ਹੋ ਗਏ ਹਨ,ਜੋ ਅਜਿਹੇ ਸ਼ੋਸ਼ਲ ਮੀਡੀਆ ਨੂੰ ਸਿਰਫ਼ ਆਪਣੇ ਸੌੜੇ ਮੰਤਵਾਂ ਲਈ ਵਰਤ ਰਹੇ ਹਨ। ਕਈ ਲੋਕ ਫੇਸ ਢਕ ਕੇ ਭਾਵ ਜਾਅਲੀ ਅਕਾਊਂਟ ਬਣਾ ਕੇ ਦੂਸ਼ਣਬਾਜ਼ੀ ਵਾਲਾ ਰਾਹ ਫੜ ਚੁੱਕੇ ਹਨ। ਪਰ ਸਵਾਲ ਇਹ ਹੈ ਕਿ ਕੀ ‘ਘੁੰਡ ਕੱਢ’ ਕੇ ਦੂਜਿਆਂ ਦੀ ਪਿੱਠ ਪਿੱਛੇ ਵਾਰ ਕਰਨ ਵਾਲੇ ‘ਸੂਰਮੇ’ ਕਹਾ ਸਕਦੇ ਹਨ? ਬਿਨਾਂ ਸ਼ੱਕ ਇਸਦਾ ਜਵਾਬ ਬਿਲਕੁਲ ਨਾਂਹ `ਚ ਹੀ ਹੋਵੇਗਾ।
ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਮੁਗ਼ਲ ਧਾੜਵੀ ਬਾਬਰ ਨੂੰ ਜਾਬਰ ਆਖਿਆ ਸੀ ਤਾਂ ਉਸ ਵੇਲੇ ਉਨ੍ਹਾਂ ਸਪੱਸ਼ਟ ਰੂਪ `ਚ ਧਾੜਵੀ ਨੂੰ ਵੰਗਾਰਿਆ ਸੀ। ਉਸ ਤੋਂ ਪਿੱਛੋਂ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੀਨਾ ਸਾਹਿਬ ਤੋਂ ਜੋ ਜ਼ਫ਼ਰਨਾਮਾ ਲਿਖਿਆ ਸੀ, ਉਹ ਵੀ ਸਪੱਸ਼ਟ ਰੂਪ `ਚ ਉਨ੍ਹਾਂ ਵੱਲੋਂ ਆਪਣੇ ਨਾਂ ਹੇਠ ਭੇਜਿਆ ਸੀ। ਇਸ ਤੋਂ ਇਲਾਵਾ ਇਤਿਹਾਸ ਦੀਆਂ ਜੋ ਵੀ ਹੋਰ ਉਦਾਹਰਨਾਂ ਮਿਲਦੀਆਂ ਹਨ, ਉਹ ਇਹੀ ਦਰਸਾਉਂਦੀ ਹਨ ਕਿ ਕਿਸੇ ਇੱਕ ਧਿਰ ਵੱਲੋਂ ਕਿਸੇ ਦੂਜੀ ਧਿਰ ਨੂੰ ਭੇਜੀ ਜਾਣ ਵਾਲੀ ਕੋਈ ਲਿਖਤ, ਭੇਜਣ ਵਾਲੇ ਨਾਂ ਦੇ ਰੂਪ `ਚ ਹੁੰਦੀ ਹੈ। ਭਾਵ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੁੰਦੀ ਹੈ ਕਿ ਲਿਖਤ ਕਿਸ ਵੱਲੋਂ ਕਿਸ ਵੱਲ ਅਤੇ ਕਿਸ ਮਕਸਦ ਨਾਲ ਲਿਖੀ ਗਈ ਹੈ। ਇਤਿਹਾਸ ਇਹ ਵੀ ਦਸਦਾ ਹੈ ਕਿ ਸੂਰਮੇ ਉਹੀ ਹੁੰਦੇ ਹਨ, ਜੋ ਵਿਰੋਧੀ ਨੂੰ ਲਲਕਾਰਨ ਦੀ ਹਿੰਮਤ ਰੱਖਦੇ ਹਨ। ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਜੇਕਰ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਘੜ ਦਾ ਸਿਰ ਵੱਢਣ ਦਾ ਇਤਿਹਾਸਕ ਕਾਰਨਾਮਾ ਕੀਤਾ ਸੀ ਤਾਂ ਉਹ ਚਿਹਰਾ ਢਕ ਕੇ ਨਹੀਂ ਸਗੋਂ ਵੈਰੀਆਂ ਦੀ ਅੱਖ `ਚ ਅੱਖ ਪਾ ਕੇ ਅੰਦਰ ਗਏ ਸਨ। ਸ੍ਰ ਭਗਤ ਸਿੰਘ ਨੇ ਲਾਹੌਰ ਅਸੰਬਲੀ `ਚ ਬੰਬ ਸੁੱਟਿਆ ਸੀ ਤਾਂ ਉਹ ਵੀ ਹਿੱਕ ਡਾਅ ਕੇ ਅੰਦਰ ਗਏ ਸਨ। ਦਹਾਕਿਆਂ ਬਾਅਦ ਜੇ ਸ੍ਰ ਊਧਮ ਸਿੰਘ ਨੇ ਜੱਲਿ੍ਹਆਂ ਵਾਲੇ ਬਾਗ਼ ਦੇ ਖੂਨੀ ਕਾਂਡ ਦਾ ਲੰਡਨ ਜਾ ਕੇ ਬਦਲਾ ਲਿਆ ਸੀ ਤਾਂ ਉਹ ਵੀ ਮੂੰਹ ਢਕ ਕੇ ਨਹੀਂ ਸਨ ਗਏ।
ਪਰ ਸ਼ੋਸ਼ਲ ਮੀਡੀਆ `ਤੇ ਕਾਇਰਾਂ ਦੀ ਇੱਕ ਅਜਿਹੀ ‘ਮੰਡਲੀ’ ਪੈਦਾ ਹੋ ਗਈ ਹੈ, ਜਿਸਦੇ ਕਾਰਨਾਮੇ ਬੁਜ਼ਦਿਲਾਂ ਨੂੰ ਵੀ ਮਾਤ ਪਾਉਂਦੇ ਹਨ। ਅਜਿਹੇ ਲੋਕ ਲੜਾਈ ਤਾਂ ਲੜਨੀ ਚਾਹੁੰਦੇ ਹਨ, ਪਰ ਸਾਹਮਣੇ ਆਉਣ ਦਾ ਹੀਆ ਨਹੀਂ ਸਕਦੇ। ਸਿਰਫ਼ ਚਿਹਰਾ ਢਕ ਕੇ ਜਾਂ ਘੁੰਡ ਕੱਢ ਕੇ ਦੂਸ਼ਣਬਾਜ਼ੀ ਕਰਨ ਵਾਲੇ ਵਾਰ ਹੀ ਕਰਦੇ ਹਨ। ਇਤਿਹਾਸਕਾਰ ਅਜਿਹੇ ਲੋਕਾਂ ਦਾ ਨਾਂ ਕਦੇ ਵੀ ਬਹਾਦਰਾਂ ਨਹੀਂ ਸਗੋਂ ਬੁਜ਼ਦਿਲਾਂ ਦੀ ਸੂਚੀ `ਚ ਰੱਖਦੇ ਹਨ।
ਇਸ ਕੜੀ ਨੂੰ ਜੇ ਪਿਛਲੇ ਦਿਨੀਂ ਨਿਊਜ਼ੀਲੈਂਡ ਦੀ ਇੱਕ ਧਾਰਮਿਕ ਸੰਸਥਾ ਅਤੇ ਐੱਨਜ਼ੈੱਡ ਪੰਜਾਬੀ ਨਿਊਜ਼ ਵਿਰੁੱਧ ਦੂਸ਼ਣਬਾਜ਼ੀ ਕਰਨ ਵਾਲਿਆਂ ਨਾਲ ਜੋੜ ਕੇ ਵੇਖੀਏ ਤਾਂ ਇਹੀ ਸਵਾਲ ਵਾਰ-ਵਾਰ ਉਠਦਾ ਹੈ ਕਿ ਅਜਿਹੇ ਦੂਸ਼ਣਬਾਜ਼ ਲੋਕਾਂ ਦਾ ਪਾਲਣ-ਪੋਸ਼ਣ ਅਤੇ ਸਕੂਲੀ ਸਿੱਖਿਆ ਕਿਹੋ ਜਿਹੇ ਮਾਹੌਲ `ਚ ਹੋਈ ਹੋਵੇਗੀ? ਜਿਹੜੇ ਸਾਡੇ ਇਤਿਹਾਸ ਦੀ ਸਮਝ ਤੋਂ ਵੀ ਬਿਲਕੁਲ ਕੋਰੇ ਹਨ। ਕਿਸੇ ਵੀ ਇਤਰਾਜ਼ ਦਾ ਸੱਭਿਅਕ ਤਰੀਕੇ ਨਾਲ ਵਿਰੋਧ ਪ੍ਰਗਟ ਕੀਤਾ ਜਾ ਸਕਦਾ ਹੈ। ਸਾਡੇ ਗੁਰੂ ਸਾਹਿਬ ਨੇ ਤਾਂ ਸਿੱਧਾਂ ਨਾਲ ਗੋਸ਼ਟੀ ਕਰਕੇ 5 ਸਦੀਆਂ ਪਹਿਲਾਂ ਹੀ ਸੁਨੇਹਾ ਦੇ ਦਿੱਤਾ ਸੀ ਕਿ ਕਿਸੇ ਵੀ ਮੁੱਦੇ ਨੂੰ ਦਲੀਲ ਨਾਲ ਸੁਲਝਾਇਆ ਜਾ ਸਕਦਾ ਹੈ। ਹਰਦੁਆਰ ਅਤੇ ਮੱਕੇ-ਮਦੀਨੇ ਦੀਆਂ ਘਟਨਾਵਾਂ ਦੀ ਇਹੀ ਸਬਕ ਸਿਖਾਉਂਦੀਆਂ ਹਨ ਕਿ ਸੱਭਿਅਕ ਸਮਾਜ `ਚ ਦਲੀਲ ਸਭ ਤੋਂ ਵੱਡਾ ਹਥਿਆਰ ਹੈ। ਸੂਝਵਾਨ ਲੋਕ ਚੰਗੀ ਤਰ੍ਹਾਂ ਸਮਝਦੇ ਹਨ ਕਿ ਬੱੁਕਲ `ਚ ਮੂੰਹ ਲੁਕੋ ਰੱਖਣ ਵਾਲਿਆਂ ਦੀ ਕੋਈ ਪਛਾਣ ਨਹੀਂ ਹੁੰਦੀ ਅਤੇ ਨਾ ਹੀ ਸਮਾਜ ਨੂੰ ਕੋਈ ਚੰਗੀ ਸੇਧ ਦੇ ਸਕਦੇ ਹਨ। ਸਿਆਣੇ ਆਖਦੇ ਹਨ ਕਿ ਕੋਈ ਵੀ ਵਿਅਕਤੀ ਉਹੀ ਕੁੱਝ ਵੰਡ ਸਕਦਾ ਹੈ, ਜੋ ਉਸਦੇ ਪੱਲੇ ਹੁੰਦਾ ਹੈ। ਦੂਸ਼ਣਬਾਜ਼ ਲੋਕਾਂ ਕੋਲ ਦੂਜਿਆਂ `ਤੇ ਚਿੱਕੜ ਸੁੱਟਣ ਤੋਂ ਇਲਾਵਾ ਹੋਰ ਕੁੱਝ ਨਹੀਂ ਹੁੰਦਾ।
ਖ਼ੈਰ ! ਅਜੋਕੇ ਸੂਚਨਾ ਤਕਨੀਕ ਦੇ ਦੌਰ `ਚ ਆਮ ਲੋਕਾਂ ਦੀ ਆਪਣੀ ਜਿ਼ੰਮੇਵਾਰੀ ਵੀ ਬਹੁਤ ਵੱਡੀ ਹੈ। ਸੂਝਵਾਨ ਲੋਕ ਹਰ ਸੂਚਨਾ ਦੀ ਆਪਣੇ ਪੱਧਰ `ਤੇ ਪਰਖ-ਪੜਚੋਲ ਕਰਨ ਦੇ ਸਮਰੱਥ ਹਨ। ਐੱਨਜ਼ੈੱਡ ਪੰਜਾਬੀ ਨਿਊਜ਼ ਦੇ ਸੂਝਵਾਨ ਪਾਰਖੂ ਪਾਠਕਾਂ ਨੇ ਇਹ ਸਾਬਤ ਵੀ ਕਰ ਦਿੱਤਾ ਹੈ ਕਿ ਝੂਠੀਆਂ ਸੂਚਨਾਵਾਂ ਦਾ ਕੋਈ ਅਧਾਰ ਨਹੀਂ ਹੁੰਦਾ ਅਤੇ ਦੂਸ਼ਣਬਾਜ਼ੀ ਕਰਨ ਵਾਲਿਆਂ ਦੀ ਮਿਆਦ ਵੀ ਜਿਆਦਾ ਨਹੀਂ ਹੁੰਦੀ।
-ਐੱਨਜ਼ੈੱਡ ਪੰਜਾਬੀ ਨਿਊਜ਼ (11 ਜਨਵਰੀ 2021)
+64210553075

ADVERTISEMENT
NZ Punjabi News Matrimonials