ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਪੰਜਾਬ `ਚ ਫਸੇ ਬੈਠੇ ਨਿਊਜ਼ੀਲੈਂਡ ਦੇ ਪਰਮਾਨੈਂਟ ਰੈਜ਼ੀਡੈਂਟਸ ਇਸ ਵੇਲੇ ਨਿਰਾਸ਼ਾ ਦੇ ਆਲਮ `ਚ ਗੁਜ਼ਰਨ ਲਈ ਮਜਬੂਰ ਹਨ। ਭਾਰਤ ਦੇ ਕੋਰੋਨਾ ਕੇਸਾਂ `ਚ ਵਾਧਾ ਹੋਣ ਪਿੱਛੋ ਫਲਾਈਟਾਂ `ਤੇ ਆਰਜ਼ੀ ਤੌਰ `ਤੇ ਲਾਈ ਪਾਬੰਦੀ ਹਟਾ ਲਏ ਜਾਣ ਤੋਂ ਬਾਅਦ ਵੀ ਵਿਤਕਰੇ ਦਾ ਸਿ਼ਕਾਰ ਹੋਏ ਦਿਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਪਰਮਾਨੈਂਟ ਰੈਜ਼ੀਡੈਂਟਸ ਵੀ ਸਿਟੀਜ਼ਨਜ ਦੇ ਬਰਾਬਰ ਹੀ ਅਧਿਕਾਰ ਰੱਖਦੇ ਹਨ ਤਾਂ ਪੀਆਰ ਵਾਲਿਆਂ ਨੂੰ ਬੇਗਾਨੇ ਕਿਉਂ ਸਮਝਿਆ ਜਾ ਰਿਹਾ ਹੈ? ਕਈਆਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾ ਰਹੀ ਅਤੇ ਕਈਆਂ ਨੂੰ ਕਰਜ਼ੇ ਦਾ ਵਧਦਾ ਭਾਰ ਸੌਣ ਨਹੀਂ ਦੇ ਰਿਹਾ ।
ਨਿਊਜ਼ੀਲੈਂਡ ਦੇ ਕੌਮੀ ਮੀਡੀਆ ਅੱਗੇ ਦਰਦ ਬਿਆਨਣ ਵਾਲਿਆਂ `ਚ ਸ਼ਾਮਲ ਜਤਿੰਦਰ ਕੌਰ ਸਵਾਲ ਪੁੱਛ ਰਹੀ ਹੈ ਕਿ ਉਨ੍ਹਾਂ ਨੂੰ ਅਜਿਹਾ ਕਿਉਂ ਸਮਝਿਆ ਜਾ ਰਿਹਾ ਹੈ ਕਿ ਜਿਵੇਂ ਉਹ ਨਿਊਜ਼ੀਲੈਂਡ ਦੇ ਵਾਸੀ ਨਹੀਂ? ਉਹ ਵੀ ਉਸ ਤਰ੍ਹਾਂ ਹੀ ਸਰਕਾਰ ਨੂੰ ਟੈਕਸ ਦਿੰਦੇ ਹਨ, ਜਿਵੇਂ ਕਿ ਸਿਟੀਜ਼ਨਜ ਦਿੰਦੇ ਹਨ। ਉਹ ਸਾਲ 2015 ਤੋਂ ਨਿਊਜ਼ੀਲੈਂਡ ਰਹਿ ਰਹੀ ਹੈ, ਪਰ ਲੌਕਡਾਊਨ ਸ਼ੁਰੂ ਹੋਣ ਤੋਂਂ ਕੁੱਝ ਸਮਾਂ ਪਹਿਲਾਂ ਵੀ ਇੰਡੀਆ ਗਈ ਸੀ। ਮਾਂ ਬਣਨ ਤੋਂ ਬਾਅਦ ਆਪਣੇ ਬੱਚੇ ਅਤੇ ਪਤੀ ਨਾਲ ਵਾਪਸ ਆਉਣ ਵਾਸਤੇ ਉਸਨੇ ਅਗਲੇ ਮਈ ਮਹੀਨੇ ਦੀ ਕੁਵੌਰਨਟੀਨ ਵੀ ਬੁੱਕ ਕਰਵਾ ਲਈ ਸੀ ਪਰ ਨਵੇਂ ਨਿਯਮਾਂ ਅਨੁਸਾਰ ਉਹ ਰੈਜੀਡੈਂਟ ਹੋਣ ਦੇ ਬਾਵਜੂਦ ਵਾਪਸ ਨਹੀਂ ਆ ਸਕਦੀ। ਉਸਨੂੰ ਇਸ ਗੱਲ ਦਾ ਵੀ ਝੋਰਾ ਹੈ ਕਿ ਜਿਹੜੀ ਕੁਵੌਰਨਟੀਨ ਮਸਾਂ ਬੁੱਕ ਕਰਵਾਈ ਸੀ, ਜੇ ਹੁਣ ਕੈਂਸਲ ਕਰਨ ਕਰਕੇ ਹੱਥੋਂ ਨਿਕਲ ਗਈ ਤਾਂ ਦੁਬਾਰਾ ਕੁਵੌਰਨਟੀਨ ਕਦੋਂ ਤੱਕ ਬੁੱਕ ਹੋਵੇਗੀ?
ਪਰਦੀਪ ਸਿੰਘ ਦੇ ਹਾਲਾਤ ਵੀ ਅਜਿਹੇ ਹਨ, ਜੋ ਪੰਜ ਸਾਲ ਨਿਊਜ਼ੀਲੈਂਡ `ਚ ਗੁਜ਼ਾਰਨ ਪਿੱਛੋਂ ਪਿਛਲੇ ਸਾਲ ਕੁੱਝ ਸਮੇਂ ਲਈ ਆਪਣੇ ਮਾਪਿਆਂ ਨੂੰ ਮਿਲਣ ਗਿਆ ਸੀ ਤਾਂ ਜੋ ਉੱਥੋਂ ਆ ਕੇ ਆਪਣਾ ਰੈਜ਼ੀਡੈਂਟ ਵੀਜ਼ਾ ਸਕੇ,ਕਿਉਂਕਿ ਉਸ ਤੋਂ ਬਾਅਦ ਦੋ ਸਾਲ ਪੰਜਾਬ ਨਹੀਂ ਸੀ ਜਾਇਆ ਜਾ ਸਕਣਾ। ਰਾਜਧਾਨੀ ਵਲੰਿਗਟਨ ਦੇ ਟੀ ਪਾਪਾ ਮਿਊਜ਼ੀਅਮ `ਚ ਉਸਦੀ ਜੌਬ ਅਜੇ ਤੱਕ ਬਚੀ ਹੈ ਪਰ ਡਰ ਹੈ ਕਿ ਜੇ ਹੋਰ ਲੇਟ ਹੋ ਗਿਆ ਤਾਂ ਜੌਬ ਵੀ ਜਵਾਬ ਮਿਲ ਸਕਦਾ ਹੈ।
ਪੋਸਟ ਸਟੱਡੀ ਵਰਕ ਵੀਜ਼ੇ ਵਾਲੇ ਜਗਦੀਪ ਸਿੰਘ ਦੀ ਕਹਾਣੀ ਵੀ ਇਹੋ ਜਿਹੀ ਹੈ। ਉਹ ਆਪਣੇ ਨਵ-ਜੰਮੇ ਬੱਚੇ ਨੂੰ ਲੈ ਕੇ ਆਪਣੇ ਪਰਿਵਾਰ ਨੂੰ ਮਿਲਾਉਣ ਲਈ ਸਿਰਫ਼ ਇੱਕ ਮਹੀਨੇ ਵਾਸਤੇ ਗਿਆ ਸੀ। ਪਰ ਲੰਬੇ ਸਮੇਂ ਤੋਂ ਕੋਈ ਕੰਮ ਨਾ ਹੋਣ ਕਰਕੇ ਉਸਦੇ ਪੱਲੇ ਕੁੱਝ ਨਹੀਂ ਰਿਹਾ। ਅੱਠ-ਦਸ ਵਾਰ ਬਾਰਡਰ ਪਾਬੰਦੀ ਤੋਂ ਛੋਟ ਲੈਣ ਵਾਸਤੇ ਅਪਲਾਈ ਕੀਤਾ ਪਰ ਉਹ ਵਾਰ ਰੱਦ ਕਰ ਦਿੱਤੀ ਗਈ। ਪੰਜ ਮਹੀਨੇ ਉਸਨੇ ਇਸੇ ਝਾਕ `ਚ ਘਰ ਦਾ ਕਿਰਾਇਆ ਭਰਿਆ ਕਿ ਬਾਰਡਰ ਖੁੱਲ੍ਹ ਗਿਆ ਜਾਵੇਗਾ। ਪਰ ਅਜਿਹਾ ਨਾ ਹੋ ਸਕਿਆ। ਉਸਨੂੰ ਅਜੇ ਵੀ ਕਾਰ ਇੰਸ਼ਰੈਂਸ ਅਤੇ ਹੋਰ ਖ਼ਰਚੇ ਝੱਲਣੇ ਪੈ ਰਹੇ ਹਨ।
ਕਰੀਬ 55 ਹਜ਼ਾਰ ਡਾਲਰ ਨਿਊਜ਼ੀਲੈਂਡ `ਚ ਇਨਵੈਸਟ ਕਰ ਚੁੱਕਿਆ ਮੁਹੰਮਦ ਇਸ ਗੱਲੋਂ ਫਿਕਰਮੰਦ ਹੈ ਕਿ ਉਸਨੇ ਸਟੱਡੀ ਲੋਨ ਚੋਂ ਭੋਰਾ ਵੀ ਕਿਸ਼ਤ ਨਹੀਂ ਉਤਾਰੀ ਅਤੇ ਉਸਦਾ ਪੋਸਟ ਸਟੱਡੀ ਵਰਕ ਵੀਜ਼ਾ ਵੀ ਮੁੱਕਦਾ ਜਾ ਰਿਹਾ ਹੈ। ਅਜਿਹੇ ਹੀ ਕਈ ਹੋਰ ਲੋਕ ਵੀ ਹਨ, ਜੋ ਹਾਲਾਤ ਦੇ ਅੱਗੇ ਬੇਵੱਸ ਨਜ਼ਰ ਆ ਰਹੇ ਹਨ। ਪਰ ਕਿਸੇ ਪਾਸਿEਂ ਵੀ ਕੋਈ ਸੁਖ ਦਾ ਸੁਨੇਹਾ ਨਹੀਂ ਆ ਰਿਹਾ।
ਖ਼ੈਰ ! ਨਿਊਜ਼ੀਲੈਂਡ ਸਰਕਾਰ ਨੂੰ ਆਪਣੇ ਫ਼ੈਸਲੇ `ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਜੇ ਸਿਟੀਜ਼ਨਜ ਵਾਪਸ ਆ ਸਕਦੇ ਹਨ ਤਾਂ ਪਰਮਾਨੈਂਟ ਰੈਜ਼ੀਡੈਂਟਸ ਨੂੰ ਵੀ ਇਹ ਅਧਿਕਾਰ ਮਿਲਣਾ ਚਾਹੀਦਾ ਹੈ। ਸਿੱਧੇ ਰੂਪ `ਚ ਵੇਖਿਆ ਜਾਵੇ ਤਾਂ ਇਹ ਵਿਤਕਰਾ ਹੀ ਨਜ਼ਰ ਆ ਰਿਹਾ ਹੈ, ਕਿਉਂਕਿ ਪਾਸਪੋਰਟ ਦੇ ਅਧਾਰ ਪਾਈਆਂ ਜਾ ਰਹੀਆਂ ਵੰਡੀਆਂ ਪਿੱਛੇ ਕੋਈ ਤਰਕ ਨਜ਼ਰ ਨਹੀਂ ਆ ਰਿਹਾ। ਵੱਡਾ ਸਵਾਲ ਇਹ ਵੀ ਹੈ ਕਿ ਜੇ ਪਰਮਾਨੈਂਟ ਰੈਜੀਡੈਂਟਸ ਲਈ ਦਰਵਾਜ਼ੇ ਨਿਊਜ਼ੀਲੈਂਡ ਦੇ ਦਰਵਾਜ਼ੇ ਬੰਦ ਰਹੇ ਤਾਂ ਟੈਂਪਰੇਰੀ ਵੀਜ਼ੇ ਵਾਲਿਆਂ ਦੀ ਵਾਰੀ ਕਦੋਂ ਆਵੇਗੀ? ਜਿਹੜੇ ਕੋਰੋਨਾ ਅਤੇ ਕਰਜ਼ੇ ਦੀ ਦੂਹਰੀ ਮਾਰ ਝੱਲਣ ਲਈ ਮਜਬੂਰ ਹਨ।
ਐੱਨਜ਼ੈੱਡ ਪੰਜਾਬੀ ਨਿਊਜ਼ (1 ਮਈ 2021)
ਆਕਲੈਂਡ, ਨਿਊਜ਼ੀਲੈਂਡ
+64210553075