ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ-ਆਸਟਰੇਲੀਆ ਨੂੰ ਜੋੜਨ ਵਾਸਲੇ ਸਮੁੰਦਰ ਤਾਸਮਨ ਦੇ ਨਾਂ `ਤੇ ਸਾਹਿਤਕ ਪੱਤਰਕਾਰੀ ਦੇ ਪਿੜ `ਚ ਨਵੇਂ ਉੱਤਰੇ ਕੌਮਾਂਤਰੀ ਪੱਧਰ ਦੇ ਮੈਗਜ਼ੀਨ ‘ਤਾਸਮਨ’ ਨੇ ਦੋਹਾਂ ਦੇਸ਼ਾਂ ਦੇ ਲੋਕਾਂ `ਚ ਸਾਂਝ ਵਧਾਉਣ ਵੱਲ ਕਦਮ ਪੁੱਟਣਾ ਸ਼ੁਰੂ ਕਰ ਦਿੱਤਾ ਹੈ। ਜਿਸਦੇ ਪਹਿਲੇ ਅੰਕ ਨੂੰ ਲੋਕ-ਅਰਪਣ ਕਰਨ ਲਈ ਕਰਵਾਏ ਗਏ ਸਾਦਾ ਸਮਾਗਮ `ਚ ਸੁਹਿਰਦ ਪਾਠਕਾਂ ਨੇ ਮੈਗਜ਼ੀਨ ਦੇ ਸਰੂਪ ਬਾਰੇ ਖੁਸ਼ਨੁਮਾ ਮਾਹੌਲ `ਚ ਵਿਚਾਰ-ਚਰਚਾ ਕਰਦਿਆਂ ਸ਼ਬਦ-ਸਾਂਝ ਨੂੰ ਹੋਰ ਪ੍ਰਪੱਕ ਬਣਾਉਣ ਦੇ ਸੁਝਾਅ ਦਿੱਤੇ। ਇਸ ਦੌਰਾਨ ਦੋ ਸਥਾਨਕ ਡਾਇਰੈਕਟਰਾਂ ਨੇ ਆਪੋ-ਆਪਣੀ ਫਿ਼ਲਮਾਂ ਬਾਰੇ ਵੀ ਮੁੱਢਲੀ ਜਾਣਕਾਰੀ ਸਾਂਝੀ ਕੀਤੀ।
ਆਕਲੈੈਂਡ ਦੇ ਪੰਜਾਬ ਵਿਰਾਸਤ ਭਵਨ `ਚ ਸ਼ਨੀਵਾਰ ਸ਼ਾਮ ਰੱਖੇ ਸਮਾਗਮ ਦੌਰਾਨ ‘ਤਾਸਮਨ’ ਦੇ ਪ੍ਰਬੰਧਕੀ ਸੰਪਾਦਕ ਤਰਨਦੀਪ ਬਿਲਾਸਪੁਰ ਨੇ ਮੈਗਜ਼ੀਨ ਸ਼ੁਰੂ ਕਰਨ ਦੇ ਉਦੇਸ਼ ਅਤੇ ਹੋਰ ਪਹਿਲੂਆਂ `ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਅਜਿਹਾ ਉੱਦਮ ਦੁਨੀਆ ਭਰ ਦੇ ਚੰਗੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨੂੰ ਪੰਜਾਬੀ ਪਾਠਕਾਂ ਦੀ ਝੋਲੀ ਪਾਉਣਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮੈਗਜ਼ੀਨ ਸ਼ੁਰੂ ਕਰਨ ਪਿੱਛੇ ਕੋਈ ਆਰਥਿਕ ਲਾਲਸਾ ਨਹੀਂ ਸਗੋਂ ਪਿਛਲੇ ਕਈ ਸਾਲਾਂ ਤੋਂ ਆਸਟਰੇਲੀਆ ਤੇ ਭਾਰਤ `ਚ ਵਸਦੇ ਮਿੱਤਰਾਂ ਹਰਮਨਦੀਪ ਗਿੱਲ (ਮੁੱਖ ਸੰਪਾਦਕ) ਅਤੇ ਵਰਿੰਦਰ ਅਲੀਸ਼ੇਰ (ਮੈਨੇਜਰ) ਨਾਲ ਡੂੰਘੀਆਂ ਵਿਚਾਰਾਂ ਦਾ ਸਿੱਟਾ ਹੈ। ਉਹਨਾਂ ਬੋਲਦਿਆਂ ਦੱਸਿਆ ਕਿ ਮੈਗਜ਼ੀਨ ਵਾਸਤੇ ਅਧਿਆਪਕ ਪੇਸ਼ੇ ਨਾਲ ਸਬੰਧਤ ਉਘੇ ਸਾਹਿਤਕਾਰ ਸਤਪਾਲ ਭੀਖੀ ਅਤੇ ਡਾਕਟਰ ਸੁਮੀਤ ਸ਼ੰਮੀ ਕ੍ਰਮਵਾਰ ਸੰਪਾਦਕ ਅਤੇ ਸਹਿ-ਸੰਪਾਦਕ ਦੀ ਜਿ਼ਮੇਵਾਰੀ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮੈਗਜ਼ੀਨ ਦੀਆਂ ਵੱਡੀਆਂ ਲਿਖਤਾਂ ਲਈ ਲੇਖਕਾਂ ਨੂੰ ਸੇਵਾ-ਫ਼ਲ ਵੀ ਦਿੱਤਾ ਜਾਵੇਗਾ ਅਤੇ ਆਸਟਰੇਲੀਆ ਤੇ ਨਿਊਜ਼ੀਲੈਂਡ ਦੇ ਲੇਖਕਾਂ ਨੂੰ ਵਿਸ਼ੇਸ਼ ਥਾਂ ਦਿੱਤੀ ਜਾਵੇਗੀ। ਉਨ੍ਹਾਂ ਮੈਗਜ਼ੀਨ ਲਈ ਵਿੱਤੀ ਹੁਲਾਰਾ ਦੇਣ ਵਾਲੇ ਰੇਡੀਉ ਸਾਡੇ ਆਲਾ ਅਤੇ ਹੋਰ ਸਪੌਂਸਰਜ਼ ਦਾ ਧੰਨਵਾਦ ਵੀ ਕੀਤਾ।
ਸਥਾਨਕ ਕਵਿੱਤਰੀ ਪ੍ਰੀਤ ਸੈਣੀ ਨੇ ਸਾਹਿਤਕ ਰਸਾਲਿਆਂ ਦੀਆਂ ਚੁਣੌਤੀਆਂ ਤੇ ਮਿਆਰ ਦਾ ਜਿ਼ਕਰ ਕਰਦਿਆਂ ਸਥਾਨਕ ਕਵੀ ਹੋਨੀ ਤੂਵਾਰੀ ਦੀਆਂ ਲਿਖਤਾਂ ਸਮੇਤ ਨਵੀਆਂ ਰਚਨਾਵਾਂ ਨੂੰ ਸ਼ਾਮਲ ਕਰਨਾ ਉਚੇਚਾ ਉਪਰਾਲਾ ਦੱਸਿਆ। ਇਸਤੋਂ ਬਾਅਦ ਮੈਗਜ਼ੀਨ ਬਾਰੇ ਸਭ ਤੋਂ ਪਹਿਲਾਂ ਇਮੀਗਰੇਸ਼ਨ ਸਲਾਹਕਾਰ ਜੈ ਬਾਠ ਨੇ ਆਪਣੇ ਵਿਚਾਰ ਰੱਖੇ।ਫਿ਼ਲਮ ਡਾਇਰੈਕਟਰ ਮੁਖਤਿਆਰ ਸਿੰਘ ਨੇ ਮੈਗਜ਼ੀਨ `ਚ ਉੱਚ ਪੱਧਰ ਦੀ ਵਿਸ਼ਾ ਸਮੱਗਰੀ `ਤੇ ਡੂੰਘੀ ਚਰਚਾ ਕਰਦਿਆਂ ਸਾਰੀ ਟੀਮ ਨੂੰ ਵਧਾਈ ਦਿੱਤੀ।
ਆਸਟਰੇਲੀਆ ਤੋਂ ਪੁੱਜੇ ਸ਼ਾਇਰ ਜਸਵੰਤ ਵਾਗਲਾ ਨੇ ਮੁੱਖ ਸੰਪਾਦਕ ਹਰਮਨਦੀਪ ਗਿੱਲ ਅਤੇ ਮੈਨੇਜਰ ਵਰਿੰਦਰ ਅਲੀਸ਼ੇਰ ਦਾ ਧੰਨਵਾਦ ਕਰਦਿਆਂ ਪੰਜਾਬੀ ਮਾਂ-ਬੋਲੀ ਬਾਰੇ ਕਵਿਤਾ ਤੇ ਹੋਰ ਰਚਨਾਵਾਂ ਨਾਲ ਸਾਂਝ ਪਾਈ। ਜਿਸ ਪਿੱਛੋਂ ਸਥਾਨਕ ਫਿਲਮ ਡਾਇਰੈਕਟਰ ਮੁਖਤਿਆਰ ਸਿੰਘ ਨੇ ਆਪਣੀ ਕਲਾਤਮਿਕ ਲਘੂ ਫਿ਼ਲਮ ‘ਦੁਮੇਲ’ ਬਾਰੇ ਦੱਸਿਆ। ਅਜ਼ਾਦ ਰੰਗ-ਮੰਚ ਦੇ ਨੁਮਾਇੰਦੇ ਅਤੇ ਨੌਜਵਾਨ ਫਿਲਮ ਮੇਕਰ ਮਨਦੀਪ ਨੇ ਵੀ ਆਪਣੀ ਫਿ਼ਲਮ ਬਰੂਨੋ ਬਾਰੇ ਵਿਚਾਰ ਸਾਂਝੇ ਕੀਤੇ।
ਪ੍ਰੋਗਰਾਮ ਦੀ ਸਮਾਪਤੀ ਸਾਹਿਤਕ ਸੱਥ ਦੇ ਜਰਨਲ ਸਕੱਤਰ ਕਰਮਜੀਤ ਆਕਲੀਆ ਜੋ ਇਸ ਮੌਕੇ ਭਾਰਤ ਵਿਚ ਹਨ ਉਹਨਾਂ ਦੀ ਮਾਤਾ ਗੁਰਦੀਪ ਕੌਰ ਜੀ ਜੋ ਪਿਛਲੇ ਦਿਨੀਂ ਵਿਗੋਚਾ ਦੇ ਗਏ ਹਨ, ਉਹਨਾਂ ਨੂੰ ਦੋ ਮਿੰਟ ਦਾ ਮੌਨ ਧਾਰਕੇ ਯਾਦ ਕਰਨ ਨਾਲ ਕੀਤੀ |
ਇਸ ਮੌਕੇ ਰਿਲਟੇਲਜ ਐਸੋਸੀਏਸ਼ਨ ਆਕਲੈਂਡ ਦੇ ਪ੍ਰਧਾਨ ਗੁਰਦੀਪ ਸਿੰਘ ਲੂਥਰ, ਐੱਨਜ਼ੈੱਡ ਪੰਜਾਬੀ ਮੈਨੇਜਰ ਜਸਪ੍ਰੀਤ ਸਿੰਘ ਰਾਜਪੁਰਾ, ਰੇਡੀਉ ਸਪਾਈਸ ਤੋਂ ਨਵਤੇਜ ਰੰਧਾਵਾ, ਡੇਲੀ ਖ਼ਬਰੀ ਤੋਂ ਸ਼ਰਨਜੀਤ ਸਿੰਘ ਤੇ ਬਲਜਿੰਦਰ ਰੰਧਾਵਾ, ਰੋਜ਼ਾਨਾ ਜਗਬਾਣੀ ਤੋਂ ਹਰਮੀਕ ਸਿੰਘ, ਸਥਾਨਕ ਸ਼ਾਇਰ ਤੇ ਗਾਇਕ ਅਮਰਜੀਤ ਸਿੰਘ ਲੱਖਾ, ਅਮਰਿੰਦਰ ਸਿੰਘ ਗਾਲਿ਼ਬ, ਬਿਕਰਮਜੀਤ ਸਿੰਘ ਮੱਟਰਾਂ, ਨੌਜਵਾਨ ਲੇਖਕ ਰਣਜੀਤ ਸੰਧੂ, ਰੇਸ਼ਮ ਸਿੰਘ ਆਦਿ ਹਾਜ਼ਰ ਸਨ।