ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਆਸਟਰੇਲੀਆ ਦੀ ਨਿਊ ਸਾਊਥ ਵੇਲਜ਼ ਸਟੇਟ ਦੇ ਗਲੇਨਵੁੱਡ ਹਾਈ ਸਕੂਲ `ਚ 6 ਮਈ ਨੂੰ ਵਾਪਰੀ ਘਟਨਾ ਨੇ ਪਰਵਾਸੀ ਸਿੱਖ ਭਾਈਚਾਰੇ ਲਈ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਇਕ 14 ਸਾਲਾ ਅੰਮ੍ਰਿਤਧਾਰੀ ਸਿੱਖ ਸਟੂਡੈਂਟ ਵੱਲੋਂ ਅੱਧੀ ਛੁੱਟੀ ਵੇਲੇ ਆਪਣੀ ਹੀ ਕਲਾਸ ਦੇ ਇਕ 16 ਵਿਦਿਆਰਥੀਆਂ ਨਾਲ ਹੋਏ ਝਗੜੇ ਦੌਰਾਨ ਦੋ ਵਾਰ ਕਿਰਪਾਨ ਮਾਰ ਕੇ ਉਸਨੂੰ ਜ਼ਖਮੀ ਕਰਨ ਤੋਂ ਸੂਬੇ ਦੇ ਐਜ਼ੂਕੇਸ਼ਨ ਡਿਪਾਰਟਮੈਂਟ ਨੇ ਸਿੱਖ ਬੱਚਿਆਂ ਲਈ ਸਕੂਲ `ਚ ਕਿਰਪਾਨ ਪਹਿਨਣ `ਤੇ ਪਾਬੰਦੀ ਲਾ ਦਿੱਤੀ ਹੈ। ਭਾਵ ਹੁਣ ਕੋਈ ਵੀ ਸਿੱਖ ਬੱਚਾ ਆਪਣੇ ਪੰਜ ਕਕਾਰਾਂ ਨੂੰ ਦਰਸਾਉਣ ਵਾਲੀ ਕਿਰਪਾਨ ਪਾ ਕੇ ਸਕੂਲ ਨਹੀਂ ਜਾ ਸਕੇਗਾ। ਸਟੇਟ ਦੀ ਐਜ਼ੂਕੇਸ਼ਨ ਮਨਿਸਟਰ ਸਾਰਾਹ ਮਿਚਲ ਵੱਲੋਂ ਅਟਾਰਨੀ ਜਨਰਲ ਮਾਰਕ ਸਪੀਕਮੈਨ ਨਾਲ ਕਾਨੂੰਨੀ ਨੁਕਤਿਆਂ `ਤੇ ਸਲਾਹ ਕਰਨ ਪਿੱਛੋਂ ਕਿਰਪਾਨ ਸਕੂਲ `ਚ ਲਿਆਉਣ `ਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਪਾਬੰਦੀ ਲਾਉਣ ਪਿੱਛੇ ਤਰਕ ਦਿੱਤਾ ਹੈ ਕਿ ਸਟਾਫ਼ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਗਈ ਹੈ।
ਨਿਊ ਸਾਊਥ ਵੇਲਜ ਦੀ ਪ੍ਰੀਮੀਅਰ ਗਲੈਡਸ ਬੀਰੀਜਿਕਲੀਏਨ ਦਾ ਕਹਿਣਾ ਹੈ ਕਿ ਉਸਨੂੰ ਇਹ ਗੱਲ ਜਾਣ ਕੇ ਝਟਕਾ ਲੱਗਾ ਹੈ ਕਿ ਬੱਚੇ ਵੀ ਕਿਰਪਾਨ ਲੈ ਕੇ ਸਕੂਲ ਜਾ ਸਕਦੇ ਹਨ। ਸਕੂਲ ਦੀ ਪ੍ਰਿੰਸੀਪਲ ਸੋਨਜਾ ਐਂਡਰਸਨ ਨੇ ਮਾਪਿਆਂ ਨੂੰ ਚਿੱਠੀ ਭੇਜ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਚਾਕੂ ਨਹੀਂ ਬਲਕਿ ਕਿਰਪਾਨ ਹੈ,ਜੋ ਨਿਊ ਸਾਊਥ ਵੇਲਜ਼ ਦੇ ਸਮਰੀ Eਫੈਂਸਸਜ ਐਕਟ ਮੁਤਾਬਕ ਧਾਰਮਿਕ ਚਿੰਨ੍ਹ ਵਜੋਂ ਬੱਚਿਆਂ ਵੱਲੋਂ ਸਕੂਲ `ਚ ਲਿਆਂਦੀ ਜਾ ਸਕਦੀ ਸੀ। ਪਰ ਨਾਲ ਹੀ ਉਨ੍ਹਾਂ ਕਰੜੇ ਸ਼ਬਦਾਂ `ਚ ਪ੍ਰਤੀਕਿਰਿਆ ਦਿੱਤੀ ਹੈ ਕਿ ਉਸਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਿ ਕਿਸੇ ਸਟੂਡੈਂਟ ਦਾ ਧਰਮ ਕੀ ਹੈ ਤੇ ਇਸ ਗੱਲ ਦਾ ਨਿਬੇੜਾ ਪੁਲੀਸ ਅਤੇ ਐਜ਼ੂਕੇਸ਼ਨ ਡਿਪਾਰਟਮੈਂਟ ਕਰੇਗਾ। ਵੈਸੇ ਸਮਰੀ ਉਫੈਂਸਜਜ ਐਕਟ ਮੁਤਾਬਕ ਜੇ ਕੋਈ ਬਿਨਾ ਕਾਰਨ ਸਕੂਲ `ਚ ਕਿਰਪਾਨ ਸਕੂਲ `ਚ ਲੈ ਕੇ ਆਉਂਦਾ ਹੈ ਤਾਂ ਉਸਨੂੰ 55 ਸੌ ਡਾਲਰ ਜ਼ੁਰਮਾਨਾ ਜਾਂ ਦੋ ਸਾਲ ਦੀ ਕੈਦ ਵੀ ਹੋ ਸਕਦੀ ਹੈ।
ਨਿਊ ਸਾਊਥ ਵੇਲਜ਼ ਦੀ ਸਰਕਾਰ ਵੱਲੋਂ ਧਾਰਮਿਕ ਚਿੰਨ੍ਹ ਕਿਰਪਾਨ `ਤੇ ਪਾਬੰਦੀ ਲਾਏ ਪਿੱਛੋਂ ਆਸਟਰੇਲੀਆ ਦੇ ਸਿੱਖ ਭਾਈਚਾਰੇ `ਚ ਵੱਡਾ ਰੋਸ ਪੈਦਾ ਹੋ ਗਿਆ ਹੈ। ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਾਗੀਰ ਕੌਰ ਨੇ ਵੀ ਆਸਟਰੇਲੀਆ ਦੇ ਫ਼ੈਸਲੇ ਨੂੰ ਮੰਦਭਾਗਾ ਦੱਸਿਆ ਹੈ। ਆਸਟਰੇਲੀਅਨ ਸਿੱਖ ਐਸੋਸੀਏਸ਼ਨ ਦੇ ਚੇਅਰਮੈਨ ਰਾਵਿੰਦਰਜੀਤ ਸਿੰਘ ਵੀ ਆਪਣਾ ਪੱਖ ਦੱਸ ਚੁੱਕੇ ਹਨ ਕਿ ਕਿਰਪਾਨ `ਤੇ ਪਾਬੰਦੀ ਲਾਉਣ ਨਾਲ ਮਸਲੇ ਦਾ ਹੱਲ ਨਹੀਂ ਹੋ ਸਕੇਗਾ ਕਿਉਂਕਿ ਜੇਕਰ ਸਟੂਡੈਂਟਸ ਆਪਸ `ਚ ਲੜਦੇ ਹਨ ਤਾਂ ਉਹ ਕੰਪਾਸ, ਫੋਰਕ ਅਤੇ ਹੋਰ ਚੀਜ਼ਾਂ ਨਾਲ ਵੀ ਇੱਕ ਦੂਜੇ ਨੂੰ ਜ਼ਖਮੀ ਕਰਨ ਲਈ ਵਰਤ ਸਕਦੇ ਹਨ। ਜਿਸ ਕਰਕੇ ਕਿਰਪਾਨ `ਤੇ ਪਾਬੰਦੀ ਲਾਉਣਾ ਹੀ ਮਸਲੇ ਦਾ ਹੱਲ ਨਹੀਂ।
ਖ਼ੈਰ ! ਇਹ ਕਿਸ ਪਾਸੇ ਜਾਵੇਗਾ ? ਇਸ ਬਾਰੇ ਫਿਲਹਾਲ ਕੁੱਝ ਵੀ ਕਹਿਣਾ ਵਾਜ਼ਬ ਨਹੀਂ ਪਰ ਇਕ ਗੱਲ ਜ਼ਰੂਰ ਹੈ ਕਿ ਇਸ ਘਟਨਾ ਨੇ ਸਮੱੁਚੇ ਪਰਵਾਸੀ ਸਿੱਖ ਭਾਈਚਾਰੇ ਲਈ ਵੱਡੀ ਚੁਣੌਤੀ ਪੈਦਾ ਕਰ ਦਿੱਤੀ ਹੈ ਕਿ ਵਿਕਸਤ ਮੁਲਕਾਂ `ਚ ਆਮ ਲੋਕਾਂ ਦੀ ਸੁਰੱਖਿਆ ਵਾਲੇ ਮੁੱਦੇ ਦੇ ਬਰਾਬਰ ਕਿਰਪਾਨ ਪਹਿਨਣ ਦੀ ਵਕਾਲਤ ਪਿੱਛੇ ਕਿਹੜਾ ਤਰਕ ਦਿੱਤਾ ਜਾਵੇਗਾ? ਖੂਨੀ ਘਟਨਾ ਤੋਂ ਬਾਅਦ ਘੱਟ-ਗਿਣਤੀਆਂ ਵੱਲੋਂ ਬਹੁ-ਗਿਣਤੀਆਂ ਨੂੰ ਕਿਸ ਅਧਾਰ `ਤੇ ਵਿਸ਼ਵਾਸ਼ ਦਿਵਾਇਆ ਜਾਵੇਗਾ ਕਿ ਭਵਿੱਖ `ਚ ਅਜਿਹੀ ਘਟਨਾ ਨਹੀਂ ਵਾਪਰੇਗੀ? ਜੇ ਵਾਪਰੇਗੀ ਤਾਂ ਉਸ ਲਈ ਜਿ਼ੰਮੇਵਾਰ ਕੌਣ ਹੋਵੇਗਾ ? ਕੀ ਸਕੂਲਾਂ `ਚ ਪੜ੍ਹਨ ਵਾਲੇ ਗ਼ੈਰ-ਸਿੱਖ ਬੱਚਿਆਂ ਦੇ ਮਾਪੇ ਇਸ ਗੱਲ ਦੀ ਸਹਿਮਤੀ ਦੇ ਦੇਣਗੇ ? ਅਜਿਹੇ ਬਹੁਤ ਸਾਰੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਸਿੱਖ ਭਾਈਚਾਰੇ ਵੱਲੋਂ ਲੱਭਿਆ ਜਾਣਾ ਹੈ। ਧਰਮ ਬਨਾਮ ਸੁਰੱਖਿਆ ਵਾਲਾ ਇਹ ਮੁੱਦਾ ਗੰਭੀਰਤਾ ਨਾਲ ਵਿਚਾਰਨ ਵਾਲਾ ਮੁੱਦਾ ਬਣ ਗਿਆ ਹੈ। ਸਿੱਖ ਭਾਈਚਾਰੇ ਲਈ ਇਹ ਵੱਡੀ ਚੁਣੌਤੀ ਹੈ ਕਿ ਡੈਨਮਾਰਕ ਅਤੇ ਫਰਾਂਸ ਤੋਂ ਬਾਅਦ ਕਿਤੇ ਆਸਟਰੇਲੀਆ ਵੀ ਅਜਿਹਾ ਮੁਲਕ ਨਾ ਬਣ ਜਾਵੇ, ਜਿੱਥੇ ਸਿੱਖ ਬੱਚਿਆਂ ਨੂੰ ਕਰਾਰ ਪਹਿਨ ਕੇ ਸਕੂਲਾਂ `ਚ ਜਾਣ `ਤੇ ਪਾਬੰਦੀ ਹੈ।
ਐੱਨਜ਼ੈੱਡ ਪੰਜਾਬੀ ਨਿਊਜ਼, 19 ਮਈ 2021
ਆਕਲੈਂਡ, ਨਿਊਜ਼ੀਲੈਂਡ
+64210553075