Tuesday, 27 February 2024
06 August 2021 Editorials

ਸਰਹੱਦ ਨੂੰ ਸਾਂਝ `ਚ ਬਦਲਣ ਦਾ ਸੁਖਮਈ ਅਹਿਸਾਸ

ਆਓ ! ਆਕਲੈਂਡ `ਚ ਭਾਰਤ-ਪਾਕ ਦੋਸਤੀ ਵਾਲੇ ਤੀਜੇ ਮੇਲੇ ਦਾ ਹਿੱਸਾ ਬਣੀਏ
ਸਰਹੱਦ ਨੂੰ ਸਾਂਝ `ਚ ਬਦਲਣ ਦਾ ਸੁਖਮਈ ਅਹਿਸਾਸ - NZ Punjabi News

-ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਭਾਵੇਂ ਅਸੀਂ ਇਸ ਕੌੜੇ ਸੱਚ ਤੋਂ ਮੂੰਹ ਨਹੀਂ ਮੋੜ ਸਕਦੇ ਕਿ ਸੰਨ ’47 ਦਾ ਸਾਕਾ ਸਾਰੇ ਹੀ ਪੰਜਾਬੀਆਂ ਲਈ ਬਹੁਤ ਹੀ ਭਿਆਨਕ ਸਮੇਂ ਦੀ ਯਾਦ ਤਾਜ਼ੀ ਕਰਵਾਉਂਦਾ ਆ ਰਿਹਾ ਹੈ। ਪਰ ਫਿਰ ਵੀ ਪੰਜਾਬ ਦੀ ਧਰਤੀ ਦੇ ਜੰਮੇ-ਜਾਏ ਅਤੇ ਬੇਗ਼ਾਨੇ ਮੁਲਕਾਂ `ਚ ਆਪਣਾ ਵਸੇਬਾ ਬਣਾਉਣ ਵਾਲੇ ਪੰਜਾਬੀਆਂ ਦੇ ਸੂਖਮ ਅਹਿਸਾਸ ਕੁੱਝ ਵੱਖਰੇ ਹਨ। ਇਸ ਗੱਲ `ਚ ਕੋਈ ਸ਼ੱਕ ਨਹੀਂ ਕਿ ਜੰਮਣ-ਭੋਇੰ ਤੋਂ ਦੂਰ ਬੈਠੇ ਸਾਰੇ ਪਰਵਾਸੀ ਪੰਜਾਬੀ ਆਪਣੇ ਪਿਆਰੇ ਪੰਜਾਬ ਦੀ ਹਿੱਕ ਨੂੰ ਚੀਰ ਕੇ ਲਾਈ ਗਈ ‘ਕੰਡਿਆਲੀ ਤਾਰ’ ਦਾ ਦਰਦ ਹਰ ਵੇਲੇ ਮਹਿਸੂਸ ਕਰ ਰਹੇ ਹਨ। ਪਰ ਇਹ ਗੱਲ ਵੀ ਸੱਚ ਹੈ ਕਿ ਸਿਆਸੀ ਸਰਹੱਦ ਤੋਂ ਹਜ਼ਾਰਾਂ ਮੀਲ ਦੂਰ ‘ਮਹਾਂ-ਪੰਜਾਬ’ ਦਾ ਅਹਿਸਾਸ ਕਰਾਉਣ ਵਾਲੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਲੋਕ ਜਦੋਂ ਵੀ ਆਪਸ `ਚ ਮਿਲਦੇ ਹਨ ਤਾਂ ਕਦੇ ਵੀ ਬੇਗ਼ਾਨਗੀ ਦਾ ਅਹਿਸਾਸ ਨਹੀਂ ਹੁੰਦਾ।
ਬਾਬਾ ਸੇਖ਼ ਫ਼ਰੀਦ ਜਿਹੇ ਪੀਰਾਂ-ਫਕੀਰਾਂ ਅਤੇ ਸਿੱਖ ਗੁਰੂ ਸਾਹਿਬਾਨਾਂ ਦੇ ਆਸ਼ੀਰਵਾਦ ਨਾਲ ਪ੍ਰਵਾਨ ਚੜ੍ਹੀ ਪੰਜਾਬੀ ਬੋਲੀ ਹੀ ਮੁੱਖ ਮਾਧਿਅਮ ਹੈ, ਜਿਸ ਰਾਹੀਂ ‘ਪਰਵਾਸੀ ਪੰਜਾਬ’ ਵਿੱਚ ਸੰਨ ‘47 ਤੋਂ ਪਹਿਲਾਂ ਵਾਲੇ ‘ਮਹਾਂ-ਪੰਜਾਬ’ ਦੇ ਸੱਭਿਆਚਾਰਕ-ਸਮਾਜਿਕ ਮਾਹੌਲ ਵਾਲੀ ਆਪਸੀ ਸਾਂਝ ਸਿਰਜੇ ਜਾਣ ਦਾ ਸਬੱਬ ਬਣ ਜਾਂਦਾ ਹੈ।
ਅਦਾਰਾ ਐੱਨਜ਼ੈੱਡ ਪੰਜਾਬੀ ਨਿਊਜ਼ ਅਤੇ ਰੇਡੀਓ ਸਾਡੇ ਆਲਾ ਦੀ ਟੀਮ ਨੇ ਤਿੰਨ ਸਾਲ ਪਹਿਲਾਂ ਅਜਿਹਾ ਨਿਵੇਕਲਾ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਸੀ ਤਾਂ ਜੋ ਨਿਊਜ਼ੀਲੈਂਡ ਦੀ ਧਰਤੀ `ਤੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਪੰਜਾਬੀ ਆਪਣੀ ਚਿਰ ਸਦੀਵੀ ਸਾਂਝ ਨੂੰ ਮਾਣ ਸਕਣ, ਜੋ ਸੰਨ ’47 ਵਿੱਚ ਸਿਆਸਤ ਦੀ ਭੇਟ ਚੜ੍ਹ ਗਈ। ਕਈ ਕੱਟੜ ਜਨੂੰਨੀਆਂ ਅਤੇ ਲੋਟੂ ਬਿਰਤੀ ਵਾਲੇ ਕੁੱਝ ਹੈਵਾਨਾਂ ਨੇ ਨਫ਼ਰਤ ਦੀ ਅਜਿਹੀ ਅੱਗ ਫ਼ੈਲਾਈ ਕਿ ਸਾਕਾ ’47 ਤੋਂ ਬਾਅਦ ਵੀ ਦੋ ਯੁੱਧਾਂ ਦਾ ਖਮਿਆਜ਼ਾ ਸਰਹੱਦ ਦੇ ਦੋਹੀਂ ਪਾਸੀਂ ਵਸਦੇ ਪੰਜਾਬੀਆਂ ਨੂੰ ਭੁਗਤਣਾ ਪਿਆ ਸੀ।
ਪੰਜਾਬੀਆਂ ਦਾ ਤੀਜੀ ਵਾਰ ਉਜਾੜਾ ਕਰਨ ਵਾਲੀ ਸੰਨ ’71 ਦੀ ਜੰਗ ਤੋਂ ਬਾਅਦ ਅੱਧੀ ਸਦੀ ਦੌਰਾਨ ਪੰਜਾਬੀਆਂ ਨੇ ਦੁਨੀਆਂ ਭਰ ਦੇ ਕਈ ਵਰਤਾਰਿਆਂ ਨੂੰ ਅੱਖੀਂ ਵੇਖਿਆ ਹੈ। ਖਾਸ ਕਰਕੇ ਸਾਲ 1989 `ਚ ਉਨ੍ਹਾਂ ਨੇ ਜਰਮਨੀ `ਚ ਬਰਲਿਨ ਦੀ ਕੰਧ ਢਹਿੰਦੀ ਵੇਖੀ ਹੈ। ਜਿਸਦਾ ਪੰਜਾਬੀਆਂ ਹਿਰਦਿਆਂ `ਤੇ ਹਾਂ-ਪੱਖੀ ਅਸਰ ਪੈਣਾ ਸੁਭਾਵਿਕ ਹੈ। ਭਾਵੇਂ ਭਾਰਤ-ਪਾਕਿਸਤਾਨ ਦੇ ਹਾਲਾਤ ਵੱਖਰੇ ਹੋਣ ਕਰਕੇ ‘ਕੰਡਿਆਲੀ ਤਾਰ ਵਾਲੀ ਸਿਆਸੀ ਸਰਹੱਦ’ ਤਾਂ ਕਿਸੇ ਵੀ ਸੂਰਤ `ਚ ਢਹਿਣ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਪਰ ਕਈ ਪੰਜਾਬੀ ਲੋਕ ਮਹਿਸੂਸ ਕਰਨ ਲੱਗ ਪਏ ਹਨ ਕਿ ਵਕਤ-ਵਕਤ ਦੀਆਂ ਹਕੂਮਤਾਂ ਵੱਲੋਂ ਚੱਲੀਆਂ ਗਈਆਂ ਸਿਆਸੀ ਚਾਲਾਂ ਕਦੇ ਵੀ ਬੋਲੀ ਅਤੇ ਸੱਭਿਆਚਾਰ ਦੀ ਸਾਂਝ ਨੂੰ ਤੋੜ ਨਹੀਂ ਸਕਦੀਆਂ। ਅਜੋਕੇ ਸ਼ੋਸ਼ਲ ਮੀਡੀਆ ਦੇ ਦੌਰ `ਚ ਅਜਿਹੇ ਵਿਚਾਰਾਂ ਨੂੰ ਹੋਰ ਬਲ ਮਿਲਿਆ ਹੈ ਅਤੇ ਸਰਹੱਦ ਦੇ ਦੋਹੀਂ ਪਾਸੀਂ ਬੈਠੇ ਪੰਜਾਬੀਆਂ ਦਾ ਆਪਸ `ਚ ਵਿਸ਼ਵਾਸ਼ ਵਧਣ ਲੱਗਾ ਹੈ। ਕੱੁਝ ਦਿਨ ਪਹਿਲਾਂ ਸ਼ੋਸ਼ਲ ਮੀਡੀਆ ਰਾਹੀਂ ਲਹਿੰਦੇ ਪੰਜਾਬ ਤੋਂ ਇਕ ਨੌਜਵਾਨ ਨੇ ਮੇਰੇ ਨਾਲ ਗੱਲ ਕਰਦਿਆਂ ਚੜ੍ਹਦੇ ਪੰਜਾਬ ਦੇ ਇਕ ਕਲਾਕਾਰ ਤੱਕ ਪਹੁੰਚ ਕਰਕੇ ਆਪਣੀ ਕਲਾ ਨੂੰ ਉਭਾਰਨ ਦੀ ਇੱਛਾ ਜ਼ਾਹਰ ਕੀਤੀ ਸੀ। ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਬੋਲੀ ਦੀ ਸਾਂਝ ਅੱਗੇ ਕੌਮਾਂਤਰੀ ਸਰਹੱਦਾਂ ਕੋਈ ਅਰਥ ਨਹੀਂ ਰੱਖਦੀਆ।
ਅਜਿਹੇ ਹੀ ਸਾਂਝ ਵਧਾਉਣ ਵਾਲੇ ਵਿਚਾਰਾਂ ਰਾਹੀਂ ਇਸ ਉਦੇਸ਼ ਨੂੰ ਅੱਗੇ ਵਧਾਉਣ ਦੀ ਮਨਸ਼ਾ ਨਾਲ ਅਦਾਰਾ ਐੱਨਜ਼ੈੱਡ ਪੰਜਾਬੀ ਨਿਊਜ਼ ਅਤੇ ਰੇਡੀਓ ਸਾਡੇ ਆਲਾ ਦੀ ਟੀਮ ਵੱਲੋਂ ਆਕਲੈਂਡ ਵਿੱਚ ਸਾਲ 2019 `ਚ ਸ਼ੁਰੂ ਕੀਤਾ ਗਿਆ ਹਿੰਦ-ਪਾਕ ਦੋਸਤੀ ਮੇਲਾ ਤੀਜੇ ਵਰ੍ਹੇ `ਚ ਪੈਰ ਧਰ ਰਿਹਾ ਹੈ। ਜਿਸਨੂੰ ਨਿਊਜ਼ੀਲੈਂਡ ਵਸਦੇ ਚੇਤਨ ਪੰਜਾਬੀਆਂ ਵੱਲੋਂ ਦਿੱਤਾ ਗਿਆ ਭਰਵਾਂ ਹੁੰਗਾਰਾ ਗਵਾਹੀ ਭਰਦਾ ਹੈ ਕਿ ਹੁਣ ਸਿਆਸੀ ਨਫ਼ਰਤਾਂ ਵਾਲੇ ਦੌਰ ਦਾ ਸਮਾਂ ਪੁੱਗ ਗਿਆ ਹੈ ਅਤੇ ਮਾਂ-ਬੋਲੀ ਦੇ ਸਹਾਰੇ ਸੱਭਿਆਚਾਰਕ ਸਾਂਝ,ਆਪਸੀ ਮਿਲਵਰਤਨ ਅਤੇ ਵਿਸ਼ਵਾਸ਼ ਬਹਾਲ ਕਰਨ ਦਾ ਯੁੱਗ ਆ ਗਿਆ ਹੈ।
ਆE ! 7 ਅਗਸਤ 2021 ਦੀ ਸ਼ਾਮ ਨੂੰ 733 ਗਰੇਟ ਸਾਊਥ ਰੋਡ ਪਾਪਾਟੋਏਟੋਏ (ਆਕਲੈਂਡ) ਵਿਖੇ ਮਹਿੰਦਰਾ ਬਿਲਡਿੰਗ `ਚ ਦੋਹਾਂ ਦੇਸ਼ਾਂ ਦੀ ਭਾਈਚਾਰਕ ਸਾਂਝ ਦਾ ਹੋਕਾ ਦੇਈਏ ਅਤੇ ਪੰਜਾਬੀਆਂ ਖੁੱਲ੍ਹੇ-ਡੁੱਲ੍ਹੇ ਸੁਭਾਅ ਦਾ ਪ੍ਰਗਟਾਵਾ ਕਰਦਿਆਂ ਨਰੋਏ ਵਿਚਾਰਾਂ ਦੀ ਰੌਸ਼ਨੀ `ਚ ਸੰਗੀਤਕ ਸ਼ਾਮ ਦਾ ਅਨੰਦ ਮਾਣੀਏ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਹੋਰ ਬੁਲੰਦ ਕਰੀਏ।
ਐੱਨਜ਼ੈੱਡ ਪੰਜਾਬੀ ਨਿਊਜ਼
ਆਕਲੈਂਡ, ਨਿਊਜ਼ੀਲੈਂਡ
+64210553075

ADVERTISEMENT
NZ Punjabi News Matrimonials