ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ ਦੀ ਲੇਬਰ ਸਰਕਾਰ, ਭਾਰਤੀ ਮੂਲ ਦੇ ਮਾਈਗਰੈਂਟ ਵਰਕਰਾਂ ਦੀ ਗੱਲ ਕਿਉਂ ਨਹੀਂ ਸੁਣਦੀ ? ਭਾਰਤੀ ਭਾਈਚਾਰੇ ਨੂੰ ਨਜ਼ਰ ਅੰਦਾਜ਼ ਕਿਉਂ ਕੀਤਾ ਜਾ ਰਿਹਾ ਹੈ? ਲੱਖਾਂ ਰੁਪਏ ਨਿਊਜ਼ੀਲੈਂਡ ਦੀ ਝੋਲੀ ਪਾਉਣ ਦੇ ਬਾਵਜੂਦ ਅੱਜ ਡੇਢ ਸਾਲ ਤੋਂ ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ `ਚ ਫਸੇ ਬੈਠੇ ਮਾਈਗਰੈਂਟ ਵਰਕਰਾਂ ਦਾ ਦਰਦ ਸਰਕਾਰ ਦੇ ਕੰਨਾਂ ਤੱਕ ਕਿਉਂ ਨਹੀਂ ਪੁੱਜ ਰਿਹਾ ? ਅਜਿਹੇ ਬਹੁਤ ਸਾਰੇ ਸਵਾਲ ਪਿਛਲੇ ਕਈ ਮਹੀਨਿਆਂ ਤੋਂ ਗੂੰਜ ਰਹੇ ਹਨ।
ਆਕਲੈਂਡ ਦੀ ਨਾਮਵਰ ਲੀਗਲ ਫ਼ਰਮ ‘ਮੈਕਕਲੇਮੌਂਟ ਐਂਡ ਐਸੋਸ਼ੀਏਟ’ ਦੇ ਸੀਨੀਅਰ ਵਕੀਲ ਐਲਸਟਰ ਮੈਕਕਲੇਮੌਂਟ ਨੇ ਐਨਜ਼ੈੱਡ ਪੰਜਾਬੀ ਨਿਊਜ਼ ਵਾਸਤੇ ਕੰਵਲਪ੍ਰੀਤ ਕੌਰ ਪੰਨੂੰ ਨਾਲ ਇੱਕ ਇੰਵਰਵਿਊ ਦੌਰਾਨ ਕੌੜੇ ਸੱਚ ਨੂੰ ਉਭਾਰਿਆ ਹੈ ਕਿ ਭਾਰਤੀ ਮੂਲ ਦੇ ਲੀਡਰ ਇਕਮੁੱਠ ਹੋ ਕੇ ਭਾਰਤੀ ਭਾਈਚਾਰੇ ਦੀ ਅਵਾਜ਼ ਨਹੀਂ ਉਠਾਉਂਂਦੇ। ਜਦੋਂ ਵੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਜਾਂ ਲੇਬਰ ਪਾਰਟੀ ਦੇ ਪਾਰਲੀਮੈਂਟ ਮੈਂਬਰ ਕਿਸੇ ਕਲਚਰਲ ਸਮਾਗਮ `ਚ ਆਉਂਦੇ ਹਨ ਤਾਂ ਭਾਰਤੀ ਲੀਡਰ ਆਪਣੀ ਭਾਈਚਾਰੇ ਦੀਆਂ ਸਮੱਸਿਆਵਾਂ ਦੱਸਣ ਦੀ ਬਜਾਏ ਸੈਲਫੀਆਂ ਲੈਣ `ਚ ਮਸਤ ਹੋ ਜਾਂਦੇ ਹਨ। ਆਮ ਲੋਕ ਉਸ ਵੇਲੇ ਬਹੁਤ ਹੈਰਾਨ ਹੁੰਦੇ ਹਨ ਜਦੋਂ ਭਾਰਤੀ ਮੂਲ ਦੇ ਲੇਬਰ ਲੀਡਰ ਵੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨਾਲ ਫੋਟੋਆਂ ਖਿਚਵਾਉਣ `ਚ ਰੱੁਝ ਜਾਂਦੇ ਹਨ। ਭਾਰਤੀਆਂ ਦੇ ਕਈ ਕਲਚਰਲ ਸਮਾਗਮਾਂ ਦੌਰਾਨ ਭਾਰਤੀ ਮੂਲ ਦੇ ਪ੍ਰਬੰਧਕਾਂ ਦੀ ਜਿ਼ਹਨੀ ਗੁਲਾਮੀ ਵੀ ਵੇਖਣ ਨੂੰ ਮਿਲਦੀ ਹੈ। ਜੋ ਭਾਰਤ ਦੀ ਗੁਲਾਮੀ ਦੀਆਂ ਜੰਜ਼ੀਰਾਂ ਕੱਟੇ ਜਾਣ ਦੇ 74 ਵਰ੍ਹੇ ਬੀਤਣ ਦੇ ਬਾਵਜੂਦ ਨਿਊਜ਼ੀਲੈਂਡ ਦੀ ਧਰਤੀ `ਤੇ ਆ ਕੇ ਵੀ ਬਿਨ੍ਹਾਂ ਵਜ੍ਹਾ ਸੱਤਾਧਾਰੀ ਸਿਆਸੀ ਲੀਡਰਾਂ ਦਾ ‘ਪਾਣੀ ਭਰਦੇ’ ਅਤੇ ਝੁਕ ਝੁਕ ਕੇ ਸਲਾਮਾਂ ਕਰਦੇ ਵੇਖੇ ਜਾ ਸਕਦੇ ਹਨ।
ਇਹ ਗੱਲ ਵਰਣਨਯੋਗ ਹੈ ਕਿ ਪਿਛਲੇ ਦਿਨੀਂ ਐਨਜ਼ੈੱਡ ਪੰਜਾਬੀ ਨਿਊਜ਼ ਦੀ ਟੀਮ ਨੇ ਲੇਬਰ ਪਾਰਟੀ ਦੇ ਮਲਟੀ-ਕਲਚਰਲ ਵਿੰਗ ਨਾਲ ਸਬੰਧਤ ਏਸ਼ੀਅਨ ਮੂਲ ਦੇ ਇਕ ਆਗੂ ਮੁਰਲੀ ਕੁਮਾਰ ਨਾਲ ਗੱਲ ਕਰਨ ਦਾ ਯਤਨ ਕੀਤਾ ਗਿਆ ਸੀ। ਉਨ੍ਹਾਂ ਤੋਂ ਜਾਨਣ ਦੀ ਕੋਸਿ਼ਸ਼ ਕਰਨੀ ਸੀ ਕਿ ਕੋਵਿਡ-19 ਦੇ ਦੌਰ `ਚ ਮਾਈਗਰੈਂਟਸ ਨੂੰ ਵਾਪਸ ਨਿਊਜ਼ੀਲੈਂਡ ਲਿਆਉਣ ਬਾਰੇ ਲੇਬਰ ਪਾਰਟੀ ਨਾਲ ਸਬੰਧਤ ਐਥਨਿਕ ਕਮਿਊਨਿਟੀ ਆਗੂਆਂ ਦਾ ਕੀ ਰੋਲ ਹੈ ? ਪਰ ਉਨ੍ਹਾਂ ਸਪੱਸ਼ਟ ਸ਼ਬਦਾਂ `ਚ ਜਵਾਬ ਦੇ ਦਿੱਤਾ ਸੀ ਕਿ ਉਹ ਮੀਡੀਆ ਨਾਲ ਗੱਲਬਾਤ ਨਹੀਂ ਕਰ ਸਕਦੇ। ਜਿਸ ਕਰਕੇ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਜੇ ਅਜਿਹੇ ਏਸ਼ੀਅਨ ਲੀਡਰ, ਮਾਈਗਰੈਂਟ ਭਾਈਚਾਰੇ ਨੂੰ ਜਵਾਬਦੇਹ ਨਹੀਂ ਤਾਂ ਇਨ੍ਹਾਂ ਨੂੰ ਲੇਬਰ ਪਾਰਟੀ `ਚ ਏਸ਼ੀਅਨ ਭਾਈਚਾਰੇ ਦੀ ਪ੍ਰਤੀਨਿਧਤਾ ਦਾ ਕਰਨ ਅਧਿਕਾਰ ਕਿਸਨੇ ਦਿੱਤਾ ਹੈ ?
ਖ਼ੈਰ ! ਨਿਊਜ਼ੀਲੈਂਡ ਦੀ ਸੀਨੀਅਰ ਵਕੀਲ ਵੱਲੋਂ ਉਠਾਏ ਗਏ ਨੁਕਤੇ ਨੂੰ ਸਵੈ-ਪੜਚੋਲ ਲਈ ਵਿਚਾਰਿਆ ਜਾਣਾ ਚਾਹੀਦਾ ਹੈ, ਜੋ ਨਿਊਜ਼ੀਲੈਂਡ ਦੇ ਕੀਵੀ ਭਾਈਚਾਰੇ ਤੱਕ ਤਾਂ ਪੁੱਜ ਚੁੱਕਾ ਹੈ। ਪਰ ਹੈਰਾਨੀਜਨਕ ਗੱਲ ਇਹ ਹੈ ਕਿ ਭਾਰਤੀ ਮੂਲ ਦੇ ਬਹੁਤ ਸਾਰੇ ਸਿਆਸੀ ਲੀਡਰ ਕੰਨ੍ਹ ਵਲੇਟ ਕੇ ਅਗਲੀਆਂ ਪਾਰਲੀਮੈਂਟ ਚੋਣਾਂ `ਤੇ ਨਜ਼ਰਾਂ ਟਿਕਾਈ ਬੈਠੇ ਹਨ। ਭਾਰਤੀ ਮੂਲ ਦੇ ਲੀਡਰਾਂ ਅਤੇ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ‘ਸੈਲਫੀ ਕਲਚਰ’ ਨੂੰ ਛੱਡ ਕੇ ਭਾਰਤੀ ਭਾਈਚਾਰੇ ਅਤੇ ਖਾਸ ਕਰਕੇ ਇਸ ਵੇਲੇ ਵਿਦੇਸ਼ਾਂ `ਚ ਫਸੇ ਬੈਠੇ ਮਾਈਗਰੈਂਟ ਵਰਕਰਾਂ ਦੀਆਂ ਮੁਸ਼ਕਲਾਂ ਸਰਕਾਰ ਤੱਕ ਲੈ ਕੇ ਜਾਣ ਦੀ ਕੋਸਿ਼ਸ਼ ਕਰਨ ਤਾਂ ਜੋ ਇਮੀਗਰੇਸ਼ਨ ਪਾਲਿਸੀ ਨੂੰ ਸਮੇਂ ਦੀ ਮੰਗ ਅਨੁਸਾਰ ਦਰੁੱਸਤ ਕੀਤਾ ਜਾ ਸਕੇ।
ਐਨਜ਼ੈੱਡ ਪੰਜਾਬੀ ਨਿਊਜ਼ (23 ਅਗਸਤ 2021)
ਆਕਲੈਂਡ, ਨਿਊਜ਼ੀਲੈਂਡ
+64210553075