ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਭਾਰਤ ਦੀ ਸਿੱਖ ਸੰਗਤ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ ਗੁਰਧਾਮ ਨਾਲ ਜੋੜਨ ਵਾਲੇ ਕਰਤਾਰਪੁਰ ਕੌਰੀਡੋਰ ਦਾ ਜਿੰਮਾ ਸੰਭਾਲਣ ਵਾਲੇ ਪ੍ਰਾਜੈਕਟ ਮੈਨੇਜਮੈਂਟ ਯੂਨਿਟ ਦੇ ਮੁੱਖ ਪ੍ਰਬੰਧਕੀ ਅਧਿਕਾਰੀ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਉੱਠਣ ਲੱਗ ਪਏ ਹਨ। ਪਾਕਿਸਤਾਨ ਸਰਕਾਰ ਨੇ 3 ਸਤੰਬਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਮੁਹੰਮਦ ਲਤੀਫ਼ ਨੂੰ ਤਿੰਨ ਸਾਲ ਵਾਸਤੇ ਕੰਟਰੈਕਟ ਦੇ ਅਧਾਰ `ਤੇ ਨਿਯੁਕਤ ਕੀਤਾ ਸੀ। ਪਰ ਭਾਰਤ ਦੇ ਸਿੱਖ ਹਲਕਿਆਂ `ਚ ਇਸਦੇ ਵਿਰੋਧ ਦੀਆਂ ਅਵਾਜ਼ਾਂ ਉੱਠਣ ਲੱਗ ਪਈਆਂ ਹਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਚਿੱਠੀ ਲਿਖ ਕੇ ਇਸ ਗੱਲ ਵੱਲ ਧਿਆਨ ਦਿਵਾਇਆ ਹੈ ਕਿ ਸਿੱਖ ਸੰਗਤ ਦੀਆਂ ਇਸ ਕੌਰੀਡੋਰ ਨਾਲ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਪਾਕਿਸਤਾਨ ਸਰਕਾਰ ਨੇ ਸਿੱਖਾਂ ਦੇ ਧਾਰਮਿਕ ਮਾਮਲਿਆਂ `ਚ ਸਿੱਖੀ ਦਖ਼਼ਲ-ਅੰਦਾਜ਼ੀ ਕੀਤੀ ਹੈ। ਇਹ ਇਤਰਾਜ਼ ਪ੍ਰਗਟ ਕੀਤਾ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਾਜੈਕਟ ਦਾ ਜਿ਼ੰਮਾ ਵਾਪਸ ਲੈ ਕੇ ਸਾਰੇ ਹੀ ਮੁਸਲਿਮ ਮੈਂਬਰਾਂ ਦੀ ਸੰਸਥਾ, ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਨੂੰ ਸੌਂਪ ਦਿੱਤਾ ਹੈ, ਜੋ ਸਿੱਖੀ ਪ੍ਰੰਪਰਾਵਾਂ ਅਤੇ ਮਾਨਤਾਵਾਂ ਤੋਂ ਅਣਜਾਣ ਹੈ। ਜਿਸ ਕਰਕੇ ਇਸਦਾ ਮੁੱਖ ਕਾਰਜਕਾਰੀ ਅਧਿਕਾਰੀ ਕਿਸੇ ਸਿੱਖ ਵਿਅਕਤੀ ਨੂੰ ਲਾਇਆ ਜਾਵੇ ਜਾਂ ਇਸਦਾ ਪ੍ਰਬੰਧ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤਾ ਜਾਵੇ।
ਖ਼ੈਰ ! ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਵਾਲ ਅਤੇ ਸਿ਼ਕਵਾ ਬਹੁਤ ਅਹਿਮ ਹੈ। ਜੇ ਭਾਰਤ `ਚ ਮੁਸਲਿਮ ਧਾਰਮਿਕ ਸੰਸਥਾਵਾਂ ਦਾ ਪ੍ਰਬੰਧ ਵੇਖਣ ਵਾਲੇ ਵਕਫ਼ ਬੋਰਡ ਦੇ ਸਾਰੇ ਆਗੂ ਮੁਸਲਿਮ ਭਾਈਚਾਰੇ ਨਾਲ ਸਬੰਧਤ ਹਨ ਅਤੇ ਆਪਣੀ ਮਰਜ਼ੀ ਨਾਲ ਮੁਸਲਿਮ ਸੰਸਥਾਵਾਂ ਦਾ ਪ੍ਰਬੰਧ ਆਪਣੇ ਮਰਜ਼ੀ ਨਾਲ ਚਲਾਉਂਦੇ ਹਨ ਤਾਂ ਪਾਕਿਸਤਾਨ `ਚ ਸਿੱਖ ਭਾਈਚਾਰੇ ਨਾਲ ਜੁੜੀਆਂ ਸੰਸਥਾਵਾਂ ਦੇ ਮੁਖੀ, ਗੈ਼ਰ-ਸਿੱਖ ਕਿਉਂ ਬਣਾਏ ਜਾ ਰਹੇ ਹਨ?
ਵੈਸੇ ਵੇਖਿਆ ਜਾਵੇ ਤਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਦੀ ਹੀ ਕਠਪੁਤਲੀ ਹੈ। ਹਿੰਦੂ-ਸਿੱਖਾਂ ਦੀਆਂ ਜਾਇਦਾਦਾਂ ਦਾ ਪ੍ਰਬੰਧ ਸੰਭਾਲਣ ਵਾਲੇ ਇਸ ਟਰੱਸਟ ਦੇ ਸਾਰੇ ਹੀ ਮੈਂਬਰ ਮੁਸਲਮਾਨ ਹਨ, ਜਿਨ੍ਹਾਂ ਦੀ ਮਰਜ਼ੀ ਬਿਨਾਂ ਗੁਰਦੁਆਰਾ ਕਮੇਟੀ `ਚ ਪੱਤਾ ਵੀ ਨਹੀਂ ਹਿੱਲ ਸਕਦਾ। ਸਵਾਲ ਇਹ ਵੀ ਹੈ ਕਿ ਸਿੱਖਾਂ ਨੂੰ ਆਪਣੇ ਗੁਰਧਾਮਾਂ ਬਾਰੇ ਆਪਣੀ ਪੂਰੀ ਅਜ਼ਾਦੀ ਨਾਲ ਫ਼ੈਸਲੇ ਲੈਣ ਵਾਲੇ ਪ੍ਰਬੰਧ ਤੋਂ ਪਾਸੇ ਕਿਉਂ ਰੱਖਿਆ ਜਾ ਰਿਹਾ ਹੈ ? ਕੀ ਘੱਟ-ਗਿਣਤੀਆਂ ਨੂੰ ਇੰਨ੍ਹਾਂ ਵੀ ਅਧਿਕਾਰ ਨਹੀਂ ਕਿ ਉਹ ਆਪਣੇ ਪਵਿੱਤਰ ਧਾਰਮਿਕ ਅਸਥਾਨਾਂ ਨੂੰ ਆਪਣੀ ਮਰਜ਼ੀ ਨਾਲ ਚਲਾ ਸਕਣ।
ਪਾਕਿਸਤਾਨ ਸਰਕਾਰ ਨੂੰ ਆਪਣੇ ਫ਼ੈਸਲੇ `ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ ਤਾਂ ਜੋ ਸਿੱਖ ਭਾਈਚਾਰੇ ਅਤੇ ਹੋਰ ਘੱਟ-ਗਿਣਤੀਆਂ ਨਾਲ ਸਬੰਧਤ ਲੋਕ ਆਪਣੇ ਧਾਰਮਿਕ ਸੰਸਥਾਨਾਂ ਦਾ ਆਪਣੇ ਹਿਸਾਬ ਨਾਲ ਪ੍ਰਬੰਧ ਚਲਾ ਸਕਣ।
ਐੱਨਜ਼ੈੱਡ ਪੰਜਾਬੀ ਨਿਊਜ਼
8 ਸਤੰਬਰ, 2021
+64 21 055 3075