Thursday, 16 September 2021
14 September 2021 Editorials

ਲੌਕਡਾਊਨ ਕਰਕੇ ਡਾਕਟਰੀ ਦਾ ਪੇਪਰ ਖੁੰਝਣ ਦਾ ਮਾਮਲਾ

ਕੀ ਪ੍ਰੀਤਇੰਦਰ ਕੌਰ ਦੀ ਪ੍ਰੇਸ਼ਾਨੀ ਨੂੰ ਸਮਝੇਗੀ ਸਰਕਾਰ ?
ਲੌਕਡਾਊਨ ਕਰਕੇ ਡਾਕਟਰੀ ਦਾ ਪੇਪਰ ਖੁੰਝਣ ਦਾ ਮਾਮਲਾ - NZ Punjabi News

ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ `ਚ ਲੌਕਡਾਊਨ ਕਾਰਨ ਜਿੱਥੇ ਸਮਾਜ ਦੇ ਹਰ ਵਰਗ ਨੂੰ ਕਈ ਤਰ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਪੜ੍ਹਾਈ ਨਾਲ ਸਬੰਧਤ ਆਕਲੈਂਡ ਤੋਂ ਬਾਹਰ ਜਾਣ ਵਾਲਿਆਂ ਲਈ ਵੀ ਵੱਡੀ ਸਿਰਦਰਦੀ ਪੈਦਾ ਹੋ ਰਹੀ ਹੈ। ਅਜਿਹੇ ਹੀ ਹਾਲਾਤ ਦਾ ਸਾਹਮਣਾ ਇਕ ਪੰਜਾਬੀ ਕੁੜੀ ਨੂੰ ਕਰਨਾ ਪੈ ਰਿਹਾ ਹੈ, ਦੋ ਕੁ ਦਿਨ ਪਹਿਲਾਂ ਡਾਕਟਰੀ ਦੀ ਪੜ੍ਹਾਈ ਵਾਲਾ ਪੇਪਰ ਦੇਣ ਲਈ ਵਲੰਿਗਟਨ ਜਾਣਾ ਸੀ ਪਰ ਆਕਲੈਂਡ ਦੇ ਲੈਵਲ-4 ਤੋਂ ਬਾਹਰ ਜਾਣ ਲਈ ਉਸਨੂੰ ਆਗਿਆ ਨਾ ਮਿਲ ਸਕੀ,ਕਿਉਂਕਿ ਮੰਨਿਆ ਜਾ ਰਿਹਾ ਹੈ ਕਿ 5 ਕੁ ਫੀਸਦ ਲੋਕਾਂ ਨੂੰ ਹੀ ਅਜਿਹੀ ਆਗਿਆ ਦਿੱਤੀ ਜਾ ਰਹੀ ਹੈ।
ਇਕ ਰਿਪੋਰਟ ਅਨੁਸਾਰ ਸਾਊਥ ਆਕਲੈਂਡ ਦੇ ਪਾਪਾਕੁਰਾ ਵਾਸੀ ਪ੍ਰੀਤਇੰਦਰ ਕੌਰ ਨੇ ਡੈਂਟਲ ਡਾਕਟਰੀ ਦੀ ਪੜ੍ਹਾਈ ਦੇ ਸਬੰਧ `ਚ ਬੀਤੇ ਐਤਵਾਰ 12 ਸਤੰਬਰ ਨੂੰ ਰਾਜਧਾਨੀ ਵਲੰਿਗਟਨ ਜਾਣਾ ਸੀ, ਕਿਉਂਕਿ ਉੱਥੇ ਸੋਮਵਾਰ 13 ਸਤੰਬਰ ਨੂੰ ਇੱਕ ਸਪੈਸ਼ਲ ਇਮਤਿਹਾਨ ਦੇਣਾ ਸੀ। ਜਿਸ ਵਾਸਤੇ ਉਸਨੇ ਆਕਲੈਂਡ ਰਿਜਨ ਦੇ ਲੈਵਲ 4 ਤੋਂ ਬਾਹਰ ਜਾਣ ਵਾਸਤੇ ਛੋਟ ਲੈਣ ਲਈ ਅਪਲਾਈ ਵੀ ਕੀਤਾ ਸੀ ਪਰ ਉਸਨੂੰ ਬਾਹਰ ਜਾਣ ਦੀ ਆਗਿਆ ਨਹੀਂ ਮਿਲ ਸਕੀ। ਜਿਸ ਕਰਕੇ ਸਾਲ `ਚ ਦੋ ਵਾਰ ਹੋਣ ਵਾਲਾ ਉਸਦਾ ਪੇਪਰ ਵਿੱਚੇ ਹੀ ਰਹਿ ਗਿਆ, ਜਿਸ ਵਾਸਤੇ ਉਹ ਪਿਛਲੇ ਇਕ ਸਾਲ ਤੋਂ ਤਿਆਰੀ ਕਰ ਰਹੀ ਸੀ। ਪਿਛਲੇ ਕੁੱਝ ਦਿਨਾਂ ਤੋਂ ਤਾਂ ਉਹ 12-12 ਘੰਟੇ ਵੀ ਪੜ੍ਹਦੀ ਰਹੀ ਹੈ। ਇਸ ਪੇਪਰ ਦੀ ਚੰਗੀ ਤਰ੍ਹਾਂ ਪੜ੍ਹਾਈ ਕਰਨ ਲਈ ਉਸਨੇ ਆਪਣੀ ਜੌਬ ਵੀ ਛੱਡ ਦਿੱਤੀ ਸੀ ਤਾਂ ਜੋ ਪੇਪਰ ਪਾਸ ਕਰਨ ਤੋਂ ਬਾਅਦ ਬਤੌਰ ਡੈਂਟਲ ਡਾਕਟਰ ਵਜੋਂ ਕੰਮ ਕਰ ਸਕੇ। ਹਾਲਾਂਕਿ ਉਹ ਇੰਡੀਆ `ਚ ਵੀ ਡੈਂਟਲ ਡਾਕਟਰ ਸੀ ਪਰ ਇੰਡੀਆ ਦੀ ਪੜ੍ਹਾਈ ਨੂੰ ਨਿਊਜ਼ੀਲੈਂਡ `ਚ ਮਾਨਤਾ ਹੋਣ ਕਰਕੇ ਉਹ ਡੈਂਟਲ ਅਸਿਸਟੈਂਟ ਵਜੋਂ ਹੀ ਕੰਮ ਕਰਦੀ ਆ ਰਹੀ ਹੈ। ਉਸਨੂੰ ਉਮੀਦ ਸੀ ਇਹ ਪੇਪਰ ਪਾਸ ਕਰਨ ਤੋਂ ਬਾਅਦ ਉਸਦਾ ਕਰੀਅਰ ਪੂਰੀ ਤਰ੍ਹਾਂ ਟਰੈਕ `ਤੇ ਆ ਜਾਵੇਗਾ। ਪਰ ਲੱਗਦਾ ਹੈ ਕਿ ਹਾਲਾਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਜਿਸਦਾ ਉਸਨੂੰ ਮਾਨਸਿਕ ਝਟਕਾ ਲੱਗਣਾ ਸੁਭਾਵਿਕ ਹੈ ਕਿਉਂਕਿ ਹਰ ਪਰਵਾਸੀ ਦੀ ਇੱਛਾ ਹੁੰਦੀ ਹੈ ਕਿ ਉਹ ਮਿਹਨਤ ਕਰਕੇ ਆਪਣੀ ਮੰਜ਼ਲ `ਤੇ ਪਹੁੰਚ ਜਾਵੇ। ਪਰ ਕਈ ਵਾਰ ਅਣਕਿਆਸੇ ਕਾਨੂੰਨੀ ਅੜਿੱਕੇ ਵੀ ਰਸਤੇ `ਚ ਪਹਾੜ ਬਣ ਜਾਂਦੇ ਹਨ। ਬਿਨਾਂ ਸ਼ੱਕ ਪ੍ਰੀਤਇੰਦਰ ਕੌਰ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਬਾਰੇ ਉਸਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਉਹ ਆਪਣੀ ਚਾਰ ਸਾਲ ਦੀ ਬੱਚੀ ਅੱਗੇ ਵੀ ਚੁੱਪ ਹੈ, ਜੋ ਪੁੱਛਦੀ ਹੈ ਕਿ “ਪੇਪਰ ਦੇਣ ਲਈ ਕਿਉਂ ਨਹੀਂ ਜਾਣ ਦਿੱਤਾ ਗਿਆ ?
ਖ਼ੈਰ ! ਪੇਪਰ ਦੇਣ ਤੋਂ ਖੁੰਝ ਜਾਣ ਪਿੱਛੋਂ ਮਾਨਸਿਕ ਪ੍ਰੇਸ਼ਾਨੀ ਹੰਢਾ ਰਹੀ ਪ੍ਰੀਤਇੰਦਰ ਦੀ ਦਸ਼ਾ ਨੂੰ ਕੀ ਸਰਕਾਰ ਸਮਝ ਸਕੇਗੀ? ਕੀ ਸਰਕਾਰ ਹੁਣ ਦੁਬਾਰਾ ਪੇਪਰ ਦਿੱਤੇ ਜਾਣ ਦਾ ਇੰਤਜ਼ਾਮ ਕਰੇਗੀ? ਦੋਵੇਂ ਡੋਜ਼ ਲਵਾਉਣ ਅਤੇ ਟੈਸਟ ਰਿਪੋਰਟ ਨੈਗੇਟਿਵ ਹੋਣ ਦੇ ਬਾਵਜੂਦ ਜੇ ਕਿਸੇ ਨੂੰ ਅਕਾਦਮਿਕ ਪੱਧਰ ਦੇ ਪੇਪਰ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਕੀ ਇਹ ਸਰਕਾਰ ਦੀ ਧੱਕੇਸ਼ਾਹੀ ਨਹੀਂ ? ਕੀ ਡਾਕਟਰ ਐਸ਼ਲੇਅ ਬਲੂਮਫੀਲਡ ਵੱਲੋਂ ਪ੍ਰਗਟਾਈ ਜਾ ਰਹੀ ਹਮਦਰਦੀ ਦੇ ਕੋਈ ਵਾਜਬ ਅਰਥ ਹਨ? ਅਜਿਹੇ ਬਹੁਤ ਸਾਰੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਦੇਣਾ ਸਰਕਾਰ ਦਾ ਫ਼ਰਜ਼ ਹੈ।
ਆਕਲੈਂਡ, ਨਿਊਜ਼ੀਲੈਂਡ
ਐੱਨਜ਼ੈੱਡ ਪੰਜਾਬੀ ਨਿਊਜ਼
+64 21 055 3075

ADVERTISEMENT
NZ Punjabi News Matrimonials