Tuesday, 26 October 2021
16 September 2021 Editorials

ਇਮੀਗਰੇਸ਼ਨ ਤੇ ਹਾਲਾਤ ਨੇ ‘ਵਿਜੇ’ ਨੂੰ ਹਰਾਇਆ

ਇਮੀਗਰੇਸ਼ਨ ਤੇ ਹਾਲਾਤ ਨੇ ‘ਵਿਜੇ’ ਨੂੰ ਹਰਾਇਆ - NZ Punjabi News

ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ `ਚ ਆਪਣੀ ਸਖ਼ਤ ਮਿਹਨਤ ਨਾਲ ਹਰ ਥਾਂ ‘ਵਿਜਯ’ ਪ੍ਰਾਪਤ ਕਰਨ ਵਾਲਾ ‘ਵਿਜੇ ਕੁਮਾਰ’ ਹੁਣ ਮਹਿਸੂਸ ਕਰ ਰਿਹਾ ਹੈ ਕਿ ਕੋਵਿਡ ਕਾਰਨ ਪੈਦਾ ਹੋਏ ਹਾਲਾਤ ਅਤੇ ਇਮੀਗਰੇਸ਼ਨ ਦੀਆਂ ਆਏ ਦਿਨ ਬਦਲਦੀਆਂ ਨੀਤੀਆਂ ਕਰਕੇ ‘ਹਾਰ’ ਗਿਆ ਹੈ। ਕਦੇ ਉਸਦਾ ਪਰਮਾਨੈਂਟ ਰੈਜੀਡੈਂਸੀ ਵਾਲਾ ਰਾਹ ਰੁਕ ਗਿਆ ਅਤੇ ਕਦੇ ਉਸਦੀ ਜੀਵਨ ਸਾਥਣ ਵਾਸਤੇ ਨਿਊਜ਼ੀਲੈਂਡ ਆਉਣ ਵਾਲਾ ਦਰਵਾਜ਼ਾ ਬੰਦ ਹੋ ਗਿਆ। ਜਿਸ ਕਰਕੇ ਹੁਣ ਉਹ ਸੰਸੇ-ਝੋਰਿਆਂ `ਚ ਮਾਨਸਿਕ ਦਬਾਅ ਹੰਢਾਉਣ ਲਈ ਮਜਬੂਰ ਹੈ।
ਕੌਮੀ ਮੀਡੀਆ ਰਾਹੀਂ ਦਿਲ ਦੀ ਭੜਾਸ ਕੱਢਣ ਵਾਲਾ ਵਿਜੇ ਕੁਮਾਰ ਸਾਲ 2017 `ਚ ਇਸ ਕਰਕੇ ਸਟੂਡੈਂਟ ਵੀਜ਼ਾ ਲੈ ਕੇ ਨਿਊਜ਼ੀਲੈਂਡ ਆਇਆ ਸੀ ਕਿ ਉਸਦੀ ਜਿ਼ੰਦਗੀ ਬਦਲ ਜਾਵੇਗੀ। ਆਕਲੈੈਂਡ ਦੀ ਯੂਨੀਟੈੱਕ ਇੰਸਟੀਚਿਊਟ `ਚ ਕਈ ਚੁਣੌਤੀ ਦਾ ਸਾਹਮਣਾ ਕਰਕੇ ਆਰਕੀਟੈਕਟ ਦੀ ਮਾਸਟਰ ਡਿਗਰੀ ਪ੍ਰਾਪਤ ਕਰਨ ਪਿੱਛੋਂ ਭਾਵੇਂ ਨੌਕਰੀ ਤਾਂ ਸੁਰੱਖਿਅਤ ਕਰ ਲਈ ਪਰ ਇਸਦੇ ਬਾਵਜੂਦ ਜਿ਼ੰਦਗੀ ਸੁਖਾਲੀ ਨਾ ਹੋਈ। ਪੜ੍ਹਾਈ ਪਿੱਛੋਂ ਉਸਨੂੰ ਉਹ ਦਿਨ ਵੀ ਭੁੱਲ ਗਏ ਸਨ,ਜਦੋਂ ਉਹ ਪੜ੍ਹਾਈ ਦੌਰਾਨ ਅੱਧੀ ਰਾਤ ਨੂੰ ਪੌਣੇ ਬਾਰਾਂ ਵਜੇ ਠੰਢੀਆਂ ਰਾਤਾਂ `ਚ ਕਾਲਜ ਤੋਂਂ ਪੰਜ ਕਿਲੋਮੀਟਰ ਦੂਰ ਤੁਰ ਕੇ ਘਰ ਜਾਂਦਾ ਸੀ, ਕਿਉਂਕਿ ਉਸ ਵੇਲੇ ਬੱਸ ਨਹੀਂ ਸੀ ਮਿਲਦੀ।
ਸਭ ਤੋਂ ਵੱਡੀ ਚੁਣੌਤੀ ਉਸਨੂੰ ਉਸ ਵੇਲੇ ਹੋਈ ਜਦੋਂ ਪੜ੍ਹਾਈ ਦੇ ਆਖਰੀ ਸਾਲ ਦੌਰਾਨ ਥੀਸਿਸ ਜਮ੍ਹਾਂ ਕਰਾਉਣ ਤੋਂ ਪਹਿਲਾਂ ਉਸਦੇ ਦਾਦੇ ਦੀ ਮੌਤ ਹੋ ਗਈ ਸੀ। ਉਸਦੇ ਅਧਿਆਪਕਾਂ ਨੇ ਥੀਸਿਸ ਜਮ੍ਹਾਂ ਕਰਾਉਣ ਲਈ ਤਾਰੀਕ ਵਧਾਉਣ ਬਾਰੇ ਵੀ ਕਿਹਾ ਪਰ ਉਸਨੇ ਔਖੇ-ਸੌਖੇ ਹੁੰਦਿਆਂ ਸਮੇਂ ਸਿਰ ਵਾਪਸ ਆ ਕੇ ਸਾਲ 2019 `ਚ ਪੜ੍ਹਾਈ ਮੁਕੰਮਲ ਕਰ ਲਈ।
ਇਸ ਦੌਰਾਨ ਉਹ ਇੱਕ ਫੈਕਟਰੀ `ਚ ਅੱਧੀ ਰਾਤ ਨੂੰ ਕਲੀਨਰ ਵਜੋਂ ਵੀ ਕੰਮ ਕਰਦਾ ਰਿਹਾ। ਵੀਕਐਂਡ `ਤੇ ਰੀਮਿਊਰਾ `ਚ ਕਿਸੇ ਦੇ ਘਰ ਮਾਲੀ ਦੇ ਤੌਰ `ਤੇ ਕੰਮ ਵੀ ਕੀਤਾ। ਫਰਨੀਚਰ ਕੰਪਨੀ `ਚ ਅਸਿਸਟੈਂਟ ਬਣ ਕੇ ਵੀ ਵਿਚਰਿਆ। ਆਰਕੀਟੈਕਚਰ ਕੰਪਨੀ `ਚ ਤਜਰਬਾ ਲੈਣ ਲਈ ਇੰਟਰਨਸਿ਼ਪ ਵੀ ਪੂਰੀ ਕੀਤੀ। ਅਖੀਰ ਕਈ ਤਰ੍ਹਾਂ ਦੇ ਪਾਪੜ ਵੇਲ੍ਹਣ ਪਿੱਛੋਂ ਉਸਨੂੰ ਸਾਲ 2019 `ਚ ਆਰਕੀਟੈਕਚਰਲ ਡਿਜ਼ਾਈਨਰ ਦੀ ਜੌਬ ਮਿਲ ਗਈ। ਜਿਸ ਪਿੱਛੋਂ ਵਿਆਹ ਬਾਰੇ ਸੋਚਿਆ ਤਾਂ ਇਮੀਗਰੇਸ਼ਨ ਨੇ ਉਸਦੀ ਮੰਗੇਤਰ ਦੇ ਵਿਜ਼ਟਰ ਵੀਜ਼ੇ ਵਾਲੀ ਅਰਜ਼ੀ ਇਸ ਕਰਕੇ ਰੱਦ ਕਰ ਦਿੱਤੀ ਕਿ ਦੋਹਾਂ ਦਾ ਰਿਲੇਸ਼ਨਸਿ਼ਪ ਅਸਲ ਨਹੀਂ ਹੈ। ਹਾਲਾਂਕਿ ਦੋਵੇਂ ਇੱਕ ਦੂਜੇ ਨੂੰ ਅੱਠ ਸਾਲ ਤੋਂ ਜਾਣਦੇ ਸਨ।
ਜਿਸ ਪਿੱਛੋਂ ਉਹ ਪਿਛਲੇ ਸਾਲ ਜਨਵਰੀ `ਚ ਆਪਣੇ ਘਰ ਪਿੱਛੋਂ ਵਿਆਹ ਦੀ ਤਾਰੀਕ ਬੰਨ੍ਹ ਕੇ ਵਾਪਸ ਆਇਆ ਸੀ ਅਤੇ ਜੁਲਾਈ 2020 `ਚ ਵਿਆਹ ਕਰਵਾਉਣਾ ਸੀ। ਪਰ ਮਾਰਚ ਵਿੱਚ ਕੋਵਿਡ-19 ਕਾਰਨ ਅਜਿਹਾ ਲੌਕਡਾਊਨ ਲੱਗਾ ਕਿ ਡੇਢ ਸਾਲ ਬੀਤ ਜਾਣ ਦੇ ਬਾਵਜੂਦ ਆਪਣੀ ਜਿ਼ੰਦਗੀ `ਚ ਉੱਥੇ ਹੀ ਖੜ੍ਹਾ ਮਹਿਸੂਸ ਕਰ ਰਿਹਾ ਹੈ। ਨਵੰਬਰ 2020 `ਚ ਸਕਿਲਡ ਮਾਈਗਰੈਂਟ ਕੈਟਾਗਿਰੀ ਤਹਿਤ 185 ਨੰਬਰ ਕਲੇਮ ਕਰਕੇ ਈਉਆਈ ਪਾਈ। ਪਰ ਉਹ ਵੀ ਜਿਉਂ ਦੀ ਤਿਉਂ ਹੈ। ਇਸਦੀ ਪ੍ਰਾਸੈੱਸਿੰਗ ਕਦੋਂ ਸ਼ੁਰੂ ਹੋਵੇਗੀ ? ਇਸ ਬਾਰੇ ਕਿਸੇ ਕੋਲ ਕੋਈ ਜਵਾਬ ਨਹੀਂ। ਨਾ ਹੀ ਉਹ ਜੌਬ ਛੱਡ ਕੇ ਆਪਣੇ ਘਰ ਜਾ ਸਕਦਾ ਹੈ ਕਿਉਂਕਿ ਸਰਕਾਰ ਵੱਲੋਂ ਵਾਪਸ ਆਉਣ ਦੀ ਕੋਈ ਗਰੰਟੀ ਨਹੀਂ।
ਇਹ ਕਹਾਣੀ ਸਿਰਫ਼ ਵਿਜੇ ਕੁਮਾਰ ਦੀ ਹੀ ਨਹੀਂ। ਸਗੋਂ ਹੋਰ ਕਈ ਮਾਈਗਰੈਂਟ ਵਰਕਰ ਅਜਿਹੀ ਹੀ ਮਾਨਸਿਕ ਪੀੜ੍ਹ ਝੱਲਣ ਲਈ ਮਜਬੂਰ ਹਨ। ਕਈ ਮਾਵਾਂ ਆਪਣੇ ਜਿਗਰ ਦੇ ਟੋਟਿਆਂ ਤੋਂ ਦੂਰ ਹੋਣ ਕਰਕੇ ਅੰਦਰੋ-ਅੰਦਰੀ ਹਉਕੇ ਭਰਨ ਲਈ ਮਜਬੂੂਰ ਹਨ। ਕਈ ਛੋਟੇ-ਛੋੋਟੇ ਬੱਚੇ ਆਪਣੀਆਂ ਮਾਵਾਂ ਨੂੰ ਯਾਦ ਕਰਕੇ ਵਿਲਕ ਰਹੇ ਹਨ। ਉਨ੍ਹਾਂ ਦਰਦ ਭਰੀ ਅਵਾਜ਼, ਨਿਊਜ਼ੀਲੈਂਡ ਦੀ ਲੇਬਰ ਸਰਕਾਰ ਦੇ ਕੰਨ੍ਹੀਂ ਕਦੋਂ ਪਵੇਗੀ ? ਇਸ ਬਾਰੇ ਫਿਲਹਾਲ ਕੁੱਝ ਵੀ ਨਹੀਂਂ ਕਿਹਾ ਜਾ ਸਕਦਾ ਕਿਉਂਕਿ ਇਮੀਗਰੇਸ਼ਨ ਮਨਿਸਟਰ ਕਰਿਸ ਫਾਫੋਈ ਕੰਨ੍ਹ ਵਲ੍ਹੇਟ ਕੇ ਬੈਠੇ ਹਨ। ਜੇ ਕਦੇ ਕੋਈ ਹਲੂਣਾ ਮਾਰ ਕੇ ਮਾਈਗਰੈਂਟ ਵਰਕਰਾਂ ਵਾਸਤੇ ਬਾਰਡਰ ਖੋਲ੍ਹਣ ਬਾਰੇ ਸਵਾਲ ਪੱੁਛਦਾ ਹੈ ਤਾਂ ਉਹ ਕਈ ਮਹੀਨਿਆਂ ਤੋਂ ਇੱਕੋ ਜਵਾਬ ਦਿੰਦੇ ਆ ਰਹੇ ਹਨ, ਸੂਨ,,,,, ਵੈਰੀ ਸੂਨ ।

ADVERTISEMENT
NZ Punjabi News Matrimonials