Tuesday, 26 October 2021
13 October 2021 Editorials

ਸਿੱਖ ਪਰਿਵਾਰਾਂ `ਤੇ ਕ੍ਰਿਸਚਨ ਮਿਸ਼ਨਰੀਆਂ ਦਾ ਪ੍ਰਭਾਵ

-ਸ਼੍ਰੋਮਣੀ ਕਮੇਟੀ ਦੀ ਪ੍ਰਚਾਰ ਬਾਰੇ ਨਵੀਂ ਪਹਿਲਕਦਮੀ
ਸਿੱਖ ਪਰਿਵਾਰਾਂ `ਤੇ ਕ੍ਰਿਸਚਨ ਮਿਸ਼ਨਰੀਆਂ ਦਾ ਪ੍ਰਭਾਵ - NZ Punjabi News

ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ

ਪੰਜਾਬ ਦੇ ਸਿੱਖ ਪਰਿਵਾਰਾਂ ਨੂੰ ਕ੍ਰਿਸਚਨ ਮਿਸ਼ਨਰੀਆਂ ਦੁਆਰਾ ਪ੍ਰਵਭਾਵਿਤ ਕਰਕੇ ਧਰਮ ਤਬਦੀਲ ਕਰਾਉਣ ਦਾ ਮਾਮਲਾ ਇਕ ਵਾਰ ਫਿਰ ਚਰਚਾ `ਚ ਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੱੁਖ ਪ੍ਰਚਾਰਕ ਸਰਬਜੀਤ ਸਿੰਘ ਢੋਟੀਆਂ ਦੀ ਅਗਵਾਈ `ਚ 7-7 ਪ੍ਰਚਾਰਕਾਂ ਦੀਆਂ 150 ਟੀਮਾਂ ਬਣਾ ਕੇ ਜਾਗਰੂਕਤਾ ਫ਼ੈਲਾਉਣ ਲਈ “ ਘਰ-ਘਰ ਅੰਦਰ ਧਰਮਸਾਲ” ਨਾਂ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਵਰਤਾਰਾ ਵੇਖਣ ਨੂੰ ਮਿਲ ਰਿਹਾ ਸੀ ਕਿ ਪੰਜਾਬ ਦੇ ਹੀ ਕੁੱਝ ਕ੍ਰਿਸਚਨ ਮਿਸ਼ਨਰੀ ਪਿੰਡਾਂ ਤੱਕ ਵੀ ਪਹੁੰਚ ਕਰਨ ਲੱਗ ਪਏ ਹਨ। ਪਿਛਲੇ ਦਿਨੀਂ ਇੱਕ ਪਿੰਡ `ਚ ਮਿਸ਼ਨਰੀਆਂ ਦੀ ਇੱਕ ਟੀਮ ਬਾਰੇ ਵੀਡੀE ਵੀ ਵਾਇਰਲ ਹੋਈ ਸੀ, ਜੋ ਸਿੱਖ ਪਰਿਵਾਰਾਂ ਨੂੰ ਕ੍ਰਿਸਚਨ ਬਣਾਉਣ ਦੇ ਉਦੇਸ਼ ਨਾਲ ਘਰ-ਘਰ ਦਾ ਕੁੰਡਾ ਖੜਕਾ ਰਹੇ ਸਨ। ਇਸ ਤੋਂ ਇਲਾਵਾ ਕਈ ਲੋਕ ਇਹ ਵੀ ਇਤਰਾਜ਼ ਕਰ ਰਹੇ ਹਨ ਕਿ ਕ੍ਰਿਸ਼ਚਨ ਮਿਸ਼ਨਰੀ, ਗਰੀਬ ਪਰਿਵਾਰਾਂ ਨੂੰ ਭਰਮਾਉਣ ਲਈ ਪੱਗਾਂ ਵਾਲੇ ਪੰਜਾਬੀ ਮਿਸ਼ਨਰੀਆਂ ਨੂੰ ਅੱਗੇ ਲਾ ਕੇ ਇਹ ਕੰਮ ਕਰ ਰਹੇ ਹਨ। ਇੱਥੋਂ ਤੱਕ ਕਿ ਆਰਥਿਕ ਤੰਗੀ ਅਤੇ ਬਿਮਾਰੀ ਨਾਲ ਜੂਝ ਰਹੇ ਗਰੀਬ ਪਰਿਵਾਰ ਨੂੰ ਅੰਧ-ਵਿਸ਼ਵਾਸ਼ਾਂ ਦਾ ਸਹਾਰਾ ਲੈ ਕੇ ਵੀ ਭਰਮਾਇਆ ਜਾ ਰਿਹਾ ਹੈ। ਹਾਲਾਂਕਿ ਕ੍ਰਿਸਚਨ ਮਿਸ਼ਨਰੀ ਦਾਅਵਾ ਕਰ ਰਹੇ ਕਿ ਉਹ ਭਾਰਤੀ ਸੰਵਿਧਾਨ ਦੇ ਅਨੁਸਾਰ ਹੀ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਹਨ।

ਪਰ ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਚਿੰਤਾ ਪ੍ਰਗਟ ਕਰ ਚੁੱਕੇ ਹਨ ਕਿ ਪਿੰਡਾਂ ਦੇ ਭੋਲੇ-ਭਾਲੇ ਸਿੱਖਾਂ ਨੂੰ ਵਰਗਲਾ ਕੇ ਕ੍ਰਿਸਚਨ ਧਰਮ ਧਾਰਨ ਕਰ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼੍ਰੋਮਣੀ ਕਮੇਟੀ ਦੇ 100ਵੇਂ ਸਥਾਪਨਾ ਦਿਹਾੜੇ ਮੌਕੇ ਅਜਿਹੇ ਰੁਝਾਨ ਦੀਆਂ ਚੁਣੌਤੀਆਂ ਦਾ ਸਿੱਧੇ ਰੂਪ `ਚ ਜਿ਼ਕਰ ਕਰ ਚੁੱਕੇ ਹਨ।
ਬਿਨਾ ਸ਼ੱਕ ਕ੍ਰਿਸਚਨ ਮਿਸ਼ਨਰੀਆਂ ਵੱਲੋਂ ਸਿੱਖਾਂ ਨੂੰ ਧਰਮ ਤਬਦੀਲ ਕਰਾਉਣ ਦਾ ਮੱੁਦਾ ਕੋਈ ਨਵਾਂ ਹੈ, ਕਿਉਂਕਿ ਅਜਿਹਾ ਵਰਤਾਰਾ 1870 ਦੇ ਦਹਾਕੇ ਦੌਰਾਨ ਵੀ ਸਾਹਮਣੇ ਆਇਆ ਸੀ, ਜਦੋਂ ਲਾਹੌਰ `ਚ ਅਮੀਰ ਪਰਿਵਾਰਾਂ ਨਾਲ ਸਬੰਧਤ 4 ਸਿੱਖ ਨੌਜਵਾਨਾਂ ਦੇ ਮੁੱਦੇ ਨੇ ਸਿੱਖ ਪੰਥ ਨੂੰ ਝੰਜੋੜਿਆ ਸੀ। ਜਿਸਨੇ ਸਿੰਘ ਸਭਾ ਲਹਿਰ ਦਾ ਮੁੱਢ ਬੰਨ੍ਹਿਆ ਸੀ।

ਇਤਿਹਾਸਕਾਰ ਡਾ ਇਸ਼ਤਿਆਕ ਅਹਿਮਦ ਦੇ ਹਵਾਲੇ ਅਨੁਸਾਰ ਕਪੂਰਥਲਾ ਰਿਆਸਤ ਦੇ ਰਾਜੇ ਹਰਨਾਮ ਸਿੰਘ ਆਹਲੂਵਾਲੀਆ ਦੇ ਕ੍ਰਿਸਚਨ ਧਰਮ ਦੇ ਧਾਰਨੀ ਬਣਨ ਦਾ ਕਿੱਸਾ ਵੀ ਇਸੇ ਪ੍ਰਸੰਗ `ਚ ਵਿਚਾਰਿਆ ਜਾ ਸਕਦਾ ਹੈ। ਜਿਸਨੂੰ ਉਸ ਵੇਲੇ ਦੀ ਅੰਗਰੇਜ਼ੀ ਹਕੂਮਤ ਵੀ ਸਮਝ ਗਈ ਸੀ ਕਿ ਕ੍ਰਿਸਚਨ ਮਿਸ਼ਨਰੀਆਂ ਦੁਆਰਾ ਸਿੱਖ ਰਾਜੇ ਦਾ ਧਰਮ ਤਬਦੀਲ ਕਰਵਾਏ ਜਾਣ ਦਾ ਮੱੁਦਾ ਬਹੁਤ ਸੰਵੇਦਨਸ਼ੀਲ ਹੈ, ਜੋ ਉਨ੍ਹਾਂ ਦੇ ਸਾਮਰਾਜ ਲਈ ਖ਼ਤਰਾ ਬਣ ਸਕਦਾ ਹੈ।

ਖ਼ੈਰ ! ਸ਼੍ਰੋਮਣੀ ਕਮੇਟੀ ਨੇ ਆਪਣੀ ਨਵੀਂ ਮੁਹਿੰਮ ਰਾਹੀਂ ਸਿੱਖ ਧਰਮ ਦੇ ਪ੍ਰਚਾਰ ਬਾਰੇ ਯਤਨ ਆਰੰਭੇ ਹਨ। ਇਸਦੇ ਬਾਵਜੂਦ ਨਵੀਂ ਮੁਹਿੰਮ ਨੇ ਅਜਿਹੇ ਲੋਕਾਂ ਨੂੰ ਤਸੱਲੀ ਦਿੱਤੀ ਹੈ, ਜੋ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਕ੍ਰਿਸਚਨ ਮਿਸ਼ਨਰੀਆਂ ਵੱਲੋਂ ਪ੍ਰਭਾਵਿਤ ਕੀਤੇ ਜਾਣ ਵਾਲੇ ਅਮਲ ਤੋਂ ਬਹੁਤ ਚਿੰਤਤ ਸਨ। ਕੀ ਨਵੀਂ ਮੁਹਿੰਮ ‘ਸਿੰਘ ਸਭਾ ਲਹਿਰ’ ਵਾਂਗ ਹਾਂ-ਪੱਖੀ ਸਿੱਟੇ ਕੱਢ ਸਕੇਗੀ ? ਇਸ ਬਾਰੇ ਆਉਣ ਵਾਲੇ ਸਮੇਂ `ਚ ਪਤਾ ਲੱਗ ਸਕੇਗਾ ਕਿ ਸਿੱਖ ਸੰਗਤ ਨਵੀਂ ਮੁਹਿੰਮ ਨੂੰ ਕਿਹੋ ਜਿਹਾ ਹੁੰਗਾਰਾ ਦਿੰਦੀ ਹੈ।

ADVERTISEMENT
NZ Punjabi News Matrimonials