ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਫਾਂਸੀ ਵਾਲੇ ਇਤਿਹਾਸਕ ਦਿਹਾੜੇ `ਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਯਾਦਗਾਰ `ਤੇ ਮੱਥਾ ਟੇਕਣ ਮੌਕੇ ਭ੍ਰਿਸ਼ਟਾਚਾਰ ਨਾਲ ਮੱਥਾ ਲਾਉਣ ਦਾ ਵਚਨ ਦਿੱਤਾ ਹੈ। ਜਿਸ ਨਾਲ ਆਮ ਲੋਕਾਂ ਨੇ ਸੁਖ ਦਾ ਸਾਹ ਲਿਆ ਹੈ ਅਤੇ ਪ੍ਰਸ਼ਾਸ਼ਨ `ਚ ਕੈਂਸਰ ਵਾਂਗ ਫ਼ੈਲ ਚੁੱਕੇ ਭ੍ਰਿਸ਼ਟਾਚਾਰ ਦੇ ਇਲਾਜ ਵਾਸਤੇ 9501 200 200 ਫ਼ੋਨ ਨੰਬਰ ਦੀ ਟੱਲੀ ਖੜਕਾਉਣ ਦਾ ਸੱਦਾ ਦਿੱਤਾ ਹੈ।
92 ਸੀਟਾਂ ਪ੍ਰਾਪਤ ਕਰਨ ਵਾਲੀ ਆਪ ਸਰਕਾਰ ਤੋਂ ਲੋਕਾਂ ਦੀ ਆਸਾਂ ਬਹੁਤ ਵੱਡੀਆਂ ਹਨ। ਇਹ ਪੂਰਾ ਅਮਲ ਹੋਣ ਬਾਰੇ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋਣੇ ਆਮ ਗੱਲ ਹੈ ਕਿਉਂਕਿ 1997 `ਚ ਵੀ ਅਕਾਲੀ-ਭਾਜਪਾ ਗੱਠਜੋੜ ਨੇ ਅਜਿਹੇ ਹੀ ਮੁੱਦਿਆਂ ਨੂੰ ਲੈ ਕੇ 93 ਸੀਟਾਂ `ਤੇ ਜਿੱਤ ਪ੍ਰਾਪਤ ਕੀਤੀ ਸੀ ਪਰ ਵਾਅਦੇ ਵਫ਼ਾ ਨਹੀਂ ਹੋਏ ਸਨ।
ਸਾਲ 1997 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਉਸ ਵੇਲੇ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਵੱਡੇ ਵਾਅਦੇ ਕੀਤੇ ਸਨ ਕਿ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟ ਦਿੱਤਾ ਜਾਵੇਗਾ। 1997 `ਚ ਪੰਜਾਬ ਦੇ ਲੋਕਾਂ ਨੇ ਅਕਾਲੀ ਨੇ ਦਲ ਨੂੰ 75 ਤੇ ਭਾਈਵਾਲਾ ਭਾਜਪਾ ਨੂੰ 18 ਸੀਟਾਂ `ਤੇ ਜਿੱਤ ਦਿਵਾ ਕੇ 93 ਸੱਤਾ ਸੌਂਪੀ। ਇਮਾਨਦਾਰ ਅਫ਼ਸਰਾਂ ਨੂੰ ਹਰ ਸਾਲ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇਣ ਦੀ ਗੱਲ ਵੀ ਚੱਲੀ। ਪਰ ਕੁੱਝ ਸਾਲਾਂ ਬਾਅਦ ਹੀ ਲੋਕਾਂ ਦੇ ਸੁਪਨੇ ਤਿੜਕ ਗਏ, ਜਦੋਂ ਸਰਕਾਰੀਆਂ ਨੌਕਰੀਆਂ ਵਿਕਣ ਦੇ ਕਿੱਸੇ ਸਾਹਮਣੇ ਆਉਣ ਲੱਗ ਪਏ ਸਨ ਤੇ ਇੱਕ ‘ਬੀਬੀ’ ਦਾ ਨਾਂ ਕਾਫੀ ਚਰਚਾ `ਚ ਰਿਹਾ ਸੀ।
ਸਾਲ 1992 `ਚ ਦਸ ਫ਼ੀਸਦ ਵੋਟਾਂ ਨਾਲ ਕਾਂਗਰਸ ਦੀ ਸਰਕਾਰ ਬਣਨ ਤੋਂ ਪਿੱਛੋਂ ਅਕਾਲੀ ਦਲ ਤੇ ਕਾਂਗਰਸ ਨੇ 2022 ਤੱਕ ਦੇ 30 ਸਾਲ ਦੇ ਸਮੇਂ `ਚ 15-15 ਸਾਲ ਰਾਜ ਕੀਤਾ ਪਰ ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਰਹੀਆਂ।
ਵਾਰੋ-ਵਾਰੀ ਆਈਆਂ ਦੋਹਾਂ ਰਵਾਇਤੀ ਪਾਰਟੀਆਂ ਦੇ ਆਗੂਆਂ `ਤੇ ਭਾਈ-ਭਤੀਜਾਵਾਦ ਅਤੇ ਆਪੋ-ਆਪਣੇ ਕਾਰੋਬਾਰਾਂ ਨੂੰ ਪ੍ਰਫੁੱਲਤ ਕਰਨ ਦੇ ਦੋਸ਼ ਲੱਗਦੇ ਰਹੇ। ਜਿਸਦੀ ਸਰਪ੍ਰਤੀ `ਚ ਭ੍ਰਿਸ਼ਟਾਚਾਰ ਵੀ ਪ੍ਰਫੁੱਲਤ ਹੁੰਦਾ ਰਿਹਾ।
ਪਰ ਹੁਣ ਪੰਜਾਬ ਦੀ ਕਮਾਨ ਭਗਵੰਤ ਮਾਨ ਦੇ ਹੱਥ ਆ ਚੁੱਕੀ ਹੈ, ਜੋ ਪਿਛਲੇ ਲੰਬੇ ਸਮੇਂ ਤੋਂ ਸਿਆਸੀ ਭ੍ਰਿਸ਼ਟਾਚਾਰ ਦਾ ਮੁੱਦਾ ਉਭਾਰਦੇ ਆ ਰਹੇ ਹਨ। ਜਿਸ ਕਰਕੇ ਆਮ ਲੋਕ ਵੱਡੀਆਂ ਉਮੀਦਾਂ ਲਈ ਬੈਠੇ ਹਨ ਕਿਉਂਕਿ ਮੁੱਖ ਮੰਤਰੀ ਵੱਲੋਂ 23 ਮਾਰਚ ਨੂੰ ਜਾਰੀ ਕੀਤੇ ਗਏ ਨੰਬਰ ਨਾਲ ਪ੍ਰਸ਼ਾਸ਼ਨ `ਚ ਡਰ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ। ਸਭ ਤੋਂ ਵੱਡੀ ਚੁਣੌਤੀ ਇਹੀ ਹੋਵੇਗੀ ਕਿ ਕੀ ਆਪ ਸਰਕਾਰ ਅਜਿਹਾ ਦਾਬਾ ਹਮੇਸ਼ਾ ਬਣਾ ਕੇ ਰੱਖ ਸਕੇਗੀ ? ਜਾਂ ਫਿਰ ਭ੍ਰਿਸ਼ਟ ਨੀਅਤ ਨਾਲ ਆਮ ਆਦਮੀ ਪਾਰਟੀ ਹਿੱਸਾ ਬਣਨ ਵਾਲੇ ਸਿਆਸੀ ਆਗੂ ਵੀ ਉਨ੍ਹਾਂ ਲੀਹਾਂ `ਤੇ ਚੱਲਣ ਲੱਗ ਪੈਣਗੇ, ਜਿਸ ਰਾਹ `ਤੇ ਰਵਾਇਤੀ ਪਾਰਟੀਆਂ ਦੇ ਆਗੂ ਚੱਲਦੇ ਆਏ ਹਨ।
ਖ਼ੈਰ ! ਆਦਮੀ ਪਾਰਟੀ ਨੂੰ ਅਕਾਲੀ-ਭਾਜਪਾ ਦਾ ਸੰਨ 1997 ਵਾਲਾ ਚੋਣ ਨਤੀਜਾ ਯਾਦ ਰੱਖਣਾ ਚਾਹੀਦਾ ਹੈ, ਜੋ 93 ਸੀਟਾਂ ਜਿੱਤਣ ਤੋਂ ਪਿੱਛੋਂ ਸਾਲ 2022 ਤੱਕ ਪੰਜ ਸੀਟਾਂ ( ਅਕਾਲੀ-3 ਤੇ ਭਾਜਪਾ-2) ਤੱਕ ਹੀ ਸਿਮਟ ਚੁੱਕੇ ਹਨ।
ਐਨਜ਼ੈੱਡ ਪੰਜਾਬੀ ਨਿਊਜ਼
ਆਕਲੈਂਡ,ਨਿਊਜ਼ੀਲੈਂਡ
0064 21 055 3075