ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਕਸ਼ਮੀਰੀ ਪੰਡਿਤਾਂ ਦੀ ਰਾਖੀ ਅਤੇ ਔਰੰਗਜ਼ੇਬ ਦੇ ਜ਼ੁਲਮ ਦੇ ਵਿਰੁੱਧ ਡਟ ਕੇ ਦਿੱਲੀ ਦੇ ਚਾਂਦਨੀ ਚੌਕ `ਚ ਕੁਰਬਾਨੀ ਦੇਣ ਵਾਲੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਦੇਸ਼-ਵਿਦੇਸ਼ `ਚ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ ਭਾਰਤ ਸਰਕਾਰ ਵੱਲੋਂ ਵੀ ਲਾਲ ਕਿਲ੍ਹੇ `ਤੇ ਦੋ ਰੋਜ਼ਾ ਪ੍ਰਕਾਸ ਪੁਰਬ ਵੱਡੇ ਪੱਧਰ `ਤੇ ਮਨਾਇਆ ਜਾ ਰਿਹਾ ਹੈ। ਬੀਤੀ 20 ਅਪ੍ਰੈਲ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਕੇ ਗਏ ਹਨ ਅਤੇ ਅੱਜ 21 ਅਪ੍ਰੈਲ ਸ਼ਾਮ ਛੇ ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦੇਣੀ ਹੈ। ਹਰਿਆਣਾ ਸਰਕਾਰ ਨੇ ਵੀ ਪਾਣੀਪਤ `ਚ 24 ਅਪ੍ਰੈਲ ਨੂੰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਕਰਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ ਇਹ ਵੱਖਰੀ ਬਹਿਸ ਦਾ ਵਿਸ਼ਾ ਹੈ ਕਿ ਕੀ ਭਾਰਤੀ ਜਨਤਾ ਪਾਰਟੀ ਆਪਣੇ ਸਿਆਸੀ-ਸਮਾਜਿਕ ਫਾਇਦੇ ਲਈ ਸਿੱਖ ਭਾਈਚਾਰੇ ਨਾਲ ਨੇੜਤਾ ਵਧਾਉਣ ਦੇ ਯਤਨ ਵਜੋਂ ਹੀ ਅਜਿਹੇ ਧਾਰਮਿਕ ਸਗਾਮਗ ਕਰਵਾ ਰਹੀ ਹੈ?
ਖੈਰ ! ਅਜਿਹੇ ਦੌਰ `ਚ ਇਹ ਨੁਕਤਾ ਵੀ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਸ੍ਰੀ ਗੁਰੂ ਤੇਗ਼ ਬਹਾਦਰ ਦੇ ਫ਼ਲਸਫ਼ੇ ਨੂੰ ਦੁਨੀਆ ਭਰ `ਚ ਪ੍ਰਚਾਰਨ ਵਾਸਤੇ ਰਾਜਧਾਨੀ ਨਵੀਂ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਨੌਵੇਂ ਗੁਰੂ ਦੇ ਨਾਂ `ਤੇ ਰੱਖ ਦਿੱਤਾ ਜਾਣਾ ਚਾਹੀਦਾ ਹੈ। ਜੇ ਕੇਂਦਰ ਸਰਕਾਰ ਅਜਿਹਾ ਫ਼ੈਸਲਾ ਲੈਂਦੀ ਹੈ ਤਾਂ ਇਸ ਉੱਤੇ ਸਾਰੇ ਹੀ ਇਨਸਾਫ਼ ਪਸੰਦ ਲੋਕਾਂ ਨੂੰ ਫ਼ਖਰ ਮਹਿਸੂਸ ਹੋਵੇਗਾ। ਵੈਸੇ ਵੀ ਗੁਰੂ ਸਾਹਿਬ ‘ਹਿੰਦ ਦੀ ਚਾਦਰ’ ਵਰਗੇ ਵਿਸ਼ੇਸ਼ਣ ਨਾਲ ਦੇਸ਼ ਭਰ `ਚ ਸਤਿਕਾਰੇ ਜਾਂਦੇ ਹਨ, ਜਿਨ੍ਹਾਂ ਨੇ ਧਰਮ ਤੋਂ ਉੱਪਰ ਉੱਠ ਕੇ ਜ਼ੁਲਮ ਦੇ ਖਿਲਾਫ਼ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਆਪਣੀ ਕੁਰਬਾਨੀ ਦਿੱਤੀ ਸੀ।
ਇਸ ਵਾਸਤੇ ਜੇ ਗੁਰੂ ਸਾਹਿਬ ਦੇ ਨਾਂ `ਤੇ ਦਿੱਲੀ ਦੇ ਏਅਰਪੋਰਟ ਦਾ ਨਾਂ ਰੱਖ ਦਿੱਤਾ ਜਾਂਦਾ ਹੈ ਤਾਂ ਦੇਸ਼-ਵਿਦੇਸ਼ `ਚ ਵਸਦੇ ਪੰਜਾਬੀਆਂ ਨੂੰ ਬਹੁਤ ਸਕੂ਼ਨ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਨੂੰ ‘ਵੱਡੀ ਰਾਹਤ’ ਦੇਣ ਵਾਲੀ ਹੋਵੇਗੀ। ਵੈਸੇ ਵੀ ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਸੰਸਥਾਵਾਂ ਦੇ ਨਾਮ ਅਜਿਹੀਆਂ ਸਖਸ਼ੀਅਤਾਂ ਦੇ ਨਾਂ `ਤੇ ਹੋਣੇ ਚਾਹੀਦੇ ਹਨ, ਜਿਨ੍ਹਾਂ ਨੇ ਸਚਮੁੱਚ ਹੀ ਮਨੁੱਖਤਾ ਲਈ ਕੁਰਬਾਨੀ ਕੀਤਾ ਹੋਵੇ। ਇਸ ਕਰਕੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ ਦੀ ਤਰਜ਼ `ਤੇ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ ਨੂੰ ਨੌਵੇਂ ਗੁਰੂ ਦੇ ਨਾਂ `ਤੇ ਤਬਦੀਲ ਕਰਨ ਲਈ ਵਿਚਾਰ ਕਰਨੀ ਚਾਹੀਦੀ ਹੈ ਤਾਂ ਜੋ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਗੁਰੂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕੇ।
- ਐੱਨਜ਼ੈੱਡ ਪੰਜਾਬੀ ਨਿਊਜ
+64 21 055 3075
21 ਅਪ੍ਰੈਲ 2022