ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਸੰਨ ਸੰਤਾਲੀ ਤੋਂ ਪਹਿਲਾਂ ਸ਼ੇਖੂਪੁਰਾ ਦੇ ਸੇਖਵਾਂ ਪਿੰਡ (ਹੁਣ ਪਾਕਿਸਤਾਨ) `ਚ ਜੰਮੇ-ਪਲੇ ਪਾਲਾ ਸਿੰਘ ਨੂੰ ਕੀ ਪਤਾ ਸੀ ਕਿ ਅੰਗਰੇਜ਼ੀ ਹੁਕਮਰਾਨ, ਗੁਰਾਂ ਦੇ ਨਾਂ `ਤੇ ਵਸਦੇ ਪੰਜਾਬ ਨੂੰ ਦੋ ਮੁਲਕ ਬਣਾ ਕੇ ਵੰਡ ਦੇਣਗੇ। ਧਾਰਮਿਕ ਜਨੂੰਨੀ ਹੈਵਾਨੀਅਤ ਦੇ ਹੱਥੇ ਚੜ੍ਹ ਕੇ ਉਸਦੀ ਜੀਵਨ ਸਾਥਣ ਨੂੰ ਮਾਰ-ਮੁਕਾ ਦੇਣਗੇ ਤੇ ਉਸਦਾ 11 ਸਾਲਾ ਪੁੱਤ ਵੀ ਮੌਤ ਦੇ ਹੱਥੋਂ ਹਾਰ ਜਾਵੇਗਾ।
ਪੈਲੀ-ਪੱਠਾ ਛੱਡ ਕੇ ਚੜ੍ਹਦੇ ਪੰਜਾਬ ਵੱਲ ਆਉਣ ਲਈ ਮਜ਼ਬੂਰ ਹੋਣ ਪਿੱਛੋਂ ਪਾਲਾ ਸਿੰਘ ਦੀ 5 ਸਾਲਾਂ ਦੀ ਧੀ ਤੇਜ ਕੌਰ ਵੀ ਰੁਲ-ਖੁਲ ਜਾਂਦੀ, ਜੇਕਰ ਆਪਣੇ ਦੀਨ ਤੇ ਇਨਸਾਨੀਅਤ ਦਾ ਪੱਕਾ ‘ਮੁਬਾਰਕ ਅਲੀ’ ਉਸਨੂੰ ਆਪਣੀ ਧੀ ਨਾ ਬਣਾਉਂਦਾ। ਮੁਬਾਰਕ ਨੇ ਸਿੱਖਾਂ ਦੀ ਧੀ ਨੂੰ ਆਪਣੀ ਧੀ ਬਣਾ ਕੇ ਮੁਮਤਾਜ਼ ਬੀਬੀ ਦੇ ਰੂਪ `ਚ ਇੰਨਾ ਜਿਆਦਾ ਲਾਡ-ਪਿਆਰ ਕੀਤਾ ਕਿ ਅੱਜ ਕਰੀਬ 80 ਸਾਲ ਦੀ ਮੁਮਤਾਜ਼ ਆਪਣੇ ਧਰਮੀ ਪਿਤਾ ਤੇ ਮਾਂ ਅੱਲਾ ਰੱਖੀ ਦੀਆਂ ਸਿਫ਼ਤਾਂ ਕਰਦੀ ਨਹੀਂ ਥੱਕਦੀ।
ਇਹ ਸਿਹਰਾ ਪਾਕਿਸਤਾਨ `ਚ ‘ਪੰਜਾਬੀ ਲਹਿਰ’ ਵੈੱਬ ਟੀਵੀ ਚਲਾਉਣ ਵਾਲੀ ਟੀਮ ਦੇ ਸਿਰ ਸਿਹਰਾ ਬੱਝਦਾ ਹੈ, ਜਿਨ੍ਹਾਂ ਨੇ ਬੀਤੇ ਦਿਨੀਂ ਕਰਤਾਰਪੁਰ ਕੌਰੀਡੋਰ ਰਾਹੀਂ ਮੁਮਤਾਜ਼ ਅਤੇ ਚੜ੍ਹਦੇ ਪੰਜਾਬ `ਚ ਵਸਦੇ (ਪਾਲਾ ਸਿੰਘ ਦੇ ਦੂਜੇ ਵਿਆਹ ਚੋਂ ਜਨਮੇ) ਦੋ ਭਰਾਵਾਂ ਗੁਰਮੁਖ ਸਿੰਘ ਅਤੇ ਬਲਦੇਵ ਸਿੰਘ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰਾਂ ਦੀਆਂ ਗੁਰੂ ਨਾਨਕ ਦੇ ਦਰ `ਤੇ ਗਲਵੱਕੜੀਆਂ ਪੁਆਈਆਂ।
ਦੋਹਾਂ ਪਰਿਵਾਰਾਂ ਦੀ ਮਿਲਣੀ ਵੇਖ ਕੇ ਹਰ ਇਨਸਾਨ ਮਹਿਸੂਸ ਕਰ ਸਕਦਾ ਹੈ ਕਿ ਧਰਮ ਅਤੇ ਦੇਸ਼ਾਂ ਦੀ ਸਰਹੱਦਾਂ ਵਾਲੀਆਂ ਲਕੀਰਾਂ ਤਾਂ ਮਨੁੱਖਤਾ ਅੱਗੇ ਬਹੁਤ ਛੋਟੀਆਂ ਹਨ, ਜਿਸਨੂੰ ਸਾਬਤ ਕਰਕੇ ਵਿਖਾ ਦਿੱਤਾ ਹੈ ਮੁਮਤਾਜ਼ ਅਤੇ ਉਸਦੇ ਭਰਾਵਾਂ ਨੇ। ਜਿਨ੍ਹਾਂ ਦੇ ਚਿਹਰੇ ਦੱਸ ਰਹੇ ਹਨ ਕਿ ਭੈਣ-ਭਰਾ ਦਾ ਰਿਸ਼ਤਾ ਕਿੰਨਾ ਗੂੜ੍ਹਾ ਹੁੰਦਾ ਹੈ।
ਲਹਿੰਦੇ ਪੰਜਾਬ ਨਾਲ ਸਬੰਧਤ ਹਰੀਆਂ ਟੋਪੀਆਂ ਵਾਲਾ ਮੁਮਤਾਜ਼ ਦਾ ਪਰਿਵਾਰ ਤੇ ਚੜ੍ਹਦੇ ਪੰਜਾਬ ਦੇ ਸ਼ੁਤਰਾਣਾ (ਪਟਿਆਲਾ) ਨਾਲ ਸਬੰਧਤ ਉਸਦੇ ਭਰਾਵਾਂ ਦਾ ਕਾਲੀਆਂ-ਚਿੱਟੀਆਂ-ਨਾਭੀ ਪੱਗਾਂ ਵਾਲਾ ਸਰਦਾਰ ਪਰਿਵਾਰ ਘੁਲ-ਮਿਲ ਕੇ ਜੱਫੀਆਂ ਪਾਉਂਦਾ ਨਜ਼ਰ ਆਉਂਦਾ ਹੈ। ਖ਼ੂਨ ਦੇ ਰਿਸ਼ਤੇ ਅੱਗੇ ਧਰਮੀ ਵੰਡ ਤੇ ਸਹਰੱਦਾਂ ਦੇ ਵਖਰੇਵੇਂ ਬੇਮਾਅਨੇ ਹੁੰਦੇ ਦਿਸ ਰਹੇ ਹਨ।
ਰੱਬ ਕਰੇ ! ਧਰਮ ਤੇ ਸਰਹੱਦਾਂ ਦੇ ਨਾਂ `ਤੇ ਸਿਆਸਤ ਕਰਨ ਵਾਲੇ ਆਗੂ ਵੀ ਆਮ ਲੋਕਾਂ ਦੇ ਜਜ਼ਬਾਤ ਸਮਝਣ `ਚ ਸਮਰੱਥ ਹੋ ਸਕਣ। ਸੰਨ ਸੰਤਾਲੀ ਤੋਂ ਪਹਿਲਾਂ ਦੇ ਜੰਮੇ ਪੰਜਾਬੀ ਲੋਕ ਮਹਿਸੂਸ ਕਰਦੇ ਹਨ ਕਿ ਸਿਰਫ਼ ਭਾਰਤ ਦੀ ਹੀ ਵੰਡ ਨਹੀਂ ਹੋਈ ਸਗੋਂ ਉਨ੍ਹਾਂ ਦੇ ਸੀਨੇ ਦੀ ਵੰਡ ਹੋਈ ਹੈ, ਜਿਨ੍ਹਾਂ ਦੇ ਕਈ ਪਰਿਵਾਰਕ ਮੈਂਬਰਾਂ ਇਸ ਹੱਲੇ-ਗੁੱਲੇ `ਚ ਪਰਿਵਾਰਾਂ ਤੋਂ ਵਿਛੜ ਚੁੱਕੇ ਹਨ। ਪਰ ‘ਪੰਜਾਬੀ ਲਹਿਰ’ ਦੀ ਟੀਮ ਦਾ ਉਪਰਾਲਾ ਉਨ੍ਹਾਂ ਨੂੰ ਮੁੜ ਇੱਕ ਮੰਜੇ `ਤੇ ਬੈਠਾਉਣ ਲਈ ਯਤਨਸ਼ੀਲ ਹੈ। ਅਜਿਹੇ ਉਪਰਾਲਿਆਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਪੰਜਾਬੀ ਲੋਕਗੀਤ `ਚ ਜਿ਼ਕਰ ਆਉਂਦਾ ਹੈ, “ ਭੈਣਾਂ ਵਰਗਾ ਸਾਕ ਨਾ ਕੋਈ”
ਪੰਜਾਬੀ ਦੇ ਮਹਾਨ ਸੂਫ਼ੀ ਕਵੀ ਦੀਆਂ ਇਹ ਸਤਰਾਂ ਅਜੋਕੇ ਪ੍ਰਸੰਗ `ਚ ਢੁਕਵੀਆਂ ਲੱਗ ਰਹੀਆਂ ਹਨ, ਜਿੱਥੇ ਭੈਣ-ਭਰਾ ਇੱਕ ਦੂਜੇ ਨੂੰ ਕਹਿ ਰਹੇ ਹੋਣ।
ਕੌਲ ਕਰਾਰ ਸੰਭਾਲ ਪਿਆਰੇ, ਅਤੇ ਆਉ ਕਦੀ ਘੱਤ ਫੇਰਾ ।
ਹਾਸ਼ਮ ਬਾਝ ਤੁਸਾਂ ਸੁਖ ਨਾਹੀਂ, ਹੋਰ ਵਸਦਾ ਮੁਲਕ ਬਤੇਰਾ ।
-ਐਨਜ਼ੈੱਡ ਪੰਜਾਬੀ ਨਿਊਜ਼
ਆਕਲੈਂਡ, ਨਿਊਜ਼ੀਲੈਂਡ
0064 21 055 3075