ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਭਾਰਤ ਦੀ ਰਾਜ ਸਭਾ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਕਾਂਗਰਸੀ ਆਗੂ ਅੰਬਿਕਾ ਸੋਨੀ ਦੇ ਅਹੁਦੇ ਦੀ ਮਿਆਦ ਪੁੱਗ ਜਾਣ ਪਿੱਛੋਂ ਹੁਣ ਉਨ੍ਹਾਂ ਦੀ ਥਾਂ ਦੋ ਹੋਰ ਆਗੂਆਂ ਦੀ ਚੋਣ ਲਈ ਅੱਜ 24 ਮਈ ਤੋਂ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਜਿਸ ਨਾਲ ਇਹ ਸਵਾਲ ਇੱਕ ਵਾਰ ਫਿਰ ਉੱਭਰਨਾ ਸ਼ੁਰੂ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਕੀ ਐਤਕੀਂ ਰਾਜ ਸਭਾ `ਚ ‘ਅਵਾਜ਼-ਏ-ਪੰਜਾਬ’ ਬਣਨ ਵਾਲੇ ਆਗੂਆਂ ਨੂੰ ਭੇਜੇਗੀ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਧਨਾਢ ਲੋਕਾਂ ਨੂੰ ਟਿਕਟਾਂ ਵੇਚ ਕੇ ‘ਪਾਰਟੀ ਫੰਡ’ ਇਕੱਠਾ ਕਰਨ ਨੂੰ ਹੀ ਤਰਜੀਹ ਦੇਵੇਗੀ ?
ਨਾਮਜ਼ਦਗੀ ਪਰਚੇ ਭਰਨ ਦਾ ਸਿਲਸਿਲਾ 31 ਮਈ ਤੱਕ ਚਲਦਾ ਰਹੇਗਾ। ਇਸ ਦਰਮਿਆਨ ਪੰਜਾਬ ਵਿਧਾਨ ਸਭਾ `ਚ 92 ਵਿਧਾਇਕਾਂ ਕੋਲ ਬਹੁਤ ਸਮਾਂ ਹੈ ਅਤੇ ਹੁਣ ਇਸ ਗੱਲ ਦਾ ਨਿਰਣਾ ਕੀਤਾ ਜਾ ਸਕਦਾ ਹੈ ਕਿ ਪੰਜਾਬ ਦੇ ਹੱਕਾਂ ਲਈ ਰਾਜ ਸਭਾ `ਚ ਅਵਾਜ਼ ਉਠਾਉਣ ਵਾਲੇ ਕਿਹੜੇ-ਕਿਹੜੇ ਦੋ ਸਖ਼ਸ਼ ਧੜੱਲੇ ਨਾਲ ਅਵਾਜ਼ ਬੁਲੰਦ ਕਰ ਸਕਣ ਦੇ ਯੋਗ ਹਨ।
‘ਬਦਲਾਅ’ ਦੇ ਨਾਅਰੇ ਨਾਲ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ `ਚ ਵੱਡੀ ਜਿੱਤ ਤੋਂ ਬਾਅਦ ਜਦੋਂ ਪਿਛਲੇ ਮਾਰਚ ਮਹੀਨੇ ਦੌਰਾਨ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਸ਼ੋਕ ਮਿੱਤਲ, ਕਾਰਖ਼ਾਨੇਦਾਰ ਸੰਜੀਵ ਅਰੋੜਾ, ਕ੍ਰਿਕਟਰ ਹਰਭਜਨ ਸਿੰਘ, ਸੰਦੀਪ ਪਾਠਕ ਅਤੇ ਰਾਘਵ ਚੱਢਾ ਦੀ ਚੋਣ ਕੀਤੀ ਸੀ ਤਾਂ ਪੰਜਾਬ ਦੇ ਲੋਕ ਹੱਕੇ-ਬੱਕੇ ਰਹਿ ਗਏ ਸਨ ਕਿ ਇਹ ਕੀ ਭਾਣਾ ਵਰਤ ਗਿਆ ਹੈ ?
ਆਪ ਨੇ ਜਿਨ੍ਹਾਂ ਦੀ ਚੋਣ ਕੀਤੀ ਸੀ, ਉਨ੍ਹਾਂ ਨੇ ਤਾਂ ਕਦੇ ਪੰਜਾਬ ਦੇ ਹੱਕਾਂ ਦੀ ਗੱਲ ਹੀ ਨਹੀਂ ਕੀਤੀ ਸੀ। ਲੋਕ ਆਪਣੇ ਮਨਾਂ ਚੋਂ ਹੀ ਉਦੇੜ੍ਹ-ਬੁਣ ਕਰਦੇ ਰਹੇ ਸਨ ਕਿ ਇਨ੍ਹਾਂ `ਚ ਕਿਹੜੀ ਵਿਸ਼ੇਸ਼ਤਾ ਹੈ ? ਜੋ ਇਨ੍ਹਾਂ ਰਾਜ ਸਭਾ ਤੱਕ ਲੈ ਗਈ। ਇੱਥੋਂ ਤੱਕ ਕ੍ਰਿਕਟਰ ਹਰਭਜਨ ਸਿੰਘ ਤਾਂ ਆਪਣਾ ਸਰਟੀਫਿਕੇਟ ਲੈਣ ਦਾ ਵਕਤ ਵੀ ਨਹੀਂ ਸਨ ਕੱਢ ਸਕੇ। ੀਜਸ ਨਾਲ ਖਦਸ਼ਾ ਪੈਦਾ ਹੋਣਾ ਸੁਭਾਵਿਕ ਹੈ ਕਿ ਉਹ ਪੰਜਾਬ ਦੇ ਹੱਕਾਂ ਵਾਸਤੇ ਰਾਜ ਸਭਾ ਵਾਸਤੇ ਢੁਕਵਾਂ ਸਮਾਂ ਕੱਢ ਸਕਣਗੇ ?
ਪੰਜਾਬ ਦੇ ਲੋਕਾਂ ਦੇ ਹੋਰ ਖਦਸ਼ੇ ਅਜੇ ਵੀ ਬਰਕਰਾਰ ਹਨ ਅਤੇ ਇਸ ਗੱਲ `ਚ ਕੋਈ ਸ਼ੱਕ ਨਹੀਂ ਕਿ ਵਪਾਰਕ ਬਿਰਤੀ ਵਾਲੇ ਲੋਕ ਹਮੇਸ਼ਾ ਆਪਣਾ ਵਪਾਰਕ ਹਿੱਤ ਪਹਿਲਾਂ ਵੇਖਦੇ ਹਨ ਅਤੇ ਪੰਜਾਬ ਦੇ ਹਿੱਤ ਬਾਅਦ `ਚ । ਜਿਸਦੀ ਉਦਾਹਰਨ ਇੱਕ ਬਿਜ਼ਨਸਮੈਨ ਤੇ ਸਿਆਸੀ ਆਗੂ ਨਾਲ ਅਕਸਰ ਜੋੜ ਕੇ ਵੇਖੀ ਜਾਂਦੀ ਹੈ,ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਅਜ਼ਾਦੀ ਤੋਂ ਤੁਰੰਤ ਬਾਅਦ ਕੇਂਦਰ `ਚ ਮੰਤਰੀ ਹੁੰਦਿਆਂ ਹੋਇਆਂ ਉਨ੍ਹਾਂ ਨੇ ਪੰਜਾਬ ਅਤੇ ਸਿੱਖਾਂ ਦੀ ਬਜਾਏ ਆਪਣੇ ਵਪਾਰਕ ਹਿੱਤਾਂ ਨੂੰ ਪਹਿਲ ਦਿੱਤੀ ਸੀ।
ਅਜਿਹਾ ਹੀ ਪ੍ਰਤੱਖ ਪ੍ਰਮਾਣ ਪੰਜਾਬ ਦੇ ਲੋਕ ਪਹਿਲਾਂ ਹੀ ਵੇਖ ਚੁੱਕੇ ਹਨ ਕਿ ਕਿਵੇਂ ਵਪਾਰਕ ਬਿਰਤੀ ਵਾਲੇ ਪੰਜਾਬ ਦੇ ਸੱਤਾਧਾਰੀਆਂ ਨੇ ਆਪਣੇ ਪੱਖ ਵਾਲੀਆਂ ਨੀਤੀਆਂ (ਖਾਸ ਕਰਕੇ ਟਰਾਂਸਪੋਰਟ ਨੀਤੀ) ਬਣਾ ਕੇ ਪੰਜਾਬ ਦੇ ਸਰਕਾਰੀ ਅਦਾਰਿਆਂ ਨੂੰ ਘਾਟੇ ਦਾ ਸੌਦਾ ਬਣਾ ਦਿੱਤਾ ਸੀ।
ਖ਼ੈਰ ! ਹੁਣ ਲੋਕਾਂ ਦੇ ਵੱਡੇ ਭਰੋਸੇ ਨਾਲ ਜਿੱਤ ਪ੍ਰਾਪਤ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਪੰਜਾਬ ਦਾ ਬਜਟ ਬਣਾਉਣ ਲਈ ਲੋਕਾਂ ਦੀ ਰਾਇ ਮੰਗੀ ਗਈ ਹੈ, ਉਸੇ ਤਰਜ਼ `ਤੇ ਪੰਜਾਬ ਦੇ ਲੋਕਾਂ ਕੋਲੋਂ ਰਾਇ ਮੰਗੀ ਜਾਣੀ ਚਾਹੀਦੀ ਹੈ ਕਿ ਰਾਜ ਸਭਾ ਦੇ ਦੋ ਹੋਰ ਨਵੇਂ ਮੈਂਬਰਾਂ ਦੀ ਚੋਣ ਵਾਸਤੇ ਪੰਜਾਬ ਦੇ ਕਿਹੜੇ-ਕਿਹੜੇ ਸਖ਼ਸ਼ ਯੋਗ ਹਨ ?
ਪੰਜਾਬ ਦੇ ਲੋਕਾਂ ਅਤੇ ਵਿਧਾਇਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਆਪੋ-ਆਪਣੇ ਮਾਧਿਅਮ ਰਾਹੀਂ ਆਮ ਆਦਮੀ ਪਾਰਟੀ ਨੂੰ ਸੁਝਾਅ ਦੇਣ ਕਿ ਕਿਹੜੇ ਵਿਅਕਤੀ ਰਾਜ ਸਭਾ `ਚ ਜਾਣ ਦੇ ਯੋਗ ਹਨ। ਅਜੇ ਵੀ ਕੁੱਝ ਸਮਾਂ ਬਾਕੀ ਹੈ। ਸੱਪ ਲੰਘ ਜਾਣ ਪਿੱਛੋਂ ਲਕੀਰਾਂ ਕੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ।
ਇਸ ਲਈ ਹੁਣ ਸੁਹਿਰਦਤਾ ਤੇ ਇਮਾਨਦਾਰੀ ਨਾਲ ਸੁਝਾਅ ਦੇਣ ਲਈ ਹਰ ਇੱਕ ਚੇਤਨ ਮਨੁੱਖ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਲੋਕ ਪਹਿਲਾਂ ਵਾਂਗ ਦੇ ਲੋਕ ਠੱਗੇ-ਠੱਗੇ ਮਹਿਸੂਸ ਨਾ ਕਰ ਸਕਣ।
-ਐੱਨਜ਼ੈੱਡ ਪੰਜਾਬੀ ਨਿਊਜ਼,ਆਕਲੈਂਡ, ਨਿਊਜ਼ੀਲੈਂਡ
0064 21 055 3075