ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰੀਬ ਪੌਣੇ ਛੇ ਸਦੀਆਂ ਪਹਿਲਾਂ ਢਾਈ ਦਹਾਕਿਆਂ ਦੌਰਾਨ ਪੰਜਾਬ ਦੀਆਂ ਚਾਰਾਂ ਦਿਸ਼ਾਵਾਂ ਵੱਲ ਉਦਾਸੀਆਂ (ਤੁਰ-ਫਿਰ ਕੇ) ਕਰਕੇ ਸੰਗਤ ਨੂੰ ‘ਸਿੱਖ ਫਿ਼ਲਾਸਫੀ’ ਨਾਲ ਜੋੜਿਆ ਸੀ। ਜਿਸ ਤੋਂ ਪ੍ਰੇਰਨਾ ਲੈਂਦਿਆਂ ਅੱਜਕੱਲ੍ਹ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਅਤੇ ਸੱਤ ਸਮੁੰਦਰੋਂ ਪਾਰ ਵਿਦੇਸ਼ਾਂ `ਚ ਵਸਦੇ ਬਾਬੇ ਨਾਨਕ ਦੇ ਪੈਰੋਕਾਰਾਂ ਵੱਲੋਂ ਸਿੱਖ ਪ੍ਰੰਪਰਾਵਾਂ ਨੂੰ ਜਿਉਂਦੇ ਰੱਖਣ ਦੇ ਨਾਲ-ਨਾਲ ਹੋਰ ਪ੍ਰਫੁੱਲਿਤ ਕਰਨ ਕੋਸਿ਼ਸ਼ ਕੀਤੀ ਜਾ ਰਹੀ ਹੈ।
ਅੱਜ ਤੋਂ ਤਕਰੀਬਨ ਸੌ ਸਾਲ ਪਹਿਲਾਂ ਸਾਊਥਰਨ ਹੈਮੀਸ਼ਫੀਅਰ `ਚ ਪੈਂਦੇ ਟਾਪੂ ਫੀਜੀ ਵਿੱਚ ਗੁਰਘਰ ਦੀ ਸਥਾਪਨਾ ਹੋਈ ਤੇ ਫਿਰ ਕਰੀਬ ਅੱਧੀ ਸਦੀ ਪਹਿਲਾਂ ਨਿਊਜ਼ੀਲੈਂਡ ਦੇ ਹੈਮਿਲਟਨ ਸ਼ਹਿਰ `ਚ ਸੰਗਤਾਂ ਦੇ ਸਿਰ ਨਿਵਾਉਣ ਵਾਸਤੇ ‘ਗੁਰੂ ਦਾ ਦਰ’ ਹੋਂਦ ਵਿੱਚ ਆਇਆ। ਜਿਸ ਤੋਂ ਪਿੱਛੋਂ ਸਿੱਖ ਭਾਈਚਾਰੇ ਦੇ ਪਰਵਾਸ ਦੀ ਰਫ਼ਤਾਰ ਤੇਜ਼ ਹੋਣ ਨਾਲ ਹੁਣ ਪੂਰੇ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ `ਚ ਢਾਈ ਦਰਜਨ ਤੋਂ ਵੱਧ ਗੁਰੂਘਰ ਸਥਾਪਤ ਹੋ ਚੁੱਕੇ ਹਨ।
ਗੁਰਦੁਆਰਿਆਂ ਦੀ ਸਥਾਪਨਾ ਦੇ ਨਾਲ-ਨਾਲ ਸੁਭਾਵਿਕ ਤੌਰ `ਤੇ ਲੰਗਰਾਂ ਅਤੇ ਮਨੁੱਖਤਾ ਦੀ ਸੇਵਾ ਦਾ ਸੰਕਲਪ ਨਿਊਜ਼ੀਲੈਂਡ ਦੀਆਂ ਬਹੁ-ਗਿਣਤੀਆਂ ਤੱਕ ਪਹੁੰਚਿਆ। ਜਿਸਦੀ ਤਸਦੀਕ ਦੇਸ਼ ਦੀ ਪਾਰਲੀਮੈਂਟ ਤੇ ਸਰਕਾਰ ਨੇ ਵੀ ਕੀਤੀ, ਖਾਸ ਕਰਕੇ ਜਦੋਂ ਕੋਵਿਡ ਕਾਰਨ ਲੌਕਡਾਊਨ ਦੌਰਾਨ ਸਿੱਖ ਭਾਈਚਾਰਾ ਬਜ਼ੁਰਗਾਂ ਅਤੇ ਲੋੜਵੰਦਾਂ ਦੇ ਦਰਾਂ `ਤੇ ਰਾਸ਼ਨ ਲੈ ਕੇ ਪੁੱਜਾ ਸੀ। ਮਹਾਂਮਾਰੀ ਦੌਰਾਨ ਇਹ ਕਾਰਜ ਕਈ ਮਹੀਨਿਆਂ ਤੱਕ ਚੱਲਦਾ ਰਿਹਾ ਅਤੇ ਅੱਜ ਵੀ ਕਿਸੇ ਨਾ ਕਿਸੇ ਰੂਪ `ਚ ਵੇਖਣ ਨੂੰ ਮਿਲ ਰਿਹਾ ਹੈ। ਨਿਊਜ਼ੀਲੈਂਡ ਦੇ ਮੂਲ ਵਾਸੀ ‘ਮਾਉਰੀ ਭਾਈਚਾਰੇ’ ਨਾਲ ਸਾਂਝ ਵੀ ‘ਗੁਰੂ ਕੇ ਲੰਗਰ’ ਕਰਕੇ ਹੋਰ ਗੂੜ੍ਹੀ ਹੋਈ।
ਸਿੱਖ ਸਿਧਾਂਤਾਂ ਅਤੇ ਮਨੁੱਖਤਾ ਦੀ ਸੇਵਾ ਨੂੰ ਪ੍ਰਣਾਏ ਅਜਿਹੇ ਕਾਰਜਾਂ ਵਾਲੇ ਉਦੇਸ਼ ਨੂੰ ਲੈ ਕੇ ਅਦਾਰਾ ‘ਐੱਨਜ਼ੈੱਡ ਪੰਜਾਬੀ ਨਿਊਜ਼’ ਅਤੇ ‘ਰੇਡੀਉ ਸਾਡੇ ਆਲਾ’ ਨੇ ਪਿਛਲੇ ਕੁੱਝ ਸਾਲਾਂ ਤੋਂ ਹਰ ਸਾਲ ‘ਸਿੱਖ-ਵਾਕ’ ਕਰਵਾਉਣ ਦਾ ਕਾਰਜ ਸ਼ੁਰੂ ਕੀਤਾ ਹੋਇਆ ਹੈ, ਤਾਂ ਜੋ ਪਹਿਲੀ ਪਾਤਸ਼ਾਹੀ ਵੱਲੋ ਕੀਤੀਆਂ ਗਈਆਂ ਉਦਾਸੀਆਂ ਤੋਂ ਸੇਧ ਲੈ ਕੇ ਸਿੱਖ ਫਿਲਾਸਫੀ ਨੂੰ ‘ਰਾਹ ਜਾਂਦੇ ਨਿਊਜ਼ੀਲੈਂਡ ਵਾਸੀਆਂ’ ਤੱਕ ਪਹੁੰਚਾਉਣ ਦੀ ਕੋਸਿ਼ਸ਼ ਕੀਤੀ ਜਾ ਸਕੇ।
ਇਸ ਵਾਸਤੇ ਹਰ ਸਾਲ ਵਾਂਗ ਦੋਹਾਂ ਅਦਾਰਿਆਂ ਦੇ ਪ੍ਰਬੰਧਕਾਂ ਵੱਲੋ ਸੰਗਤ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ, ਜਿਸ ਵਾਸਤੇ ਗੁਰੂ ਘਰ ਦੇ ਪ੍ਰੇਮੀ ਬਹੁਤ ਉਤਸ਼ਾਹ ਵਿਖਾਉਂਦੇ ਹਨ।
ਐਤਕੀਂ ‘ਸਿੱਖ-ਵਾਕ’ 12 ਨਵੰਬਰ ਸ਼ਨੀਵਾਰ ਨੂੰ ਸਵੇਰੇ 9 ਵਜੇ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਪਾਪਾਟੋਏਟੋਏ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ ਵਿੱਚ ਸੰਪੂਰਨ ਹੋਵੇਗੀ।
ਉਮੀਦ ਕਰਨੀ ਬਣਦੀ ਹੈ ਕਿ ਇਸ ਵਾਰ ਵੀ ਸੰਗਤ ਪਹਿਲਾਂ ਨਾਲੋਂ ਵੱਧ ਉਤਸ਼ਾਹ ਨਾਲ ਭਾਗ ਲਵੇਗੀ ਤਾਂ ਜੋ ਸਿੱਖ ਫਿ਼ਲਾਸਫੀ ਦੇ ਉਦਾਸੀਆਂ ਵਾਲੇ ਸੰਕਲਪ ਨੂੰ ਹੋਰ ਗੂੜ੍ਹਾ ਕੀਤਾ ਜਾ ਸਕੇ। ਜਿਸ ਨਾਲ ਨਾ ਸਿਰਫ਼ ਹਿਰਦਾ ਸਗੋਂ ਸਰੀਰ ਨੂੰ ਵੀ ਹੋਰ ਨਿਰੋਗ ਬਣਾਉਣ ਲਈ ਬਲ ਮਿਲਦਾ ਹੈ।
-ਐੱਨਜ਼ੈੱਡ ਪੰਜਾਬੀ ਨਿਊਜ਼
-0064 21 055 3075