-ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਅਜੋਕੇ ਸ਼ਹੀਦੀ ਹਫ਼ਤੇ ਦੌਰਾਨ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਦੀ ਸ਼ਹਾਦਤ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਪ੍ਰਤੀ ਰਲਿਆ-ਮਿਿਲਆ ਪ੍ਰਤੀਕਰਮ ਸਾਹਮਣੇ ਆ ਰਿਹਾ ਹੈ। ਬਿਨ੍ਹਾਂ ਸ਼ੱਕ ਸਰਕਾਰੀ ਪੱਧਰ `ਤੇ ਅਜਿਹੇ ਉਪਰਾਲੇ ਦੋਹਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਇਤਿਹਾਸ ਸਮੁੱਚੇ ਭਾਰਤ ਦੇਸ਼ ਦੇ ਬੱਚਿਆਂ ਤੱਕ ਪਹੁੰਚਾਉਣ `ਚ ਸਹਾਈ ਹੋਣਗੇ। ਪਰ ਇਹ ਦਿਹਾੜਾ ਮਨਾਉਣ ਲਈ ਚੁਣਿਆ ਨਾਮਕਰਨ ਪਰ ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਕਈ ਸਿੱਖ ਸੰਸਥਾਵਾਂ ਨੂੰ ਪ੍ਰਵਾਨ ਨਹੀਂ।
ਸਿੱਖ ਸੰਸਥਾਵਾਂ ਦਾ ਤਰਕ ਹੈ ਕਿ ਸਾਹਿਬਜ਼ਾਦਿਆਂ ਨੂੰ ਸਤਿਕਾਰ ਨਾਲ ਬਾਬੇ ਕਿਹਾ ਜਾਂਦਾ ਹੈ, ਬਾਲ ਨਹੀਂ। ਜਿਸ ਕਰਕੇ ਇਸ ਦਿਹਾੜੇ ਨੂੰ ਮਨਾਉਣ ਲਈ ‘ਸਾਹਿਬਾਜ਼ਾਦੇ ਸ਼ਹਾਦਤ ਦਿਵਸ’ ਰੱਖਿਆ ਜਾਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ‘ਵੀਰ ਬਾਲ ਦਿਵਸ’ ਬਾਰੇ ਗਿਲ੍ਹਾ ਕੀਤਾ ਹੈ। ਇਸ ਗੱਲ ਦੀ ਪ੍ਰੋੜਤਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਵੀ ਕੀਤੀ ਹੈ।
ਪਰ ਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਦਿੱਲੀ ਵਿੱਚ ਭਾਜਪਾ ਦੇ ਸੀਨੀਅਰ ਆਗੂ ਮਨਜਿੰਦਰ ਸਿੰਘ ਸਿਰਸਾ ਕੇਂਦਰ ਸਰਕਾਰ ਵੱਲੋਂ ਦਿੱਤੇ ਨਾਮ ਨਾਲ ਪੂਰੀ ਸਹਿਮਤ ਹੋ ਕੇ ਸਮਾਗਮ ਮਨਾਉਣ ਲਈ ਜੁਟੇ ਹੋਏ ਹਨ। ਭਾਵ ਉਨ੍ਹਾਂ ਨੇ ‘ਵੀਰ ਬਾਲ ਦਿਵਸ’ ਨਾਮਕਰਨ ਬਾਰੇ ਕੋਈ ਇਤਰਾਜ਼ ਕੀਤਾ। ਜਦੋਂ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਈ ਵਾਰ ਇਤਰਾਜ਼ ਕਰ ਚੁੱਕੇ ਹਨ। ਹਾਲਾਂਕਿ ਉਹ ਇਸ ਗੱਲ ਨਾਲ ਸਹਿਮਤ ਹਨ ਕਿ ਅਜਿਹੇ ਦਿਹਾੜੇ ਵੱਡੇ ਪੱਧਰ `ਤੇ ਮਨਾਏ ਜਾਣੇ ਚਾਹੀਦੇ ਹਨ।
ਇਸ ਮਾਮਲੇ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਭਾਜਪਾ ਸਰਕਾਰ ਪ੍ਰਤੀ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋਣੇ ਸੁਭਾਵਿਕ ਹਨ, ਕਿਉਂਕਿ ਕੇਂਦਰ ਨੇ ਇਸ ਬਾਰੇ ਪੰਜਾਬ ਨਾਲ ਸਬੰਧਤ ਕਿਸੇ ਵੀ ਸਿੱਖ ਸੰਸਥਾ ਦੀ ਸਲਾਹ ਨਹੀਂ ਲਈ। ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਕੇਂਦਰ ਦੀ ਭਾਜਪਾ ਸਰਕਾਰ ਵਾਕਿਆ ਹੀ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ ਦਿਹਾੜਾ ਮਨਾਉਣਾ ਚਾਹੁੰਦੀ ਹੈ ਤਾਂ ਉਸਨੇ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਹ ਕਿਉਂ ਨਹੀਂ ਲਈ? ਜਦੋਂ ਕਿ ਸਿੱਖ ਭਾਈਚਾਰਾ ਲੰਬੇ ਸਮੇਂ ਤੋਂ ਆਖਦਾ ਆ ਰਿਹਾ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਘਰ ਪੈਦਾ ਹੋਈ ਭਾਰਤੀ ਜਨਤਾ ਪਾਰਟੀ ਸਿੱਖਾਂ ਦੇ ਧਾਰਮਿਕ ਮਾਮਲਿਆਂ `ਚ ਦਖਲ-ਅੰਦਾਜ਼ੀ ਕਰਦੀ ਆ ਰਹੀ ਹੈ। ਇਸ ਕਰਕੇ ਨਾਮਕਰਨ ਬਾਰੇ ਸੰਕਾ ਨਿਵਰਿਤੀ ਲਈ ਸਿੱਖ ਸੰਸਥਾਵਾਂ ਦੀ ਸਲਾਹ ਲਈ ਜਾਣੀ ਜ਼ਰੂਰੀ ਸੀ।
ਆਮ ਕਰਕੇ ਅਸੀਂ ਵੇਖਦੇ ਹਾਂ ਕਿ ਨਿਊਜ਼ੀਲੈਂਡ `ਚ ਜਦੋਂ ਵੀ ਕੋਈ ਮਸਲਾ ਲੋਕਾਂ ਨਾਲ ਜੁੜਿਆ ਹੁੰਦਾ ਹੈ ਤਾਂ ਅਕਸਰ ਉਸ ਬਾਰੇ ਲੋਕਾਂ ਦੀ ਰਾਇ ਲਈ ਜਾਂਦੀ ਹੈ। ਜਿਸਨੂੰ ਬਾਅਦ `ਚ ਫ਼ੈਸਲਾ ਲੈਣ ਵੇਲੇ ਪੂਰੀ ਤਵੱਜੋਂ ਦਿੱਤੀ ਜਾਂਦੀ ਹੈ। ਪਰ ਕੇਂਦਰ ਸਰਕਾਰ ਨੇ ਅਜਿਹਾ ਨਹੀਂ ਕੀਤਾ। ਜਿਸ ਕਰਕੇ ਭੰਬਲਭੂਸੇ ਵਾਲੀ ਸਥਿਤੀ ਪੈਦਾ ਹੋਈ ਹੈ।
ਜੇਕਰ ਕੇਂਦਰ ਸਰਕਾਰ ਸਿੱਖ ਸੰਸਥਾਵਾਂ ਤੋਂ ਸਲਾਹ ਲੈ ਲੈਂਦੀ ਤਾਂ ਸ਼ਾਇਦ ਇੰਨਾ ਵਿਵਾਦ ਪੈਦਾ ਨਾ ਹੁੰਦਾ। ਇਸ ਬਾਬਤ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਮਾਫ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੇਕਰ ਅਕਾਲੀ ਸਚਮੱੁਚ ਹੀ ਸੁਹਿਰਦ ਹਨ ਤਾਂ ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਦੌਰਾਨ ਭਾਜਪਾ ਨਾਲ ਭਾਈਵਾਲੀ ਮੌਕੇ ਇਹ ਅਹਿਮ ਨੁਕਤਾ ਕਿਉਂ ਨਹੀਂ ਉਠਾਇਆ?
ਖ਼ੈਰ ! ਕੇਂਦਰ ਸਰਕਾਰ ਨੂੰ ਇਸ ਬਾਰੇ ਮੁੜ ਵਿਚਾਰ ਕਰਨੀ ਚਾਹੀਦੀ ਹੈ। ਸਾਹਿਬਜ਼ਾਦਿਆਂ ਨਾਲ ਸਬੰਧਤ ਇਸ ਦਿਹਾੜੇ ਨੂੰ ਸਿਰਫ਼ ਤੇ ਸਿਰਫ਼ ਸਿਆਸੀ ਲਾਹਾ ਲੈਣ ਵਾਲੀ ਦ੍ਰਿਸ਼ਟੀ ਤੋਂ ਨਹੀਂ ਸਗੋਂ ਦੇਸ਼ ਦੀ ਅਗਲੀ ਪੀੜ੍ਹੀ ਨੂੰ ਬਹਾਦਰੀ ਭਰੇ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਸਿੱਖ ਭਾਈਚਾਰੇ ਨੂੰ ਵੀ ਵਿਸ਼ਵਾਸ਼ ਵਿੱਚ ਲੈ ਕੇ ‘ਵੀਰ ਬਾਲ ਦਿਵਸ’ ਨੂੰ ‘ਸਾਹਿਬਾਜ਼ਦੇ ਸ਼ਹਾਦਤ ਦਿਵਸ’ ਕਰਨ ਬਾਰੇ ਖੁੱਲ੍ਹਦਿਲੀ ਵਿਖਾਉਣੀ ਚਾਹੀਦੀ ਹੈ।
ਐਨਜ਼ੈੱਡ, ਪੰਜਾਬੀ ਨਿਊਜ਼, ਆਕਲੈਂਡ, ਨਿਊਜ਼ੀਲੈਂਡ
0064 21 055 3075