ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਪੰਜਾਬ ਦੇ ਮੁੱਖ ਸਕੱਤਰ ਵੀ ਕੇ ਜੰਜੂਆਂ ਵੱਲੋਂ ਪੰਜਾਬ ਸਰਕਾਰ ਦਾ ਰਿਪੋਰਟ ਕਾਰਡ ਦਿੱਲੀ ਦੇ ਮੁੱਖ ਮੰਤਰੀ ਨੂੰ ਸੌਂਪਣ ਜਾਣ ਬਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਹ ਮਾਮਲਾ 29 ਜਨਵਰੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ `ਚ ਪੂਰੇ ਸੂਬੇ ਦੇ 500 ਆਮ ਆਦਮੀ ਕਲੀਨਿਕਾਂ ਨੂੰ ਲੋਕਾਂ ਦੇ ਸਪੁਰਦ ਕਰਨ ਲਈ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਨਾਲ ਜੁੜਿਆ ਹੋਇਆ ਹੈ। ਜਿਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਨੂੰ ਚਿੱਠੀ ਲਿਖੀ ਹੈ। ਜਿਸ ਵਿੱਚ ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਦੇ ਮੁੱਖ ਸਕੱਤਰ ਵੀ ਕੇ ਜੰਜੂਆ ਤੋਂ ਮੁਲਾਂਕਣ ਰਿਪੋਰਟ ਲਈ ਜਾਣੀ ਚਾਹੀਦੀ ਹੈ, ਜਿਨ੍ਹਾਂ ਨੇ ਸਮਾਗਮ ਦੌਰਾਨ ਪੰਜਾਬ ਸਰਕਾਰ ਦਾ ਰਿਪੋਰਟ ਕਾਰਡ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੌਂਪ ਕੇ ਨਿਯਮਾਂ ਦੀ ਉਲੰਘਣਾ ਕੀਤੀ ਸੀ।
ਸਾਬਕਾ ਡਿਪਟੀ ਸਪੀਕਰ ਨੇ ਦਾਅਵਾ ਕੀਤਾ ਹੈ ਕਿ ਜੇ ਅਸੂਲਨ ਦਿੱਲੀ ਦੇ ਮੁੱਖ ਮੰਤਰੀ ਜਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਨੂੰ ਪੰਜਾਬ ਸਰਕਾਰ ਦਾ ਰਿਪੋਰਟ ਕਾਰਡ ਨਹੀਂ ਸੌਂਪਿਆ ਜਾ ਸਕਦਾ ਤਾਂ ਪੰਜਾਬ ਦੇ ਮੁੱਖ ਸਕੱਤਰ ਨੇ ਅਜਿਹਾ ਕਿਉਂ ਕੀਤਾ ? ਉਸਨੂੰ ਅਜਿਹਾ ਕਰਨ ਲਈ ਕਿਸਨੇ ਹੁਕਮ ਦਿੱਤੇ ਸਨ ਅਤੇ ਕਿਹੜੀ ਮਜਬੂਰੀ `ਚ ਅਜਿਹਾ ਕੀਤਾ ਗਿਆ ਸੀ?
ਬੀਰ ਦਵਿੰਦਰ ਸਿੰਘ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਕਲੀਨਿਕ ਸਕੀਮ ਦਾ ਉਦਘਾਟਨ ਪਿਛਲੇ ਸਾਲ ਪਹਿਲਾਂ ਹੀ 15 ਅਗਸਤ ਨੂੰ ਕਰ ਚੁੱਕੇ ਹਨ ਤਾਂ ਦੁਬਾਰਾ ਸਮਾਗਮ ਵਾਸਤੇ ਖਜ਼ਾਨੇ `ਤੇ ਬੋਝ ਪਾਉਣ ਦੀ ਕੀ ਲੋੜ ਸੀ ?
ਅਜਿਹੇ ਬਹੁਤ ਸਾਰੇ ਸਵਾਲ ਪੰਜਾਬ ਬਾਰੇ ਉੱਠ ਰਹੇ ਹਨ। ਵਿਰੋਧੀ ਪਾਰਟੀਆਂ ਜ਼ੋਰ ਨਾਲ ਆਖ ਰਹੀਆਂ ਹਨ ਕਿ ਪੰਜਾਬ ਸਰਕਾਰ ਦੇ ਅਹਿਮ ਫ਼ੈਸਲਿਆਂ ਦੀ ਨਜ਼ਰਸਾਨੀ ‘ਦਿੱਲੀ ਦੇ ਖਾਸ ਆਦਮੀ’ ਵੱਲੋਂ ਕੀਤੀ ਜਾ ਰਹੀ ਹੈ। ਇਹ ਵੀ ਦੋਸ਼ ਲੱਗ ਰਹੇ ਹਨ ਕਿ ਪੰਜਾਬ ਸਰਕਾਰ ਸਿਰਫ਼ ਤੇ ਸਿਰਫ਼ ‘ਆਪ ਸੁਪਰੀਮੋ’ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ।
ਖ਼ੈਰ ! ਪੰਜਾਬ ਦੇ ਮੁੱਖ ਮੰਤਰੀ ਨੂੰ ਹਰ ਰੋਜ ਉੱਠ ਰਹੇ ਅਜਿਹੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਇਤਿਹਾਸ ਗਵਾਹ ਹੈ ਕਿ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਕਦੇ ਵੀ ‘ਦਿੱਲੀ ਦਰਬਾਰ’ ਦਾ ਦਾਬਾ ਨਹੀਂ ਝੱਲਦੀ। ਦਿੱਲੀ ਵਾਲਿਆਂ ਦੀ ਦਖ਼ਲ-ਅੰਦਾਜ਼ੀ ਬਾਰੇ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ। ਮੁੱਖ ਸਕੱਤਰ ਵੱਲੋਂ ਕੀਤੀ ਗਈ ਕਥਿਤ ਉਕਾਈ ਬਾਰੇ ਨਿਤਾਰਾ ਕੀਤਾ ਜਾਣਾ ਬਣਦਾ ਹੈ। ਪੰਜਾਬੀ ਵੋਟਰਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਦਿੱਤੇ ਗਏ ਭਾਰੀ ਸਮਰਥਨ ਦਾ ਖਿਆਲ ਰੱਖਦਿਆਂ ਪੰਜਾਬ ਦੇ ਮਾਮਲਿਆਂ `ਚ ‘ਬਾਹਰੀ ਦਖ਼ਲ-ਅੰਦਾਜ਼ੀ’ ਨੂੰ ਰੋਕਣ ਅਤੇ ਚੁਟਕਲੇਬਾਜ਼ੀ ਛੱਡ ਕੇ ਗੰਭੀਰਤਾ ਨਾਲ ਪੰਜਾਬ ਦੇ ਮਸਲਿਆਂ ਬਾਰੇ ਪ੍ਰਤੀਬੱਧਤਾ ਵਿਖਾਏ ਜਾਣ ਦੀ ਲੋੜ ਹੈ।
-ਐੱਨਜ਼ੈੱਡ ਪੰਜਾਬੀ ਨਿਊਜ਼, ਆਕਲੈਂਡ,ਨਿਊਜ਼ੀਲੈਂਡ
+64 21 055 3075