ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਬਾਬੇ ਨਾਨਕ ਦੇ ਕਿਰਤ ਵਾਲੇ ਫ਼ਲਸਫ਼ੇ `ਤੇ ਪਹਿਰਾ ਕੌਣ ਦੇਵੇਗਾ ? ਕੀ ਚਿੱਟੇ ਕੱਪੜੇ ਪਾ ਕੇ ਕਹੀਆਂ ਨਾਲ ਕੰਮ ਕੀਤਾ ਜਾ ਸਕਦਾ ਹੈ? ਕੀ ਸਿੱਖਾਂ ਦੇ ਧਾਰਮਿਕ ਰਹਿਬਰਾਂ ਨੂੰ ਵੀ ਸਿਆਸੀ ਰੰਗ ਚੜ੍ਹ ਗਿਆ ਹੈ? ਜੋ ਸਿਰਫ਼ ਫੋਟੋਆਂ ਖਿਚਵਾਉਣ ਤੱਕ ਸੀਮਤ ਹੋ ਗਏ ਹਨ। ਕੀ ਅਜਿਹੇ ਵਿਖਾਵਿਆਂ ਨਾਲ ਨਵੀਂ ਪੀੜ੍ਹੀ ਲਈ ਕੰਡੇ ਨਹੀਂ ਬੀਜੇ ਜਾ ਰਹੇ ? ਜੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਸਖਸ਼ ਵੀ ਅਜਿਹਾ ਕੁੱਝ ਕਰਨ ਲੱਗ ਪਏ ਤਾਂ ਸਿੱਖਾਂ ਦੀ ਨਵੀਂ ਪੀੜ੍ਹੀ ਨੂੰ ਹੱਥੀਂ ‘ਕਿਰਤ’ ਕਰਨ ਵਾਲਾ ਰਸਤਾ ਕੌਣ ਵਿਖਾਏਗਾ ? ਜੋ ਬਾਬੇ ਨਾਨਕ ਦੇ ਖੇਤਾਂ ਵੱਲ ਜਾਂਦਾ ਹੈ।
ਇਹ ਸਵਾਲ ਹਰ ‘ਨਾਨਕ ਨਾਮ ਲੇਵਾ’ ਦੇ ਮਨ `ਚ ਜ਼ਰੂਰ ਪੈਦਾ ਹੁੰਦੇ ਹੋਣਗੇ, ਜਿਨ੍ਹਾਂ ਨੇ ਦੋ ਕੁ ਦਿਨ ਪਹਿਲਾਂ ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਿੱਖ ਆਗੂਆਂ ਨੂੰ ਲੰਗਰ ਲਈ ਰਾਸ਼ਨ ਸਟੋਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਂਦਿਆਂ ਵੇਖਿਆ ਹੈ। ਤਸਵੀਰ ਵਿੱਚ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਇੱਕ ਸਿੱਖ ਆਗੂ ਨੇ ਜ਼ੁਰਾਬਾਂ ਪਾ ਕੇ ਹੱਥ `ਚ ਕਹੀ ਫੜੀ ਹੋਈ ਹੈ। ਜਦੋਂ ਕਿ ਬਾਕੀ ਵੀ ਚਿੱਟੇ ਕੱਪੜੇ ਪਾ ਕੇ ਹੱਥਾਂ `ਚ ਕਹੀਆਂ ਫੜ ਕੇ ਕਾਰਜ ਸ਼ੁਰੂ ਕਰਨ ਦਾ ਵਿਖਾਵਾ ਕਰ ਰਹੇ ਹਨ। ਸਿਆਸੀ ਆਗੂ ਤਾਂ ਅਜਿਹਾ ਡਰਾਮਾ ਕਰਦੇ ਅਕਸਰ ਨਜ਼ਰ ਆਉਂਦੇ ਹਨ ਪਰ ਜੇਕਰ ਧਾਰਮਿਕ ਆਗੂ ਵੀ ਅਜਿਹਾ ਕੁੱਝ ਕਰਨ ਲੱਗ ਪੈਣ ਤਾਂ ਸਵਾਲ ਉੱਠਣੇ ਸੁਭਾਵਿਕ ਹਨ। ਅਜਿਹੇ ਆਲਮ `ਚ ਸਿੱਖੀ ਫਸਲਫੇ ਦੀ ਰੌਸ਼ਨੀ ਵਿੱਚ ਕਿਰਤ ਦੇ ਸਿਧਾਂਤ ਨੂੰ ਕੌਣ ਬਚਾਏਗਾ ?
ਚੰਗਾ ਹੁੰਦਾ ਜੇਕਰ ਸਾਰੇ ਆਗੂ ਖੁਦ ਕਿਰਤੀਆਂ ਵਾਲੇ ਕੱਪੜੇ ਪਾ ਕੇ ਕੁੱਝ ਚਿਰ ਲਈ ਗੁਰੂਘਰ ਦੀ ਆਪਣੇ ਹੱਥੀਂ ਸੇਵਾ ਕਰਦੇ ਅਤੇ ਨਵੀਂ ਪੀੜ੍ਹੀ ਲਈ ਰੋਲ ਮਾਡਲ ਬਣਦੇ। ਪਰ ਦੁੱਖ ਦੀ ਗੱਲ ਹੈ ਕਿ ਅਜਿਹਾ ਨਹੀਂ ਹੋ ਸਕਿਆ। ਭਾਵੇਂ ਇਹ ਵਿਖਾਵਾ ਕੋਈ ਨਵਾਂ ਨਹੀਂ ਹੈ। ਹਰ ਰੋਜ਼ ਅਖ਼ਬਾਰਾਂ `ਚ ਸਿਆਸੀ ਆਗੂਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਅਜਿਹੀਆਂ ਤਸਵੀਰਾਂ ਛਪਦੀਆਂ ਰਹਿੰਦੀਆਂ ਹਨ। ਪਰ ਧਾਰਮਿਕ ਸੰਸਥਾਵਾਂ ਨਾਲ ਜੁੜੀਆਂ ਸਖਸ਼ੀਅਤਾਂ ਤੋਂ ਅਜਿਹੀ ਆਸ ਨਹੀਂ ਰੱਖੀ ਜਾ ਸਕਦੀ। ਹਾਲਾਂਕਿ ਸਿੱਖ ਇਤਿਹਾਸ ਦੀ ਸਾਖੀਆਂ ਅਨੁਸਾਰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਹੱਥੀਂ ਹਲ ਚਲਾ ਕੇ ਕਿਰਤ ਨੂੰ ਉੱਚਾ-ਸੁੱਚਾ ਸਾਬਤ ਕੀਤਾ ਸੀ। ਇਸੇ ਤਰ੍ਹਾਂ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰ ਦਾਸ ਜੀ ਬਿਰਧ ਅਵਸਥਾ `ਚ ਵੀ ਆਪਣੇ ਗੁਰੂ ਲਈ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਰਹੇ ਹਨ। ਅਜਿਹੀਆਂ ਬਹੁਤ ਸਾਰੀਆਂ ਉਦਾਹਰਨਾਂ ਸਿੱਖ ਸਖਸ਼ੀਅਤਾਂ ਦੇ ਜੀਵਨ ਚੋਂ ਮਿਲ ਸਕਦੀਆਂ ਹਨ, ਜਿੱਥੇ ‘ਹੱਥੀਂ ਕਿਰਤ’ ਨੂੰ ਵਡਿਆਇਆ ਗਿਆ ਹੈ।
ਅੱਜ ਦੇ ਦੌਰ `ਚ ਵੱਡੀਆਂ ਸਖਸ਼ੀਅਤਾਂ ਵੱਲੋਂ ਅਕਸਰ ਸ਼ਿਕਵਾ ਕੀਤਾ ਜਾਂਦਾ ਹੈ ਕਿ ਨਵੀਂ ਪੀੜ੍ਹੀ ਚੋਂ ‘ਵਰਕ ਕਲਚਰ’ ਖ਼ਤਮ ਹੁੰਦਾ ਜਾ ਰਿਹਾ ਹੈ। ਪਰ ਇਸ ਗੱਲ ਵੱਲ ਧਿਆਨ ਬਹੁਤ ਘੱਟ ਦਿੱਤਾ ਜਾਂਦਾ ਹੈ ਕਿ ਨੌਜਵਾਨਾਂ ਲਈ ਰੋਲ ਮਾਡਲ ਕੌਣ ਹੈ? ਜੋ ਉਨ੍ਹਾਂ ਨੂੰ ਸਚਾਰੂ ਕੰਮਾਂ ਲਈ ਸੇਧ ਦੇ ਸਕੇ। ਸ਼ਾਇਦ ਰੋਲ ਮਾਡਲ ਦੀ ਘਾਟ ਕਾਰਨ ਹੀ ਹੱਥੀਂ ਕੰਮ ਕਰਨ ਦਾ ਰੁਝਾਨ ਘਟ ਰਿਹਾ ਹੈ ਅਤੇ ਕੋਈ ਲੋਕ ਸ਼ਰਮ ਮਹਿਸੂਸ ਕਰਦੇ ਹਨ।
ਖ਼ੈਰ ! ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨਾਲ ਜੁੜੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਸਿਆਸੀ ਲੀਡਰਾਂ ਵਾਲੀ ਜੀਵਨ ਸ਼ੈਲੀ ਨਾ ਅਪਣਾਉਣ, ਜਿਨ੍ਹਾਂ ਨੇ ਨੌਜਵਾਨੀ ਨੂੰ ‘ਚਿੱਟ ਕੱਪੜੀਏ’ ਵਿਹਲੜ ਬਣਾ ਕੇ ‘ਚਿੱਟੇ’ ਵਾਲੀਆਂ ਕਾਲੀਆਂ ਗਲ਼ੀਆਂ ਵੱਲ ਧੱਕਿਆ ਹੈ। ਇਸ ਲਈ ਅਜਿਹੀ ਕੌੜੀ ਸੱਚਾਈ ਨੂੰ ਜਾਣ ਕੇ ਸਿੱਖੀ ਫਲਸਫ਼ੇ ਅਨੁਸਾਰ ਹੀ ਉਦਘਾਟਨ ਵਾਲੇ ਕਾਰਜ ਕਰਨੇ ਚਾਹੀਦੇ ਹਨ ਅਤੇ ਅਜਿਹੇ ਮੌਕਿਆਂ `ਤੇ ਆਪਣੇ ਹੱਥੀਂ ਕੁੱਝ ਘੰਟੇ ਕੰਮ ਕਰਕੇ ਵਿਖਾਉਣਾ ਚਾਹੀਦਾ ਹੈ। ਅਜਿਹੀਆਂ ਪਹਿਲਕਦਮੀਆਂ ਹੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਸਕਦੀਆਂ ਹਨ ਕਿ ਕਿਰਤ ਸਚਮੁੱਚ ਹੀ ਮਹੱਤਵਪੂਰਨ ਹੈ।
-ਐੱਨਜ਼ੈੱਡ ਪੰਜਾਬੀ ਨਿਊਜ਼, ਆਕਲੈਂਡ, ਨਿਊਜ਼ੀਲੈਂਡ
+64 21 055 3075