ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਇਜਲਾਸ `ਚ ਕੱਲ ਮੱੁਖ ਮੰਤਰੀ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ `ਚ ਹੋਈ ਤਿੱਖੀ ਨੋਕ-ਝੋਕ ਤੇ ਨੀਵੇਂ ਪੱਧਰ ਦੀ ਦੂਸ਼ਣਬਾਜ਼ੀ ਪੰਜਾਬ ਵਾਸੀਆਂ ਲਈ ਨਿਰਾਸ਼ਾ ਦਾ ਕਾਰਨ ਬਣੀ ਹੈ। ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਚੁਣ ਕੇ ਭੇਜੇ ਗਏ ਨੁਮਾਇੰਦੇ ਲੋਕਤੰਤਰ ਦੇ ਪਵਿੱਤਰ ਸਦਨ `ਚ ਲੋਕ ਮੁੱਦਿਆਂ ਦੀ ਗੱਲ ਕਰਨਗੇ ਕਿਉਂਕਿ ਸਦਨ ਹੀ ਸੂਬੇ ਦਾ ਇੱਕੋ ਇੱਕ ਅਜਿਹਾ ਮੰਚ ਹੁੰਦਾ ਹੈ, ਜਿੱਥੇ ਹਰ ਮੈਂਬਰ ਵੱਲੋਂ ਗੰਭੀਰਤਾ ਨਾਲ ਆਪਣਾ ਪੱਖ ਰੱਖਿਆ ਜਾਂਦਾ ਹੈ।
ਪਰ ਅੱਜ ਵਿਰੋਧੀ ਧਿਰ ਦੇ ਆਗੂ ਵੱਲੋਂ ਜਦੋਂ ਆਪਣੀ ਗੱਲ ਰੱਖੀ ਜਾ ਰਹੀ ਸੀ ਤਾਂ ਅਚਾਨਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਖਾਈ ਗਈ ਤਲਖ਼ੀ ਹਰ ਇੱਕ ਨੂੰ ਸੋਚਣ ਲਈ ਮਜ਼ਬੂਰ ਕਰਦੀ ਹੈ। ਸਿਆਸੀ ਸਮਝ ਰੱਖਣ ਵਾਲੇ ਲੋਕਾਂ `ਚ ਇਹ ਪ੍ਰਭਾਵ ਗਿਆ ਹੈ ਕਿ ਭਗਵੰਤ ਮਾਨ ਦੀ ਸ਼ੈਲੀ ਮੱੁਖ ਮੰਤਰੀ ਵਾਲੀ ਨਹੀਂ ਸਗੋਂ ਸਧਾਰਨ ਪੱਧਰ ਦੇ ਲੋਕਾਂ ਵਾਲੀ ਸੀ, ਜੋ ਗਲੀ ਮੁਹੱਲਿਆਂ `ਚ ਚੋਭਾਂ ਲਾ-ਲਾ ਕੇ ਦੂਸ਼ਣਬਾਜ਼ੀ ਕਰਦੇ ਹਨ। ਸ਼ਾਇਦ ਇਸੇ ਕਰਕੇ ਵਿਰੋਧੀ ਧਿਰ ਦੇ ਆਗੂ ਸਪੀਕਰ ਨੂੰ ਸੰਬੋਧਿਤ ਹੋ ਕੇ ਇਹ ਗੱਲ ਕਹਿਣ ਲਈ ਮਜ਼ਬੂਰ ਹੋ ਗਏ ਕਿ ਪਿਛਲੇ ਦਿਨੀਂ ਵਿਧਾਨ ਸਭਾ ਦੇ ਮੈਂਬਰਾਂ ਦੀ ਟਰੇਨਿੰਗ ਵਾਲਾ ਸੈਸ਼ਨ ਇੱਕ ਦਿਨ ਲਈ ਹੋਰ ਵਧਾਇਆ ਜਾਣਾ ਚਾਹੀਦਾ ਸੀ, ਤਾਂ ਜੋ ਮੱੁਖ ਮੰਤਰੀ ਨੂੰ ਟਰੇਨਿੰਗ ਦਿੱਤੀ ਜਾ ਸਕਦੀ।
ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਬੇਹੱਦ ਨਿਰਾਸ਼ਜਨਕ ਸੀ। ਜਿਸ ਨਾਲ ਪੰਜਾਬ ਦਾ ਬਹੁਤ ਨੁਕਸਾਨ ਹੋਇਆ। ਕਈ ਵਜ਼ੀਰਾਂ ਦੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ੍ਹ ਯਾਤਰਾ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਕਈ ਕਾਂਗਰਸੀ ਲੀਡਰ ਲੋਕਾਂ ਦੀ ਭਲਾਈ ਦੀ ਬਜਾਏ ਆਪਣੇ ਵਿੱਤੀ ਵਸੀਲੇ ਇਕੱਠੇ ਕਰਨ ਲਈ ਪੰਜਾਬ ਨੂੰ ਨਿਚੋੜਨ `ਚ ਲੱਗੇ ਰਹੇ। ਜਿਸਦੀ ਸਜ਼ਾ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਪਿਛਲੀਆਂ ਵਿਧਾਨ ਸਭਾ `ਚ ਹਰਾ ਕੇ ਦਿੱਤੀ ਸੀ। ਸਿੱਟੇ ਵਜੋਂ ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿਤਾ ਕੇ ਵੱਡਾ ਵਿਸ਼ਵਾਸ਼ ਪ੍ਰਗਟ ਕੀਤਾ ਸੀ ਕਿ ਹੁਣ ਆਮ ਲੋਕਾਂ ਦੇ ਹਿੱਤ `ਚ ਗੱਲ ਹੋਵੇਗੀ।
ਪਰ ਵਿਧਾਨ `ਚ ਅੱਜ ਦੀ ਕਾਰਗੁਜ਼ਾਰੀ ਨਾਲ ਲੋਕਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਲੋਕ ਆਸ ਰੱਖਦੇ ਹਨ ਕਿ ਵਿਧਾਨ ਸਭਾ `ਚ ਹਰ ਗੱਲ ਤੱਥਾਂ ਸਮੇਤ ਕੀਤੀ ਜਾਵੇ। ਕਾਂਗਰਸ ਸਰਕਾਰ ਦੌਰਾਨ ਜਿਹੜੇ ਮੰਤਰੀਆਂ ਜਾਂ ਵਿਧਾਇਕਾਂ ਨੇ ਭ੍ਰਿਸ਼ਟ ਤਰੀਕੇ ਨਾਲ ਜਾਇਦਾਦਾਂ ਬਣਾਈਆਂ ਸਨ, ਉਨ੍ਹਾਂ ਨੂੰ ਜਾਂਚ ਉਪਰੰਤ ਸਲਾਖਾਂ ਪਿੱਛੇ ਭੇਜਿਆ ਜਾਣਾ ਚਾਹੀਦਾ ਹੈ। ਪਰ ਸਿਰਫ਼ ਵਿਰੋਧੀਆਂ ਦੀ ਕਿਰਦਾਰਕੁਸ਼ੀ ਕਰਨ ਲਈ ਵਿਧਾਨ ਸਭਾ ਨੂੰ ਮੰਚ ਨਹੀਂ ਬਣਾਇਆ ਜਾਣਾ ਚਾਹੀਦਾ, ਕਿਉਂਕਿ ਵਿਧਾਨ ਸਭਾ ਦੇ ਸੈ਼ਸ਼ਨ ਦਾ ਖ਼ਰਚ ਆਮ ਲੋਕਾਂ ਵੱਲੋਂ ਦਿੱਤੇ ਟੈਕਸ ਨਾਲ ਇਕੱਠੀ ਹੋਈ ਮਾਇਆ ਚੋਂ ਕੀਤਾ ਜਾਂਦਾ ਹੈ। ਜਿਸ ਕਰਕੇ ਅਜਿਹੀ ਦੂਸ਼ਣਬਾਜ਼ੀਆਂ ਨਾਲ ਵਿਧਾਨ ਸਭਾ ਦਾ ਸਮਾਂ ਖ਼ਰਾਬ ਨਹੀਂ ਕੀਤਾ ਜਾਣਾ ਚਾਹੀਦਾ।
ਖ਼ੈਰ ! ਸੱਤਾਧਾਰੀ ਧਿਰ ਅਤੇ ਖਾਸ ਕਰਕੇ ਮੱੁਖ ਮੰਤਰੀ ਭਗਵੰਤ ਮਾਨ ਨੂੰ ਠਰ੍ਹੰਮੇ ਤੋਂ ਕੰਮ ਲੈਣਾ ਚਾਹੀਦਾ ਹੈ। ਵਿਰੋਧੀ ਧਿਰ ਵੱਲੋਂ ਕੀਤੀ ਜਾਂਦੀ ਨੁਕਤਾਚੀਨੀ ਤੋਂ ਤੈਸ਼ `ਚ ਆਉਣ ਦੀ ਥਾਂ ਚੱੁਕੇ ਗਏ ਸਵਾਲਾਂ `ਤੇ ਵਿਚਾਰ ਕਰਕੇ ਖਾਮੀਆਂ ਦੂਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਅਜਿਹੀ ਖੁੱਲ੍ਹਦਿਲੀ ਨਾਲ ਹੀ ਵਿਧਾਨ ਸਭਾ `ਚ ਉਸਾਰੂ ਬਹਿਸ ਹੋ ਸਕੇਗੀ। ਇਸੇ ਵਿੱਚ ਹੀ ਪੰਜਾਬ ਦਾ ਭਲਾ ਹੈ। ਦੇਸ-ਵਿਦੇਸ਼ `ਚ ਬੈਠੇ 3 ਕਰੋੜ ਤੋਂ ਵੱਧ ਪੰਜਾਬੀਆਂ ਦੀਆਂ ਆਸਾਂ ਟੁੱਟਣੀਆਂ ਨਹੀਂ ਚਾਹੀਦੀਆਂ, ਜੋ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਵੇਖਣਾ ਲੋਚਦੇ ਹਨ।
-ਐੱਨਜ਼ੈੱਡ ਪੰਜਾਬੀ ਨਿਊਜ਼, ਆਕਲੈਂਡ, ਨਿਊਜ਼ੀਲੈਂਡ
+64 21 055 3075