ਸਿੱਖ ਪੰਥ ਦੀ ਸਤਿਕਾਰਤ ਹਸਤੀ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਦੇ ਸਸਕਾਰ 'ਚ ਅੜਿੱਕਾ ਡਾਹੁਣ ਵਾਲੇ ਵੇਰਕਾ (ਅੰਮ੍ਰਿਤਸਰ) ਵਾਸੀਆਂ ਵੱਲੋਂ ਅਪਣਾਇਆ ਗਿਆ ਰਵੱਈਆ ਅਣਮਨੁੱਖੀ ਹੈ, ਜਿਸ ਕਰਕੇ ਉਨ੍ਹਾਂ ਦਾ ਅੰਤਿਮ ਸਸਕਾਰ ਸੜਕ ਦੇ ਕਿਨਾਰੇ ਕਰਨ ਲਈ ਮਜਬੂਰ ਹੋਣਾ ਪਿਆ ਹਾਲਾਂਕਿ ਗੁਰਦੁਆਰਾ ਸਤਲਾਨੀ ਸਾਹਿਬ ਨੇ ਸਸਕਾਰ ਲਈ ਜ਼ਮੀਨ ਦੇਣ ਬਾਰੇ ਪੇਸ਼ਕਸ਼ ਕਰ ਦਿੱਤੀ ਸੀ। ਬਿਨਾਂ ਸ਼ੱਕ ਇਸ ਘਟਨਾ ਨਾਲ ਭਾਈ ਸਾਹਿਬ ਦੀਆਂ ਸੇਵਾਵਾਂ ਦਾ ਸਨਮਾਨ ਕਰਨ ਵਾਲੇ ਲੱਖਾਂ ਲੋਕਾਂ ਦੇ ਮਨ ਨੂੰ ਵੱਡੀ ਠੇਸ ਪੁੱਜੀ ਹੈ। ਕਿਸੇ ਵਿਦਵਾਨ ਦਾ ਕਥਨ ਹੈ, "ਅਧੂਰਾ ਗਿਆਨ ਹਮੇਸ਼ਾ ਖ਼ਤਰਨਾਕ ਹੁੰਦਾ ਹੈ।" ਇਸ ਸਾਰੇ ਘਟਨਾਕ੍ਰਮ ਦੀ ਪੜਚੋਲ ਕਰਦਿਆਂ ਇਹ ਤੱਥ ਸਪੱਸ਼ਟ ਰੂਪ 'ਚ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ "ਅਗਿਆਨਤਾ" ਨੇ ਹੀ ਮਨੁੱਖੀ ਕਦਰਾਂ-ਕੀਮਤਾਂ 'ਤੇ ਸੱਟ ਮਾਰੀ ਹੈ। ਗੁਰਾਂ ਦੇ ਨਾਂ 'ਤੇ ਵਸਦੇ ਪੰਜਾਬ 'ਚ ਇਹ ਘਟਨਾ ਪਹਿਲੀ ਨਹੀਂ ਹੈ ਸਗੋਂ ਕੁੱਝ ਦਿਨ ਪਹਿਲਾਂ ਫ਼ਿਰੋਜ਼ਪੁਰ 'ਚ ਵੀ ਅਜਿਹਾ ਭਾਣਾ ਵਰਤ ਚੁੱਕਾ ਹੈ। ਜਿੱਥੇ ਸੁਖਦੇਵ ਸਿੰਘ ਦੇ ਪਰਿਵਾਰਕ ਮੈਂਬਰ ਸਵੇਰ ਤੋਂ ਅੱਧੀ ਰਾਤ ਤੱਕ ਮ੍ਰਿਤਕ ਦੇਹ ਨੂੰ ਲੈ ਕੇ ਥਾਂ-ਥਾਂ ਭਟਕਦੇ ਰਹੇ ਪਰ "ਜ਼ੋਰਾਵਰਾਂ ਬਨਾਮ ਡਰਾਕਲਾਂ" ਨੇ ਸ਼ਮਸ਼ਾਨ ਘਾਟ ਦਾ ਜਿੰਦਾ ਨਹੀਂ ਸੀ ਖੁੱਲ੍ਹਣ ਦਿੱਤਾ। ਅਖੀਰ ਪੁਲੀਸ ਦੇ ਸਖ਼ਤ ਪਹਿਰੇ ਹੇਠ ਹੀ ਜ਼ੀਰਾ ਗੇਟ ਵਾਲੇ ਸਮਸ਼ਾਨਘਾਟ 'ਚ ਅੱਧੀ ਰਾਤ ਨੂੰ ਸੁਖਦੇਵ ਸਿੰਘ ਦੀ ਦੇਹ ਨੂੰ ਚਿਤਾ ਨਸੀਬ ਹੋਈ ਸੀ।
ਭਾਰਤ ਦੀ ਵਿੱਤੀ ਰਾਜਧਾਨੀ ਮੰਨੇ ਜਾਂਦੇ ਮੁੰਬਈ ਸ਼ਹਿਰ ਤੋਂ ਵੀ ਅੱਜ ਖ਼ਬਰ ਆਈ ਹੈ ਕਿ ਉੱਥੇ ਵੀ ਕੋਰੋਨਾ ਵਾਇਰਸ ਦੇ ਡਰ ਕਾਰਨ ਸ਼ਮਸ਼ਾਨਘਾਟ ਦੇ ਟਰੱਸਟੀਆਂ ਨੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਵਿਅਕਤੀ ਨੂੰ "ਸਪੁਰਦ-ਏ-ਖਾਕ" ਨਹੀਂ ਹੋਣ ਦਿੱਤਾ। ਅਖ਼ੀਰ ਕੁੱਝ ਸਮਾਜ ਸੇਵੀਆਂ ਦੇ ਦਖ਼ਲ ਨਾਲ ਹਿੰਦੂਆਂ ਦੇ ਸ਼ਮਸ਼ਾਨਘਾਟ 'ਚ ਅੰਤਿਮ ਸਸਕਾਰ ਕਰਨਾ ਪਿਆ।
ਰਿਪੋਰਟਾਂ ਅਨੁਸਾਰ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਭਾਈ ਨਿਰਮਲ ਸਿੰਘ ਵਾਲੇ ਘਟਨਾਕ੍ਰਮ 'ਚ ਕਾਂਗਰਸੀ ਕੌਂਸਲਰ ਹਰਪਾਲ ਸਿੰਘ ਵੱਲੋਂ ਵੇਰਕਾ ਦੇ ਸ਼ਮਸ਼ਾਨਘਾਟ ਨੂੰ ਜਿੰਦਰਾ ਲਾਉਣ ਨਾਲ ਹੀ ਸਾਰਾ ਮਾਮਲਾ ਵਿਗੜਿਆ ਹੈ। ਹਾਲਾਂਕਿ ਪ੍ਰਸ਼ਾਸਨ ਨੇ ਪਹਿਲਾਂ ਦੁਰਗਿਆਨਾ ਮੰਦਰ ਤੇ ਇਕ ਹੋਰ ਸ਼ਮਸ਼ਾਨਘਾਟ 'ਚ ਸਸਕਾਰ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਉਥੇ ਪਹਿਲਾਂ ਹੀ ਚਾਰ-ਪੰਜ ਲਾਸ਼ਾਂ ਦਾ ਸਸਕਾਰ ਹੋਣ ਬਾਰੇ ਉਡੀਕ ਕੀਤੀ ਜਾ ਰਹੀ ਸੀ। ਭਾਵੇਂ ਪ੍ਰਸ਼ਾਸਨ ਆਪਣੇ ਪੱਧਰ 'ਤੇ ਸਫ਼ਾਈ ਦੇ ਰਿਹਾ ਹੈ ਪਰ ਇਸ ਵਿੱਚ ਪ੍ਰਸ਼ਾਸਨ ਦੀ ਬੇਧਿਆਨੀ ਵੀ ਨਜ਼ਰ ਆਉਂਦੀ ਹੈ। ਜਦੋਂ ਦੁਨੀਆ ਭਰ 'ਚ ਕੋਰੋਨਾ ਬਾਰੇ ਪੜ੍ਹ-ਸੁਣ ਕੇ ਲੋਕ ਤ੍ਰਬਕ ਉੱਠਦੇ ਹਨ, ਉੱਥੇ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਪੰਚਾਇਤਾਂ, ਨਗਰ ਨਿਗਮਾਂ ਅਤੇ ਹੋਰ ਸਮਾਜਿਕ ਸੰਸਥਾਵਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਕਿ ਕੋਰੋਨਾ ਦੇ ਮਰੀਜ ਦਾ ਜਦੋਂ ਸਸਕਾਰ ਕੀਤਾ ਜਾਂਦਾ ਹੈ ਤਾਂ ਹਵਾ-ਧੂੰਏਂ ਨਾਲ ਰੋਗ ਅੱਗੇ ਨਹੀਂ ਫ਼ੈਲਦਾ। ਜਿਸ ਕਰਕੇ ਡਰਨ ਦੀ ਲੋੜ ਨਹੀਂ।
ਖ਼ੈਰ ! ਅਜੇ ਵੀ ਵੇਲਾ ਹੈ ਕਿ ਸਰਕਾਰਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਛੇਤੀ ਤੋਂ ਹੰਭਲਾ ਮਾਰਨ, ਨਹੀਂ ਤਾਂ ਆਉਣ ਵਾਲੇ ਸਮੇਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਜੇ ਪੰਥ ਦੀ ਵੱਡੀ ਹਸਤੀ ਨਾਲ ਅਜਿਹਾ ਅਣਕਿਆਸਿਆ ਭਾਣਾ ਵਰਤ ਸਕਦਾ ਹੈ ਮਾਤ੍ਹੜਾਂ ਦੀ ਗੱਲ ਕਿਸਨੇ ਸੁਣਨੀ ਹੈ, ਜਿਸਦਾ ਸਪੱਸ਼ਟ ਸੰਕੇਤ ਫ਼ਿਰੋਜ਼ਪੁਰੋਂ ਮਿਲ ਚੁੱਕਾ ਹੈ। ਸਮਾਜਿਕ ਨਜ਼ਰੀਏ ਤੋਂ ਇਹ ਬਹੁਤ ਵੱਡੀ ਘਟਨਾ ਹੈ, ਜਿਸ ਬਾਰੇ ਗੰਭੀਰਤਾ ਨਾਲ ਸੋਚਣਾ ਬਣਦਾ ਹੈ, ਜੋ ਬਿਮਾਰੀ ਦੇ ਅਧਾਰ 'ਤੇ ਛੂਤ-ਛਾਤ ਦੀ ਨਵੀਂ ਪ੍ਰੀਭਾਸ਼ਾ ਘੜ ਰਹੀ ਹੈ। ਕਈ ਪਿੰਡਾਂ 'ਚ ਜਾਤ-ਪਾਤ ਦੇ ਅਧਾਰ 'ਤੇ ਸ਼ਮਸ਼ਾਨਘਾਟ ਪਹਿਲਾਂ ਹੀ ਮੌਜੂਦ ਹਨ ਅਤੇ ਜੇ ਨਵਾਂ ਪੱਖਪਾਤੀ ਰੁਝਾਨ ਜ਼ੋਰ ਫੜ ਗਿਆ ਤਾਂ ਹਾਲਾਤ ਹੋਰ ਵੀ ਬਦਤਰ ਬਣ ਸਕਦੇ ਹਨ। ਨਵੇਂ ਵਰਤਾਰੇ ਨੂੰ ਛੇਤੀ ਤੋਂ ਛੇਤੀ ਠੱਲ੍ਹ ਪਾਏ ਜਾਣ ਦੀ ਲੋੜ ਹੈ।
-ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਐੱਨਜ਼ੈੱਡ ਪੰਜਾਬੀ ਨਿਊਜ- ਆਕਲੈਂਡ, ਨਿਊਜ਼ੀਲੈਂਡ
+64210553075