Thursday, 22 February 2024
02 July 2020 Editorials

ਖ਼ੂਨ ਚੂਸਣ ਵਾਲੇ ਲਾਲਚੀ ਮਾਲਕਾਂ ਦੇ ਕਦੋਂ ਭਰਨਗੇ ਢਿੱਡ?

ਮਾਈਗਰੈਂਟ ਵਰਕਰਾਂ ਦੇ ਸ਼ੋਸ਼ਣ ਦਾ ਮਾਮਲਾ
ਖ਼ੂਨ ਚੂਸਣ ਵਾਲੇ ਲਾਲਚੀ ਮਾਲਕਾਂ ਦੇ ਕਦੋਂ ਭਰਨਗੇ ਢਿੱਡ? - NZ Punjabi News

ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ

ਨਿਊਜ਼ੀਲੈਂਡ 'ਚ ਮਾਈਗਰੈਂਟ ਵਰਕਰਾਂ ਦੇ ਸ਼ੋਸ਼ਣ ਵਾਲੇ ਮਾਮਲੇ ਪਿਛਲੇ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਦੇ ਰਹੇ ਹਨ। ਇਹ ਸਵਾਲ ਆਮ ਲੋਕਾਂ ਦੇ ਮਨ 'ਚ ਆਉਣਾ ਸੁਭਾਵਿਕ ਹੈ ਕਿ ਆਖ਼ਰ ਅਜਿਹੇ ਲਾਲਚੀ ਮਾਲਕਾਂ ਦੇ ਢਿੱਡ ਕਦੋਂ ਭਰਨਗੇ ? ਜੋ ਮਜਬੂਰ ਵਰਕਰਾਂ ਦਾ ਹੱਕ ਖੋਹ ਕੇ ਆਪਣੇ  ਢਿੱਡਾਂ 'ਚ ਪਾ ਰਹੇ ਹਨ।
ਇਕ ਤਾਜ਼ਾ ਮਾਮਲੇ 'ਚ ਫਿਰ ਇੰਪਲੋਏਮੈਂਟ ਕੋਰਟ ਨੇ ਆਕਲੈਂਡ ਦੇ ਇੱਕ ਰਿਟੇਲ ਅਪਰੇਟਰ ਨੂੰ ਹੁਕਮ ਦਿੱਤਾ ਹੈ ਕਿ ਸੱਤ ਮਾਈਗਰੈਂਟ ਵਰਕਰਾਂ ਨੂੰ ਉਨ੍ਹਾਂ ਦਾ ਮਿਹਤਾਨਾ ਦਿੱਤਾ ਜਾਵੇ, ਜਿਹੜੇ ਉਸਦੇ ਲਈ ਕੰਮ ਕਰਦੇ ਰਹੇ ਹਨ। ਇਹ ਮਾਮਲਾ ਸ਼ਾਲਿਨੀ ਲਿਮਟਿਡ ਨਾਲ ਸਬੰਧਤ ਹੈ, ਜਿਸਨੂੰ ਪਿਛਲੇ ਸਾਲ ਜੂਨ ਮਹੀਨੇ ਜੁਰਮਾਨਾ ਕੀਤਾ ਗਿਆ ਸੀ। ਹੁਣ ਉਸਨੇ ਜ਼ੁਰਮਾਨਾ ਮਾਫ਼ ਕੀਤੇ ਜਾਣ ਲਈ ਬੇਨਤੀ ਕੀਤੀ ਸੀ ਪਰ ਅਦਾਲਤ ਨੇ ਠੁਕਰਾ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਸਾਲ 2017 'ਚ ਲੇਬਰ ਇੰਸਪੈਕਟੋਰੇਟ ਨੂੰ ਸ਼ਿਕਾਇਤ ਮਿਲੀ ਸੀ। ਜਿਸ ਪਿੱਛੋਂ ਆਕਲੈਂਡ ਦੀ ਲਾਈਫ ਲਾਈਨ ਡੇਅਰੀ ਅਤੇ ਗਰਾਫ਼ਟਨ ਲਿਉਕਰ ਸਪੌਟ ਤੋਂ ਇਲਾਵਾ ਪਾਰਾਕਾਈ ਬੌਟਲ-ਓ (ਸ਼ਰਾਬ ਦੇ ਠੇਕੇ) 'ਤੇ ਕੰਮ ਕਰਨ ਵਾਲੇ ਸੱਤ ਰਿਟੇਲ  ਅਸਿਸਟੈਂਟਸ ਨਾਲ ਹੋਏ ਧੱਕੇ ਬਾਰੇ ਜਾਂਚ ਕੀਤੀ ਸੀ। ਜਿਸ ਦੌਰਾਨ ਸਾਹਮਣੇ ਆਇਆ ਕਿ ਵਰਕਰਾਂ ਨੇ ਲਗਾਤਾਰ ਕਈ ਕਈ ਘੰਟੇ ਕੰਮ ਕੀਤਾ ਪਰ ਨਾ ਤਾਂ ਉਨ੍ਹਾਂ ਨੂੰ ਘੱਟੋ-ਘੱਟ ਪੇਅ ਰੇਟ ਮਿਲਿਆ ਤੇ ਨਾ ਹੀ ਵਰਕਿੰਗ ਹਾਲੀਡੇਅ ਦਾ ਫਾਇਦਾ। ਇਸ ਤੋਂ ਇਲਾਵਾ ਛੁੱਟੀ ਵਾਲੇ ਦਿਨ ਕੰਮ ਕਰਨ ਬਦਲੇ ਵੀ ਵਾਧੂ ਤਨਖਾਹ ਨਹੀਂ ਦਿੱਤੀ। ਹਾਲਾਂਕਿ ਆਮ ਕਰਕੇ ਛੁੱਟੀ ਵਾਲੇ ਦਿਨ ਕੰਮ ਦੇ ਬਦਲੇ ਡੇਢ ਗੁਣਾ ਵੱਧ ਮਿਹਤਾਨਾ ਦਿੱਤਾ ਜਾਂਦਾ ਹੈ। ਅਜਿਹੀਆਂ ਬੇਨਿਯਮੀਆਂ ਜਗ-ਜ਼ਾਹਰ ਹੋਣ ਤੋਂ ਬਾਅਦ ਇੰਪਲੋਏਮੈਂਟ ਰਿਲੇਸ਼ਨਜ ਅਥਾਰਿਟੀ ਨੇ ਸ਼ਾਲਿਨੀ ਲਿਮਟਿਡ ਨੂੰ ਹੁਕਮ ਦਿੱਤਾ ਸੀ ਕਿ ਇੱਕ ਲੱਖ ਡਾਲਰ ਜ਼ੁਰਮਾਨਾ ਭਰਿਆ ਜਾਵੇ ਅਤੇ 96 ਹਜ਼ਾਰ 500 ਡਾਲਰ ਆਪਣੇ 7 ਵਰਕਰਾਂ ਨੂੰ ਉਨ੍ਹਾਂ ਦੀ ਘੱਟ-ਘੱਟ ਤਨਖਾਹ ਅਤੇ ਹੋਰ ਬਕਾਏ ਦੇ ਰੂਪ 'ਚ ਅਦਾ ਕੀਤੇ ਜਾਣ।
ਦੇਸ਼ ਭਰ 'ਚ ਅਜਿਹੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ। ਭਾਵੇਂ ਮੰਨਿਆ ਜਾਂਦਾ ਹੈ ਕਿ ਕਈ ਕੇਸਾਂ 'ਚ ਮਾਈਗਰੈਂਟ ਵਰਕਰ ਵੀ ਜ਼ਿੰਮੇਵਾਰ ਹੁੰਦੇ ਹਨ, ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਜੁਗਾੜ ਲਾ ਕੇ ਨੌਕਰੀ ਹਾਸਲ ਕੀਤੀ ਹੁੰਦੀ ਹੈ। ਇਸ ਕਰਕੇ ਘੱਟ ਤਨਖਾਹ 'ਤੇ ਕੰਮ ਕਰਨ ਲਈ ਮਜਬੂਰ ਹੁੰਦੇ ਹਨ। ਜਦੋਂ ਸ਼ੋਸ਼ਣ ਦੇ ਅਜਿਹੇ ਕੇਸ ਅਦਾਲਤਾਂ ਸਾਹਮਣੇ ਆਉਂਦੇ ਹਨ ਤਾਂ ਅਕਸਰ ਕੇਸ ਮਾਈਗਰੈਂਟ ਵਰਕਰਾਂ ਦੇ ਹੱਕ 'ਚ ਹੁੰਦੇ ਹਨ ਕਿਉਂਕਿ ਅਦਾਲਤਾਂ ਵੀ ਸਮਝਦੀਆਂ ਹਨ ਕਿ ਮਾਲਕ ਨਾਲੋਂ ਵਰਕਰ ਹਮੇਸ਼ਾ ਕਮਜ਼ੋਰ ਹੁੰਦੇ ਹਨ ਅਤੇ ਇਸੇ ਕਮਜ਼ੋਰੀ ਦਾ ਫਾਇਦਾ ਲਾਲਚੀ ਮਾਲਕ ਲੈਂਦੇ ਰਹਿੰਦੇ ਹਨ। ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਠੇਕੇਦਾਰਾਂ ਦੇ ਕਿੱਸੇ ਜ਼ਾਹਰ ਹੋ ਚੁੱਕੇ ਹਨ ਜੋ ਜੌਬ ਆਫ਼ਰ ਦੇਣ ਪਿੱਛੋਂ ਪੂਰੀ ਤਨਖ਼ਾਹ ਨਹੀਂ ਦਿੰਦੇ। ਇਸ ਤੋਂ ਇਲਾਵਾ 40 ਘੰਟਿਆਂ ਦੇ ਦਿੱਤੇ ਹੋਏ ਕੰਟਰੈਕਟ ਤੋਂ ਕਿਤੇ ਵੱਧ 70-70 ਘੰਟੇ ਕੰਮ ਕਰਵਾਉਂਦੇ ਹਨ। ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਕਈ ਵਾਰੀ ਜੌਬ ਆਫਰ ਲੈਣ ਲਈ ਕਈ ਮਾਈਗਰੈਂਟ ਵਰਕਰਾਂ ਨੂੰ ਅਜਿਹੇ ਲਾਲਚੀ ਠੇਕੇਦਾਰਾਂ ਥੱਲੇ ਕੰਮ ਕਰਨਾ ਪੈਂਦਾ ਹੈ। ਵਰਕਰਾਂ ਦੀ ਅਜਿਹੀ ਮਜਬੂਰੀ ਤੇ ਲਾਚਾਰੀ ਹੀ ਅਜਿਹੇ ਸ਼ੋਸ਼ਣ ਦਾ ਮੁੱਢ ਬੰਨ੍ਹਦੀ ਹੈ। ਅਜਿਹੇ ਹਾਲਾਤ ਕਾਰਨ ਧਨ ਦੇ ਲਾਲਚ 'ਚ ਅੰਨ੍ਹੇ ਹੋਏ ਮਾਲਕੀ ਨੂੰ ਸਿਰਫ਼ 'ਤੇ ਸਿਰਫ਼ ਮੁਨਾਫ਼ਾ ਹੀ ਦਿਸਦਾ ਹੈ। ਮਨੁੱਖੀ ਕਦਰਾਂ-ਕੀਮਤਾਂ ਨੂੰ ਛੱਡ ਕੇ ਉਹ ਆਪਣੇ ਵਰਕਰਾਂ ਨਾਲ ਅਜਿਹਾ ਸਲੂਕ  ਕਰਦੇ ਹਨ ਕਿ ਵਰਕਰ ਸਿਰਫ਼ ਤੇ ਸਿਰਫ਼ ਮਾਲਕ ਦਾ 'ਗੁਲਾਮ ਕਾਮਾ' ਬਣਨ ਲਈ ਮਜ਼ਬੂਰ ਹੋ ਜਾਂਦਾ ਹੈ। ਅਜਿਹੇ ਲਾਲਚੀਆਂ ਦੇ ਕਈ ਕਾਲੇ ਕਾਰਨਾਮੇ ਸਾਹਮਣੇ ਆਉਣ ਦੇ ਬਾਵਜੂਦ ਅਜਿਹੇ ਮਾਲਕ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਪਰ ਕਈ ਸਫ਼ੈਦਪੋਸ਼ ਬਣ ਕੇ ਅਜੇ ਵੀ ਬਚੇ ਹੋਏ ਹਨ। ਕਈ ਤਾਂ ਢੀਠਤਾਈ ਦੀ ਹੱਦਾਂ ਵੀ ਉਸ ਵੇਲੇ ਪਾਰ ਕਰ ਜਾਂਦੇ ਹਨ, ਜਦੋਂਂ ਉਹ ਮਾਲਕ ਆਪਣੀ ਕਮਿਊਨਿਟੀ ਦੇ ਲੀਡਰ ਬਣਨ ਦੀ ਵੀ ਝਾਕ ਰੱਖਦੇ ਹਨ। ਇਖਲਾਕ ਤੋਂ ਡਿੱਗ ਚੁੱਕੇ ਅਜਿਹੇ ਮਾਲਕਾਂ ਨੂੰ ਕੀ ਹੱਕ ਹੈ ਕਿ ਉਹ ਸਮਾਜ 'ਚ ਆ ਕੇ ਚੌਧਰ ਕਰਨ? ਅਜਿਹੇ ਮਾਲਕਾਂ ਨੂੰ ਉਨ੍ਹਾਂ ਦੇ ਪੁਰਾਣੇ ਵਰਕਰ ਹੀ ਸਬਕ ਸਿਖਾ ਸਕਦੇ ਹਨ।
ਮੁਕਦੀ ਗੱਲ ਹੈ ਕਿ ਮਾਈਗਰੈਂਟ ਵਰਕਰਾਂ ਨੂੰ ਆਪਣੇ ਨਾਲ ਹੋਏ ਧੱਕੇ ਬਾਰੇ ਆਵਾਜ਼ ਜ਼ਰੂਰ ਉਠਾਉਣੀ ਚਾਹੀਦੀ ਹੈ। ਆਪਣੀ ਕਮਿਊਨਿਟੀ ਦੇ ਸੁਹਿਰਦ ਆਗੂਆਂ ਨਾਲ ਵੀ ਦਰਦ ਸਾਂਝਾ ਕੀਤਾ ਜਾ ਸਕਦਾ ਹੈ। ਜੇ ਅਜਿਹਾ ਸੰਭਵ ਨਹੀਂ ਤਾਂ ਇੰਪਲੋਏਮੈਂਟ ਰਿਲੇਸ਼ਨਜ ਅਥਾਰਿਟੀ ਤੱਕ ਜ਼ਰੂਰ ਪਹੁੰਚ ਕਰਨ ਚਾਹੀਦੀ ਹੈ। ਅਜਿਹੇ ਕਦਮ ਚੁੱਕਣ ਨਾਲ ਹੀ ਲਾਲਚੀ ਮਾਲਕਾਂ ਨੂੰ ਨੱਥ ਪਾਈ ਜਾ ਸਕੇਗੀ, ਜੋ ਜੋਕਾਂ ਬਣ ਕੇ ਮਾਈਗਰੈਂਟ ਵਰਕਰਾਂ ਦਾ ਖ਼ੂਨ ਚੂਸਣ 'ਤੇ ਲੱਗੇ ਹੋਏ ਹਨ।


-ਐੱਨਜ਼ੈੱਡ ਪੰਜਾਬੀ ਨਿਊਜ (ਹਫ਼ਤਾਵਰੀ) 2 ਜੁਲਾਈ 2020

+64210553075  editor@nzpunjabinews.com

ADVERTISEMENT
NZ Punjabi News Matrimonials