Thursday, 06 August 2020
01 August 2020 Editorials

ਉੱਚ ਅਹੁਦਿਆਂ 'ਤੇ ਬੈਠਣ ਵਾਲਿਆਂ ਦਾ ਡਿੱਗਦਾ ਕਿਰਦਾਰ

ਸਮਾਜਿਕ ਤੇ ਨੈਤਿਕ ਜਿੰਮੇਵਾਰੀ ਦੇ ਘਾਣ ਦਾ ਪ੍ਰਤੀਕ
ਉੱਚ ਅਹੁਦਿਆਂ 'ਤੇ ਬੈਠਣ ਵਾਲਿਆਂ ਦਾ ਡਿੱਗਦਾ ਕਿਰਦਾਰ - NZ Punjabi News

ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ 'ਚ ਪਿਛਲੇ ਕੁੱਝ ਦਿਨਾਂ ਤੋਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੇ ਹਰ ਆਮ ਵਿਅਕਤੀ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਉੱਚ ਅਹੁਦਿਆਂ 'ਤੇ ਬੈਠਣ ਵਾਲੇ ਲੋਕਾਂ ਦਾ ਇਖ਼ਲਾਕੀ ਕਿਰਦਾਰ ਕਿਓਂਂ ਡਿੱਗਦਾ ਜਾ ਰਿਹਾ ਹੈ?  ਕੀ ਅਜਿਹੇ ਕਾਰੇ ਸਮਾਜਿਕ ਅਤੇ ਨੈਤਿਕ  ਜ਼ਿੰਮੇਵਾਰੀ ਦਾ ਘਾਣ ਨਹੀਂ? ਕੀ ਲੋਕਾਂ ਦੀ ਅਗਵਾਈ ਕਰਨ ਵਾਲੇ ਅਜਿਹੇ ਆਗੂ ਆਪਣੇ ਕਾਲੇ ਕਾਰਨਾਮਿਆਂ ਨਾਲ ਆਪਣੇ ਵਰਗੇ ਹੋਰਨਾਂ ਆਗੂਆਂ ਨੂੰ ਸ਼ੱਕ ਦੇ ਘੇਰੇ 'ਚ ਨਹੀਂ ਖੜ੍ਹਾ ਰਹੇ ? ਕੀ ਵਿਕਸਤ ਮੁਲਕਾਂ 'ਚ ਵੀ ਅਜਿਹੇ ਲੋਕਾਂ ਦਾ ਮਾਨਸਿਕ ਵਿਕਾਸ ਉਸ ਪੱਧਰ ਤੱਕ ਨਹੀਂ ਪਹੁੰਚ ਸਕਿਆ, ਜਿੱਥੇ ਪਹੁੰਚਣਾ ਚਾਹੀਦਾ ਸੀ?  ਦੇਸ਼ ਦੀ ਪਾਰਲੀਮੈਂਟ ਦੇ ਦੋ ਮੈਂਬਰਾਂ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੀਆਂ ਗਈਆਂ ਕਰਤੂਤਾਂ ਨੇ ਸਾਰੇ ਹੀ ਦੇਸ਼ ਵਾਸੀਆਂ ਨੂੰ ਸ਼ਰਮਸ਼ਾਰ ਕਰ ਦਿੱਤਾ ਹੈ। ਇੱਥੋਂ ਤੱਕ ਕਿ ਇਮੀਗਰੇਸ਼ਨ ਵਰਗੇ ਮਹੱਤਵਪੂਰਨ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਇੱਕ ਆਗੂ ਨੇ ਤਾਂ ਆਪਣੇ ਵੱਕਾਰੀ ਅਹੁਦੇ ਦਾ ਵੀ ਖਿਆਲ ਨਹੀਂ ਰੱਖਿਆ। ਜਿਸਨੂੰ ਲੋਕਾਂ ਨੇ ਬੜੇ ਮਾਣ ਨਾਲ ਜਿਤਾ ਕੇ ਪਾਰਲੀਮੈਂਟ 'ਚ ਭੇਜਿਆ ਸੀ, ਜਿੱਥੇ ਲੋਕਾਂ ਦੀ ਭਲਾਈ ਲਈ ਕਾਨੂੰਨ ਘੜੇ ਜਾਂਦੇ ਹਨ। ਅਜੇ ਅਜਿਹੇ ਕਾਲੇ ਚਿੱਠਿਆਂ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਭਾਰਤੀ ਮੂਲ ਦੇ ਇੱਕ ਯੂਨੀਅਨ ਆਗੂ ਨੇ ਸਮੁੱਚੇ ਭਾਈਚਾਰੇ ਦੇ ਚੰਗੇ ਕੰਮਾਂ 'ਤੇ ਕਾਲਖ਼ ਫੇਰ ਦਿੱਤੀ। ਬਿਨਾਂ ਸ਼ੱਕ, ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਾਮਿਆਂ ਨੂੰ ਇਨਸਾਫ਼ ਦਿਵਾਉਣ ਲਈ ਯੂਨੀਅਨਾਂ ਨੇ ਵੱਡਾ ਰੋਲ ਅਦਾ ਕੀਤਾ ਹੈ। ਜੇ ਅੱਜਕੱਲ੍ਹ ਦੁਨੀਆਂ ਭਰ ਦੇ ਕਾਮੇ ਗੁਲਾਮੀ ਦੀਆਂ ਜੰਜੀਰਾਂ ਤੋੜ ਕੇ 8 ਘੰਟੇ ਕੰਮ ਕਰਨ ਦਾ ਅਧਿਕਾਰ ਰੱਖਦੇ ਹਨ ਤਾਂ ਇਸਦਾ ਸਿਹਰਾ ਯੂਨੀਅਨਾਂ ਦੇ ਸਿਰ ਹੀ ਬੱਝਦਾ ਹੈ। ਯੂਨੀਅਨ ਆਗੂਆਂ ਨੇ ਜਿੱਥੇ ਪੀੜਿਤ ਕਾਮੇ ਨੂੰ ਇਨਸਾਫ਼ ਦਿਵਾਉਣਾ ਹੁੰਦਾ ਹੈ, ਉੱਥੇ ਮਾਲਕ ਦਾ ਵੀ ਖਿਆਲ ਰੱਖਣਾ ਹੁੰਦਾ ਹੈ ਕਿਉਂਕਿ ਉਸ ਕੋਲ ਹੋਰ ਕਾਮੇ ਵੀ ਕੰਮ ਕਰ ਰਹੇ ਹੁੰਦੇ ਹਨ। ਪਰ ਨਿਊਜ਼ੀਲੈਂਡ 'ਚ ਭਾਰਤੀ ਮੂਲ ਦੇ ਇੱਕ ਯੂਨੀਅਨ ਆਗੂ ਦਾ ਕਿੱਸਾ ਹੈਰਾਨੀਜਨਕ ਹੀ ਨਹੀਂ ਸਗੋਂ ਸਮੁੱਚੇ ਭਾਈਚਾਰੇ ਨੂੰ ਸ਼ਰਮਸ਼ਾਰ ਕਰਨ ਵਾਲਾ ਹੈ। ਜਿਸਨੇ ਭਾਰਤੀ ਮੂਲ ਦੀ ਕੁੜੀ ਨਾਲ ਅਜਿਹਾ ਵਿਵਹਾਰ ਕੀਤਾ, ਜੋ ਕਿਸੇ ਵੀ ਸੁਸਾਇਟੀ 'ਚ ਬਰਦਾਸ਼ਤਯੋਗ ਨਹੀਂ। ਕਿਸੇ ਵੀ ਜ਼ਿੰਮੇਵਾਰ ਅਹੁਦੇ 'ਤੇ ਬੈਠੇ ਸਖਸ਼ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਨੈਤਿਕ ਅਤੇ ਸਮਾਜਿਕ ਕਦਰਾਂ-ਕੀਮਤਾਂ ਦਾ ਖਿਆਲ ਰੱਖੇਗਾ। ਪਰ ਅਜਿਹੀ ਜ਼ਿੰਮੇਵਾਰੀ ਛੱਡ ਕੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਰੁਝਾਨ ਸਾਹਮਣੇ ਆ ਰਿਹਾ ਹੈ।
ਖ਼ੈਰ ! ਅਜਿਹੇ ਵਰਤਾਰਿਆਂ ਨੂੰ ਕਦੇ ਠੱਲ੍ਹ ਪੈ ਸਕੇਗੀ ? ਇਸਦਾ ਜਵਾਬ ਦਾ ਤਾਂ ਸ਼ਾਇਦ ਸਮਾਜ-ਸ਼ਾਸ਼ਤਰੀਆਂ ਕੋਲ ਵੀ ਨਹੀਂ। ਪਰ ਇਹ ਗੱਲ ਸਪੱਸ਼ਟ ਹੈ ਕਿ ਅਜਿਹੀਆਂ ਸ਼ਰਮਨਾਕ ਘਟਨਾਵਾਂ ਦੇ ਵਾਪਰਨ ਨਾਲ ਸਮੁੱਚੇ ਦੇਸ਼ ਵਾਸੀਆਂ ਦੇ ਅਕਸ 'ਤੇ ਵੀ ਸੱਟ ਵੱਜਦੀ ਹੈ। ਜਿਸਦਾ ਨਵੀਂ ਪੀੜ੍ਹੀ 'ਤੇ ਵੀ ਨਾਂਹ-ਪੱਖੀ ਪ੍ਰਭਾਵ ਪੈਂਦਾ ਹੈ।
ਐੱਨਜੈੱਡ ਪੰਜਾਬੀ ਨਿਊਜ : 01 ਅਗਸਤ 2020
+64 21 055 3075

ADVERTISEMENT