ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ
ਇੰਟਰਨੈੱਟ ਦੇ ਯੁੱਗ 'ਚ ਬੱਚਿਆਂ ਨੂੰ ਮਾੜੇ ਬਾਹਰੀ ਪ੍ਰਭਾਵਾਂ ਤੋਂ ਬਚਾਅ ਕੇ ਰੱਖਣਾ ਅਜੋਕੇ ਦੌਰ ਦੀ ਸਭ ਤੋਂ ਵੱਡੀ ਚੁਣੌਤੀ ਹੈ। ਖਾਸ ਕਰਕੇ ਪਰਵਾਸੀ ਪੰਜਾਬੀ ਪਰਿਵਾਰਾਂ ਲਈ ਇਹ ਜ਼ਿੰਮੇਵਾਰੀ ਹੋਰ ਵੀ ਔਖੀ ਹੋ ਜਾਂਦੀ ਹੈ ਕਿਉਂਕਿ ਬਹੁਤੇ ਲੋਕਾਂ 'ਤੇ ਕੰਮਾਂ-ਕਾਰਾਂ ਦਾ ਬੋਝ ਵੀ ਜਿਆਦਾ ਹੁੰਦਾ ਹੈ, ਜਿਸ ਕਰਕੇ ਬੱਚਿਆਂ ਲਈ ਸਮਾਂ ਅਕਸਰ ਘਟ ਜਾਂਦਾ ਹੈ। ਇਸ ਗੱਲ 'ਚ ਵੀ ਕੋਈ ਸ਼ੱਕ ਨਹੀਂ ਕਿ ਕਈ ਪਰਿਵਾਰਾਂ ਨੂੰ ਮਜਬੂਰੀਵੱਸ ਅਜਿਹੀ ਜ਼ਿੰਦਗੀ ਹੰਢਾਉਣੀ ਪੈਂਦੀ ਹੈ। ਅਜਿਹੇ ਦੌਰ 'ਚ ਨਿਊਜ਼ੀਲੈਂਡ ਦੀ ਇੱਕ ਮਹੱਤਵਪੂਰਨ ਏਜੰਸੀ 'ਨੈੱਟਸੇਫ' ਵੱਲੋਂ ਤਾਜ਼ਾ ਜਾਰੀ ਕੀਤੀ ਗਈ ਇਕ ਰਿਪੋਰਟ ਵਿਸ਼ੇਸ਼ ਧਿਆਨ ਮੰਗਦੀ ਹੈ। ਸਭ ਤੋਂ ਪਹਿਲਾਂ ਇੱਥੇ ਇਹ ਦੱਸਣਾ ਵੀ ਵਾਜਬ ਹੈ ਕਿ ਨਿਊਜ਼ੀਲੈਂਡ 'ਚ ਇਹ ਨਾਨ-ਪ੍ਰੌਫਿਟ (ਸਮਾਜ ਸੇਵੀ ) ਏਜੰਸੀ 20 ਕੁ ਸਾਲ ਪਹਿਲਾਂ ਬਣਾਈ ਗਈ ਸੀ ਤਾਂ ਜੋ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਆਮ ਭੋਲੇਭਾਲੇ ਲੋਕਾਂ ਨੂੰ ਸੁਰੱਖਿਆ ਦਿੱਤੀ ਜਾ ਸਕੇ। ਭਾਵ ਇੰਟਰਨੈੱਟ 'ਤੇ ਸਰਗਰਮ ਸਮਾਜ ਵਿਰੋਧੀ ਅਨਸਰ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦਾ ਨੁਕਸਾਨ ਨਾ ਕਰ ਸਕਣ। ਹੁਣ ਇਸ ਏਜੰਸੀ ਵੱਲੋਂ ਅੱਜ ਸਲਾਨਾ ਤੀਜੀ ਰਿਪੋਰਟ ਨਸ਼ਰ ਕੀਤੀ ਗਈ ਹੈ। ਜੋ 9 ਤੋਂ ਲੈ ਕੇ 17 ਸਾਲ ਤੱਕ ਦੇ ਦੋ ਹਜ਼ਾਰ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਇੰਟਰਨੈੱਟ ਨਾਲ ਜੁੜੇ ਤਜਰਬੇ ਬਾਰੇ ਸਰਵੇਖਣ 'ਤੇ ਅਧਾਰਿਤ ਹੈ। ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਨਿਊਜ਼ੀਲੈਂਡ 'ਚ ਇੰਟਰਨੈੱਟ ਵਰਤਣ ਵਾਲੇ 25 ਫੀਸਦ ਬੱਚੇ ਅਣਸੁਖਾਵਾਂ ਮਹਿਸੂਸ ਕਰਦੇ ਹਨ। ਭਾਵ ਇੰਟਰਨੈੱਟ 'ਤੇ ਕਈ ਵਾਰੀ ਅਜਿਹੀ ਸਮੱਗਰੀ ਹੁੰਦੀ ਹੈ, ਜਿਸਨੂੰ ਵੇਖ ਕੇ ਜਾਂ ਪੜ੍ਹ ਬੱਚਾ ਕਈ ਤਰ੍ਹਾਂ ਦੇ ਪ੍ਰਭਾਵ ਕਬੂਲ ਲੈਂਦਾ ਹੈ। ਜਿਸਦਾ ਉਸਦੇ ਮਨ ਅਤੇ ਸਰੀਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਕਈ ਵਾਰ ਹਿੰਸਕ ਅਤੇ ਆਤਮ-ਹੱਤਿਆ ਕਰਨ ਵਾਲੇ ਸੀਨ ਵੀ ਬੱਚੇ ਦੇ ਸਾਹਮਣੇ ਆ ਜਾਂਦੇ ਹਨ। ਕਈ ਵਾਰ ਅਣਜਾਣ ਆਦਮੀ ਬੱਚਿਆਂ ਨਾਲ ਆਨਲਾਈਨ ਚੈਟ (ਇੰਟਰਨੈੱਟ 'ਤੇ ਲਿਖਤੀ ਸੰਪਰਕ) ਕਰਨ ਲੱਗ ਪੈਂਂਦੇ ਹਨ। ਨੈੱਟਸੇਫ ਏਜੰਸੀ ਦੇ ਚੀਫ਼ ਐਗਜ਼ੈਕਟਿਵ ਮਾਰਟਿਨ ਕੌਕਰ ਮੰਨਦੇ ਹਨ ਕਿ ਅਜਿਹੇ ਆਲਮ 'ਚ ਮਾਪੇ ਹੀ ਬੱਚਿਆਂ ਦੇ ਸਭ ਤੋਂ ਭਰੋਸੇਯੋਗ ਸਾਧਨ ਹੁੰਦੇ ਹਨ, ਜਿਨ੍ਹਾਂ ਨੇ ਬੱਚਿਆਂ ਨੂੰ ਸਮਝਾਉਣਾ ਹੁੰਦਾ ਹੈ ਕਿ ਇੰਟਰਨੈੱਟ ਦੀ ਵਰਤੋਂ ਵੇਲੇ ਕਿਸ ਤਰ੍ਹਾਂ ਸਾਵਧਾਨ ਰਹਿਣਾ ਹੈ। ਮਾਰਟਿਨ ਇਹ ਵੀ ਮੰਨਦੇ ਹਨ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਲਈ ਅਜਿਹੇ ਖ਼ਤਰੇ ਤੋਂ ਚਿੰਤਤ ਹਨ, ਉਨ੍ਹਾਂ ਲਈ ਅਜਿਹੇ ਵਰਤਾਰੇ ਨੂੰ ਠੱਲ੍ਹ ਪਾਉਣਾ ਕੋਈ ਔਖੀ ਗੱਲ ਵੀ ਨਹੀਂ ਕਿਉਂਕਿ ਨੈੱਟਸੇਫ ਵੱਲੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਪ੍ਰਬੰਧ ਕੀਤਾ ਹੋਇਆ ਹੈ। ਭਾਵ ਨੈੱਟਸੇਫ ਏਜੰਸੀ ਨੇ 'ਆਨਲਾਈਨ ਪੇਰੈਂਟ ਸੇਫਟੀ ਕਿੱਟ' ਤਿਆਰ ਕੀਤੀ ਹੋਈ ਹੈ। ਦੂਜੇ ਪਾਸੇ ਵੇਖਿਆ ਜਾਵੇ ਤਾਂ ਅਜਿਹੀ ਸਥਿਤੀ 'ਚ ਮਾਪਿਆਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਜਿਸ ਸਬੰਧੀ ਆਕਲੈਂਡ ਦੀ ਇੱਕ ਔਰਤ ਕ੍ਰਿਸਟਾ ਲੇਂਗ ਨੇ ਵੀ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ ਕਿ ਉਹ ਇੰਟਰਨੈੱਟ ਦੇ ਖ਼ਤਰੇ ਨੂੰ ਭਲੀ-ਭਾਂਤੀ ਸਮਝਦੀ ਹੈ। ਇਸ ਸਬੰਧੀ ਉਸ ਵੱਲੋਂ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਕੀਤੀ ਗੱਲਬਾਤ ਨੇ ਸਾਰਾ ਮਾਮਲਾ ਸੁਲਝਾ ਦਿੱਤਾ। ਕ੍ਰਿਸਟਾ ਅਨੁਸਾਰ ਪੰਜ ਕੁ ਸਾਲ ਪਹਿਲਾਂ ਜਦੋਂ ਉਸਦੀ 9 ਸਾਲ ਬੇਟੀ ਆਨਲਾਈਨ ਗੇਮ ਖੇਡ ਰਹੀ ਸੀ ਤਾਂ ਕੋਈ 10 ਸਾਲ ਮੁੰਡਾ ਉਸ ਨਾਲ ਚੈਟਿੰਗ (ਗੱਲਬਾਤ) ਕਰਨ ਲੱਗ ਪਿਆ। ਪਰ ਬਾਅਦ 'ਚ ਪਤਾ ਲੱਗਾ ਕਿ ਉਹ ਮੁੰਡਾ 10 ਸਾਲ ਤੋਂ ਵੀ ਵੱਡੀ ਉਮਰ ਦਾ ਸੀ। ਜਿਸਦਾ ਬੱਚੀ 'ਤੇ ਇਹ ਪ੍ਰਭਾਵ ਪਿਆ ਕਿ ਉਹ ਆਪਣੇ ਮਾਪਿਆਂ ਨਾਲ ਰੁੱਖਾ ਬੋਲਣ ਲੱਗ ਪਈ ਅਤੇ ਕਈ ਗੱਲਾਂ ਲੁਕੋਣ ਵੀ ਲੱਗ ਪਈ ਸੀ। ਪਰ ਜਦੋਂ ਉਸਨੇ ਸੁਚੇਤ ਹੋ ਕੇ ਸਾਰੀ ਪੜਤਾਲ ਕੀਤੀ ਤਾਂ ਸਮਝ ਆਈ ਕਿ ਅਸਲ ਕਹਾਣੀ ਕੀ ਸੀ। ਕ੍ਰਿਸਟਾ ਲੇਂਗ ਨੇ ਵੀ ਮਾਪਿਆਂ ਨੂੰ ਸੁਚੇਤ ਕੀਤਾ ਹੈ ਕਿ ਬੱਚਿਆਂ ਨਾਲ ਚੈਟਿੰਗ ਕਰਨ ਵਾਲੇ ਲੋਕ ਅਸਲੀ ਨਹੀਂ ਹੁੰਦੇ,ਜਿਨ੍ਹਾਂ ਨੇ ਆਪਣਾ ਚਿਹਰਾ ਸਕਰੀਨ ਪਿੱਛੇ ਲੁਕੋਇਆ ਹੁੰਦਾ ਹੈ।
ਖ਼ੈਰ ! ਅਜਿਹੇ ਦੌਰ 'ਚ ਪਰਵਾਸ ਹੰਢਾ ਰਹੇ ਪੰਜਾਬੀ ਮਾਪਿਆਂ ਨੂੰ ਬਹੁਤ ਹੀ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਬੱਚਿਆਂ ਨੂੰ ਕੋਈ ਅਜਨਬੀ ਗੁੰਮਰਾਹ ਨਾ ਕਰ ਸਕੇ। ਪੰਜਾਬ 'ਚ ਤਾਂ ਮਾਪੇ ਆਪਣੇ ਬੱਚਿਆਂ ਨੂੰ ਸਾਹਮਣੇ ਦਿਸਦੀ ਬੁਰੀ ਸੰਗਤ ਤੋਂ ਬਚਾਅ ਲੈਂਦੇ ਸਨ ਅਤੇ ਗਲਤ ਮਾਨਸਿਕਤਾ ਵਾਲਿਆਂ ਨੂੰ ਘਰੇ ਵੜਨ ਤੋਂ ਵੀ ਟਾਲ ਦਿੰਦੇ ਸਨ। ਪੰਜਾਬ 'ਚ ਸਾਂਝੇ ਪਰਿਵਾਰਾਂ ਦਾ ਵੀ ਬਹੁਤ ਫਾਇਦਾ ਹੁੰਦਾ ਸੀ। ਪਰ ਪਰਵਾਸ ਵਾਲੀ ਧਰਤੀ 'ਤੇ ਇੰਟਰਨੈੱਟ ਦੇ ਦੌਰ 'ਚ ਕੰਮ-ਕਾਜੀ ਮਾਪਿਆਂ ਲਈ ਹੋਰ ਵੀ ਵੱਡੀ ਚੁਣੌਤੀ ਹੈ ਕਿਉਂਕਿ 'ਮਾੜੀ ਸੰਗਤ' ਵਾਲੇ ਲੋਕ ਸਾਹਮਣੇ ਨਹੀਂ ਦਿਸਦੇ ਸਗੋਂ ਇੰਟਰਨੈੱਟ ਦੀ ਸਕਰੀਨ ਰਾਹੀਂ ਆਪਣੇ-ਆਪ ਹੀ ਘਰ 'ਚ ਦਾਖ਼ਲ ਹੋ ਜਾਂਦੇ ਹਨ। ਨਵੀਂ ਪੀੜ੍ਹੀ ਨੂੰ ਸੁਰੱਖਿਅਤ ਰਾਹਾਂ ਵੱਲ ਤੁਰਦੇ ਰੱਖਣ ਲਈ ਮਾਪਿਆਂ ਦਾ ਹਰ ਵੇਲੇ ਚੁਕੰਨੇ ਰਹਿਣਾ ਫ਼ਰਜ ਹੈ। ਬੱਚਿਆਂ ਨਾਲ ਹਰ ਰੋਜ਼ ਖੁੱਲ੍ਹੀਆਂ ਗੱਲਾਂਬਾਤਾਂ ਕਰਨ ਦਾ ਰੁਝਾਨ ਵੀ ਘਰ 'ਚ ਸਿਹਤਮੰਦ ਮਾਹੌਲ ਸਿਰਜਣ 'ਚ ਵੱਡੀ ਭੂਮਿਕਾ ਨਿਭਾ ਸਕਦਾ ਹੈ। ਨੈੱਟਸੇਫ ਵੱਲੋਂ ਤਿਆਰ ਕੀਤੇ ਗਏ ਆਨਲਾਈਨ ਸਾਫਟਵੇਅਰ ਵੀ ਸਹੀ ਦਿਸ਼ਾ ਵੱਲ ਤੋਰਨ ਲਈ ਸਹਾਈ ਸਿੱਧ ਹੋ ਸਕਦੇ ਹਨ। ਬਜ਼ੁਰਗਾਂ ਵੱਲੋਂ ਆਪਣੇ ਪੋਤੇ-ਪੋਤੀਆਂ ਜਾਂ ਦੋਹਤੇ-ਦੋਹਤੀਆਂ ਨਾਲ ਹਰ ਰੋਜ਼ ਹਰ ਵੇਲੇ ਖੁੱਲ੍ਹ ਕੇ ਕੀਤੀਆਂ ਜਾਣ ਵਾਲੀਆਂ ਗੱਲਾਂ ਵੀ ਮਹੱਤਵਪੂਰਨ ਸਾਬਤ ਹੋ ਸਕਦੀਆਂ ਹਨ। ਸਮੁੱਚੇ ਪੰਜਾਬੀ ਪਰਿਵਾਰਾਂ ਨੂੰ ਹੋਰ ਵੀ ਗੰਭੀਰ ਹੋਣ ਦੀ ਲੋੜ ਹੈ ਤਾਂ ਜੋ ਨਵੇਂ ਦੇਸ਼ 'ਚ ਨਵੀਂ ਪੀੜ੍ਹੀ ਸੁਰੱਖਿਅਤ ਰਹਿ ਸਕੇ।
ਐੱਨਜ਼ੈੱਡ ਪੰਜਾਬੀ ਨਿਊਜ : 22 ਅਕਤੂਬਰ 2020
+64210553075