ਸੰਪਾਦਕੀ ਨੋਟ : ਅਵਤਾਰ ਸਿੰਘ ਟਹਿਣਾ - ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵਿਰੁੱਧ ਲੜੇ ਜਾ ਰਹੇ ਸੰਘਰਸ਼ ਦੀ ਹਮਾਇਤ ਵਜੋਂ ਕਿਸਾਨ ਪਰਿਵਾਰਾਂ ਨਾਲ ਸਬੰਧ ਰੱਖਣ ਵਾਲੇ ਕੌਮਾਂਤਰੀ ਖਿਡਾਰੀਆਂ ਵੱਲੋਂ ਕੇਂਦਰੀ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਦਿੱਤੇ ਗਏ ਐਵਾਰਡ ਵਾਪਸ ਕੀਤੇ ਜਾਣ ਦਾ ਐਲਾਨ ਸਿਆਸਤਦਾਨਾਂ ਲਈ ਵੀ ਭਾਰੂ ਪੈ ਸਕਦਾ ਹੈ। ਉਲੰਪੀਅਨ ਅਤੇ ਪ੍ਰਸਿੱਧ ਪਹਿਲਵਾਨ ਕਰਤਾਰ ਸਿੰਘ,ਅਰਜੁਨ ਐਵਾਰਡੀ ਸੱਜਣ ਸਿੰਘ ਚੀਮਾ, ਹਾਕੀ ਉਲੰਪੀਅਨ ਰਾਜਬੀਰ ਕੌਰ, ਉਲੰਪੀਅਨ ਰਾਜਿੰਦਰ ਸਿੰਘ ਅਤੇ ਪ੍ਰੋ ਰਾਜਿੰਦਰ ਵੱਲੋਂ ਸੋਮਵਾਰ ਨੂੰ ਜਲੰਧਰ 'ਚ ਪ੍ਰੈੱਸ ਕਾਨਫਰੰਸ ਦੌਰਾਨ 5 ਦਸੰਬਰ ਨੂੰ ਆਪਣੇ ਐਵਾਰਡ ਵਾਪਸ ਕੀਤੇ ਜਾਣ ਦਾ ਫ਼ੈਸਲਾ ਇਸ ਕਰਕੇ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ ਕਿਉਂਕਿ ਇਹ ਕਦਮ ਕੇਂਦਰ ਸਰਕਾਰ 'ਤੇ ਹੋਰ ਦਬਾਅ ਬਣਾਉਣ ਦਾ ਕੰਮ ਕਰੇਗਾ। ਅਜਿਹੇ ਹਾਲਾਤ ਦੌਰਾਨ ਪੰਜਾਬ ਦੇ ਲੋਕਾਂ 'ਚ ਇਹ ਸਵਾਲ ਉੱਠਣਾ ਵੀ ਸੁਭਾਵਿਕ ਹੈ ਕਿ ਕੀ ਪੰਜਾਬ ਦੇ ਸਿਆਸਤਦਾਨ ਵੀ ਅਜਿਹਾ ਜੇਰਾ ਕਰ ਸਕਣਗੇ ? ਕਿਸੇ ਸਮੇਂ ਕਿਸਾਨਾਂ ਦੇ ਸਭ ਤੋਂ ਵੱਡੇ ਮਸੀਹਾ ਕਹਾਉਣ ਵਾਲੇ ਅਕਾਲੀ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨੂੰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਦੇਸ਼ ਦੂਜਾ ਸਭ ਤੋਂ ਉੱਤਮ ਸਿਵਿਲੀਅਨ ਐਵਾਰਡ ਪਦਮ ਵਿਭੂਸ਼ਣ ਸੌਂਪਿਆ ਗਿਆ ਸੀ। ਇਹ ਐਵਾਰਡ ਉਨ੍ਹਾਂ ਉਦੋਂ ਹਾਸਲ ਕੀਤਾ ਸੀ ਜਦੋਂ ਸ੍ਰ ਬਾਦਲ ਸਾਲ 2015 'ਚ ਪੰਜਾਬ ਦੇ ਪੰਜਵੀਂ ਵਾਰ ਮੁੱਖ ਮੰਤਰੀ ਸਨ ਅਤੇ ਸੱਤਾ 'ਚ ਭਾਗੀਦਾਰ ਹੋਣ ਕਰਕੇ ਭਾਰਤੀ ਜਨਤਾ ਪਾਰਟੀ ਨਾਲ ਅਕਾਲੀ ਦਲ ਦਾ ਨਹੁੰ-ਮਾਸ ਦਾ ਰਿਸ਼ਤਾ ਦਸਦੇ ਹੁੰਦੇ ਹਨ।
ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਆਗੂ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਪਿਛਲੇ ਸਾਲ ਦੇਸ਼ ਦੇ ਤੀਜੇ ਸਰਵੋਤਮ ਐਵਾਰਡ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਵੇਲੇ ਭਾਵੇਂ ਉਨ੍ਹਾਂ ਨਵਾਂ ਅਕਾਲੀ ਦਲ ਨਹੀਂ ਸੀ ਬਣਾਇਆ ਪਰ ਅਕਾਲੀ ਲੀਡਰਸ਼ਿਪ ਤੋਂ ਨਿਰਾਸ਼ ਤੇ ਨਰਾਜ਼ ਹੋ ਕੇ ਆਪਣੇ ਘਰ ਬੈਠੇ ਹੋਏ ਸਨ।
ਸੀਨੀਅਰ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਹਰਵਿੰਦਰ ਸਿੰਘ ਫੂਲਕਾ ਨੂੰ ਸਾਲ 2019 'ਚ ਪਦਮ ਸ੍ਰੀ ਨਾਲ ਨਵਾਜਿਆ ਜਾ ਚੁੱਕਾ ਹੈ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਕਾਂਗਰਸੀ ਆਗੂ ਪ੍ਰਗਟ ਸਿੰਘ ਨੂੰ ਵੀ 1998 ਪਦਮ ਸ੍ਰੀ ਐਵਾਰਡ ਮਿਲ ਚੁੱਕਾ ਹੈ ਪਰ ਉਸਦਾ ਸਬੰਧ ਖੇਡਾਂ ਨਾਲ ਹੈ। ਹਾਲਾਂਕਿ ਇਨੀਂ ਦਿਨੀਂ ਉਹ ਬਤੌਰ ਸਿਆਸੀ ਆਗੂ ਵਿਚਰ ਰਹੇ ਹਨ।
ਜੇਕਰ ਖੇਡਾਂ ਵਾਲੇ ਖੇਤਰ ਨੂੰ ਫਿਲਹਾਲ ਛੱਡ ਵੀ ਦੇਈਏ ਤਾਂ ਨਿਰੋਲ ਸਿਆਸੀ ਅਧਾਰ 'ਤੇ ਕੇਂਦਰ ਸਰਕਾਰ ਦੀ ਭਾਜਪਾ ਸਰਕਾਰ ਤੋਂ ਐਵਾਰਡ ਝੋਲੀ ਪਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਹੀ ਹਨ, ਜਿਨ੍ਹਾਂ ਨੂੰ ਸਿਆਸੀ ਅਧਾਰ 'ਤੇ ਮੌਜੂਦਾ ਭਾਜਪਾ ਸਰਕਾਰ ਨੇ ਐਵਾਰਡ ਦਿੱਤੇ ਸਨ। ਹਾਲਾਂਕਿ ਹਰਵਿੰਦਰ ਸਿੰਘ ਫੂਲਕਾ ਵੀ ਸਿਆਸਤ ਨਾਲ ਜੁੜੇ ਰਹੇ ਹਨ ਪਰ ਉਨ੍ਹਾਂ ਦਾ ਅਕਸ ਸੀਨੀਅਰ ਵਕੀਲ ਵਜੋਂ ਸੰਨ 84 ਦੇ ਪੀੜਤਾਂ ਨੂੰ ਨਿਆਂ ਦਿਵਾਉਣ ਵਾਲੇ ਸਮਾਜਕ ਕਾਰਜਾਂ ਚੋਂ ਹੀ ਉੱਭਰਦਾ ਹੈ।
ਜੇ ਸਿਰਫ਼ ਦੇਸ਼ ਦੇ ਦੂਜੇ ਸਭ ਤੋਂ ਉੱੱੇਚੇ ਸਿਵਿਲੀਅਨ ਐਵਾਰਡ ਪਦਮ ਵਿਭੂਸ਼ਣ ਦੀ ਗੱਲ ਕਰੀਏ ਤਾਂ ਇਹ ਅਜਿਹਾ ਐਵਾਰਡ ਹੈ ਜੋ ਹੁਣ ਤੱਕ ਪੰਜਾਬ ਨਾਲ ਸਬੰਧਤ ਸਿਰਫ਼ 8 ਸਖਸ਼ੀਅਤਾਂ ਦੀ ਝੋਲੀ ਪਿਆ ਹੈ। ਜਿਨ੍ਹਾਂ ਚੋਂ ਸਿਆਸਤ ਦੇ ਖੇਤਰ 'ਚ ਸਵਰਨ ਸਿੰਘ,ਜੋ ਲੰਬਾ ਸਮਾਂ ਕੇਂਦਰ ਸਰਕਾਰ 'ਚ ਵਜ਼ੀਰ ਰਹੇ ਹਨ ਅਤੇ ਪਕਾਸ਼ ਸਿੰਘ ਬਾਦਲ ਨਾਂ ਹੀ ਆਉਂਦਾ ਹੈ। ਹਾਲਾਂਕਿ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਨੂੰ ਵੀ 1976 'ਚ ਉਨ੍ਹਾਂ ਦੇ ਦੇਹਾਂਤ ਵਾਲੇ ਸਾਲ 'ਚ ਐਵਾਰਡ ਨਾਲ ਨਵਾਜ਼ਿਆ ਗਿਆ ਸੀ ਪਰ ਉਸਦਾ ਸਬੰਧ ਸਿਆਸਤ ਨਹੀਂ ਸਗੋਂ ਸਿੱਖਿਆ ਅਤੇ ਸਾਹਿਤ ਦੇ ਖੇਤਰ ਨਾਲ ਸਬੰਧਤ ਸੀ।
ਖ਼ੈਰ ! ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਪੰਜਾਬ ਦੇ ਸੀਨੀਅਰ ਸਿਆਸਤਦਾਨ ਪੰਜਾਬ ਦੇ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰ ਕੇ ਕੇਂਦਰ ਸਰਕਾਰ ਨੂੰ ਐਵਾਰਡ ਵਾਪਸ ਕਰਦੇ ਹਨ ਕਿ ਨਹੀਂ? ਹਾਲਾਂਕਿ ਉਨ੍ਹਾਂ ਲਈ ਇਹ ਫ਼ੈਸਲਾ ਕਰਨਾ ਸੌਖਾ ਨਹੀਂ ਹੋਵੇਗਾ ਪਰ ਇਹ ਵੱਡਾ ਸਵਾਲ ਆਮ ਲੋਕਾਂ ਦੀ ਮਨ 'ਚ ਪ੍ਰਗਟ ਹੋਣਾ ਸੁਭਾਵਿਕ ਹੈ।
ਐੱਨਜ਼ੈੱਡ ਪੰਜਾਬੀ ਨਿਊਜ (1 ਦਸੰਬਰ 2020)