ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਆਕਲੈਂਡ ਦੇ ਡਾਇਓਰੇਲਾ ਡਰਾਈਵਰ ਸੁਪਰੈਟ 'ਤੇ ਬੀਤੀ ਰਾਤ ਹਿੰਸਕ ਲੁੱਟ ਦੀ ਵਾਰਦਾਤ ਵਾਪਰਨ ਦੀ ਖਬਰ ਹੈ ਤੇ ਇਸ ਘਟਨਾ ਤੋਂ ਬਾਅਦ ਕਰਮਚਾਰੀ ਕਾਫੀ ਸਹਿਮ ਭਰੇ ਮਾਹੌਲ ਵਿੱਚ ਹਨ।
ਸਟੋਰ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਇੱਕ ਸਾਥੀ ਕਰਮਚਾਰੀ ਨਾਲ ਸਟੋਰ ਬੰਦ ਕਰਨ ਜਾ ਰਹੇ ਸਨ ਤਾਂ ਉਸ ਵੇਲੇ ਅਚਾਨਕ ਹੀ 3 ਲੁਟੇਰੇ ਉਨ੍ਹਾਂ ਦੀ ਸ਼ਾਪ ਵਿੱਚ ਆ ਵੜੇ, ਜਿਨ੍ਹਾਂ ਦੇ ਹੱਥ ਵਿੱਚ ਆਇਰਨ ਰੋਡ, ਸਕਰੂ ਡਰਾਈਵਰ ਆਦਿ ਸਨ। ਤਿੰਨੋਂ ਹੀ ਬਹੁਤ ਹਿੰਸਕ ਪ੍ਰਵਿਰਤੀ ਦੇ ਸਨ ਤੇ ਉਨ੍ਹਾਂ ਵਿੱਚੋਂ ਇਕ ਨੇ ਤਾਂ ਗੁਰਪ੍ਰੀਤ ਦੇ ਸਾਥੀ ਕਰਮਚਾਰੀ ਦੇ ਮੂੰਹ 'ਤੇ ਜੋਰ ਨਾਲ ਮੁੱਕਾ ਵੀ ਜੜ੍ਹ ਦਿੱਤਾ ਤੇ ਗੁਰਪ੍ਰੀਤ ਨੂੰ ਧੱਕਾ ਮਾਰਿਆ। ਇਸ ਸਭ ਕਾਰਨ ਸ਼ਾਪ ਵਿੱਚ ਮਾਹੌਲ ਤਣਾਅ ਭਰਿਆ ਬਣ ਗਿਆ ਤੇ ਤਿੰਨਾਂ ਹੀ ਲੁਟੇਰਿਆਂ ਨੇ ਸ਼ਾਪ ਦਾ ਕਾਫੀ ਨੁਕਸਾਨ ਕੀਤਾ ਤੇ ਜਾਂਦੇ ਹੋਏ ਜੋ ਹੋ ਸਕਿਆ ਲੁਟੇਰੇ ਆਪਣੇ ਨਾਲ ਲੈ ਗਏ।
ਇਨ੍ਹਾਂ ਤਿੰਨਾਂ ਲੁਟੇਰਿਆਂ ਦੇ ਨਾਲ ਇੱਕ ਹੋਰ ਲੁਟੇਰਾ ਵੀ ਸੀ, ਜੋ ਗੱਡੀ ਵਿੱਚ ਉਨ੍ਹਾਂ ਦਾ ਇੰਤਜਾਰ ਕਰ ਰਿਹਾ ਸੀ।