ਆਕਲੈਂਂਡ ( ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਆਕਲੈਂਡ ਵਾਸੀ ਅੱਜ ਤੋਂ ਆਪਣੇ ਘਰਾਂ 'ਚ ਬਾਹਰਲੀ ਟੂਟੀ ਰਾਹੀਂ ਕਾਰਾਂ ਧੋ ਸਕਣਗੇ, ਕਿਉਂਕਿ ਕੌਂਸਲ ਨੇ ਪਿਛਲੇ ਕਈ ਮਹੀਨਿਆਂ ਤੋਂ ਲਾਈ ਹੋਈ ਪਾਬੰਦੀ ਖ਼ਤਮ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਪਾਣੀ ਸਟੋਰ ਕਰਨ ਵਾਲੇ ਡੈਮਾਂ 'ਚ ਤਸੱਲੀਬਖਸ਼ ਪੱਧਰ ਤੱਕ ਪਾਣੀ ਸਟੋਰ ਹੋ ਚੁੱਕਾ ਹੈ। ਹਾਲਾਂਕਿ ਪਾਣੀ ਦਾ ਪੱਧਰ ਔਸਤ ਸਟੋਰੇਜ ਨਾਲੋਂ ਅਜੇ ਵੀ ਘੱਟ ਹੈ ਤੇ ਪਾਣੀ ਸੋਚ-ਸਮਝ ਕੇ ਵਰਤਣ ਦੀ ਸਲਾਹ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਆਕਲੈਂਡ 'ਚ ਪਾਣੀ ਦੀ ਸਪਲਾਈ ਦਾ ਜਿੰਮਾ ਸੰਭਾਲਣ ਵਾਲੀ ਬੌਡੀ 'ਵਾਟਰਕੇਅਰ' ਨੇ ਕੌਂਸਲ ਨੂੰ ਸੁਝਾਅ ਦਿੱਤਾ ਸੀ ਕਿ 'ਹਨੂਆ' ਅਤੇ 'ਵਾਇਟਾਕਰੇ' ਦੇ 9 ਡੈਮਾਂ 'ਚ ਤਸੱਲੀਬਖਸ਼ ਪੱਧਰ ਤੱਕ ਪਾਣੀ ਸਟੋਰ ਹੋ ਚੁੱਕਾ ਹੈ ਅਤੇ ਅਗਲੇ ਸਮੇਂ ਦੌਰਾਨ ਕਾਫੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਜਿਸ ਕਰਕੇ ਪਾਣੀ ਦੀਆਂ ਪਾਬੰਦੀਆਂ ਖ਼ਤਮ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਸ ਪਿੱਛੋਂ ਕੌਂਸਲ ਨੇ ਵੋਟਿੰਗ ਕਰਾ ਕੇ ਪਾਬੰਦੀ ਚੁੱਕੇ ਜਾਣ 'ਤੇ ਸਹਿਮਤੀ ਪ੍ਰਗਟ ਕੀਤੀ ਸੀ।
ਜਿਸ ਦੇ ਸਿੱਟੇ ਵਜੋਂ 14 ਦਸੰਬਰ ਤੋਂ ਆਕਲੈਂਡ ਵਾਸੀ ਪਾਣੀ ਘਰ ਦੀ ਬਾਹਰਲੀ ਟੂਟੀ ਰਾਹੀਂ ਨੂੰ ਗੱਡੀਆਂ ਧੋਣ,ਗਾਰਨਿੰਗ ਅਤੇ ਵਾਟਰ ਬਲਾਸਟਿੰਗ ਲਈ ਵਰਤ ਸਕਣਗੇ। ਹਾਲਾਂਕਿ ਲਾਅਨ 'ਚ ਖੁੱਲ੍ਹੇਆਮ ਫੁਹਾਰਾ ਛੱਡਣ 'ਤੇ ਅਜੇ ਵੀ ਪਾਬੰਦੀ ਹੈ ਕਿਉਂਕਿ ਪਾਣੀ ਦੀ ਸਟੋਰੇਜ ਅਜੇ 72 ਫ਼ੀਸਦ ਹੀ ਹੈ ਜਦੋਂ ਕਿ ਕਿਸੇ ਸਮੇਂ 90 ਫ਼ੀਸਦ ਵੀ ਰਹੀ ਹੈ। ਇਸ ਸਾਲ ਅਪ੍ਰੈਲ ਮਹੀਨੇ ਪਾਣੀ ਦਾ ਪੱਧਰ ਪਹਿਲੀ ਵਾਰ ਪਿਛਲੇ 25 ਸਾਲਾਂ ਦੌਰਾਨ 50 ਫ਼ੀਸਦ ਤੋਂ ਵੀ ਘਟ ਗਿਆ ਸੀ।
ਜ਼ਿਕਰਯੋਗ ਹੈ ਕਿ ਆਕਲੈਂਡ ਕੌਂਸਲ ਨੇ ਡੈਮਾਂ 'ਚ ਪਾਣੀ ਘਟਣ ਕਰਕੇ 16 ਮਈ ਨੂੰ ਇਹ ਪਾਬੰਦੀਆਂ ਲਾਈਆਂ ਗਈਆਂ ਸਨ। ਪਰ 12 ਅਕਤੂਬਰ ਨੂੰ ਬਿਜ਼ਨਸ ਅਦਾਰਿਆਂ ਕੁੱਝ ਛੋਟਾਂ ਦਿੱਤੀਆਂ ਸਨ।