ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਇਮੀਗਰੇਸ਼ਨ ਨਿਊਜ਼ੀਲੈਂਡ ਨੇ ਇੱਕ ਔਰਤ ਦੀ ਪਰਮਾਨੈਂਟ ਰੈਜੀਡੈਂਸ ਵਾਲੀ ਅਰਜ਼ੀ ਰੱਦ ਕਰ ਦਿੱਤੀ ਹੈ ਕਿਉਂਕਿ ਉਸਦੇ ਪਾਰਟਨਰ ਦਾ ਮਾੜੇ ਕੰਮਾਂ ਨਾਲ ਸਬੰਧ ਰਿਹਾ ਹੈ। ਇਮੀਗਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ ਨੇ ਹੁਣ ਕੇਸ ਦੁਬਾਰਾ ਪੜਤਾਲ ਵਾਸਤੇ ਇਮੀਗਰੇਸ਼ਨ ਕੋਲ ਭੇਜ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ 45 ਸਾਲਾ ਤਾਈਵਾਈਜ਼ ਔਰਤ ਨਾਲ ਹੈ ਜੋ ਸਾਲ 2010 ਤੋਂ ਨਿਊਜ਼ੀਲੈਂਡ 'ਚ ਟੈਂਪਰੇਰੀ ਵੀਜ਼ੇ 'ਤੇ ਹੈ ਅਤੇ ਸਾਲ 2015 ਤੋਂ ਇੱਕ ਆਦਮੀ ਨਾਲ ਰਿਲੇਸ਼ਨਸ਼ਿਪ 'ਚ ਰਹਿ ਰਹੀ ਸੀ। ਜਿਸਨੇ ਸਾਲ 2017 'ਚ ਰੈਜੀਡੈਂਸ ਵੀਜ਼ੇ ਲਈ ਅਰਜ਼ੀ ਦਿੱਤੀ ਸੀ। ਪਰ 2019 'ਚ ਇਮੀਗਰੇਸ਼ਨ ਨੇ ਇਹ ਕਹਿ ਕੇ ਅਰਜ਼ੀ ਰੱਦ ਕਰ ਦਿੱਤੀ ਸੀ ਕਿ ਉਸਦਾ ਪਾਰਟਨਰ ਤਸੱਲੀਬਖਸ਼ ਆਚਰਨ ਵਾਲਾ ਮਾਪਦੰਡ ਪੂਰਾ ਨਹੀਂ ਕਰਦਾ। ਜਿਸ 'ਤੇ ਬੱਚਿਆਂ ਨੂੰ ਵਰਗਲਾਉਣ ਦੇ ਦੋਸ਼ ਲੱਗਣ ਪਿੱਛੋਂ ਚਾਰ ਮਹੀਨੇ ਲਈ 'ਹੋਮ ਡਿਟੈਂਨਸ਼ਨ' 'ਚ ਰੱਖਿਆ ਗਿਆ ਸੀ। ਇਸ ਔਰਤ ਨੇ ਇਮੀਗਰੇਸ਼ਨ ਵੱਲੋਂ ਅਰਜ਼ੀ ਰੱਦ ਕਰਨ ਪਿੱਛੋਂ ਆਪਣਾ ਕੇਸ ਟ੍ਰਿਬਿਊਨਲ ਕੋਲ ਰੱਖਿਆ ਸੀ। ਜਿਸ 'ਤੇ ਗੌਰ ਕਰਦਿਆਂ ਟ੍ਰਿਬਿਊਨ ਨੇ ਕੇਸ ਨੂੰ ਦੁਬਾਰਾ ਵਿਚਾਰਨ ਲਈ ਕਿਹਾ ਹੈ। ਤਰਕ ਦਿੱਤਾ ਗਿਆ ਹੈ ਕਿ ਜਦੋਂ ਸਾਲ 2017 'ਚ ਅਰਜ਼ੀ ਲਈ ਗਈ ਸੀ ਤਾਂ ਉਸ ਵੇਲੇ ਔਰਤ ਦੇ ਪਾਰਟਨਰ ਨੂੰ ਕੋਈ ਸਜ਼ਾ ਨਹੀਂ ਹੋਈ ਸੀ। ਜਿਸ ਕਰਕੇ ਇਮੀਗਰੇਸ਼ਨ ਨੇ ਨਿਯਮਾਂ ਅਨੁਸਾਰ ਫ਼ੈਸਲਾ ਨਹੀਂ ਲਿਆ ਤੇ ਮੁੜ ਵਿਚਾਰਿਆ ਜਾਣਾ ਚਾਹੀਦਾ ਹੈ।