ਆਕਲੈਂਡ (ਹਰਪ੍ਰੀਤ ਸਿੰਘ) - ਸਮੁੰਦਰੀ ਇਲਾਕੇ ਵਿੱਚ ਉੱਠ ਰਿਹਾ ਸਾਈਕਲੋਨ 'ਯਾਸਾ' ਇਸ ਵੇਲੇ ਫੀਜੀ ਤੋਂ ਕੁਝ ਘੰਟਿਆਂ ਦੀ ਦੂਰੀ 'ਤੇ ਹੀ ਹੈ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਪੂਰੇ ਦੇ ਪੂਰੇ ਦੀਪ ਨੂੰ ਨਸ਼ਟ ਕਰਨ ਦੀ ਤਾਕਤ ਹੈ, ਸਾਈਕਲੋਨ ਨੂੰ ਲੈਕੇ ਫੀਜੀ ਵਿੱਚ ਕਈ ਮੌਸਮੀ ਚੇਤਾਵਨੀਆਂ ਅਮਲ ਵਿੱਚ ਹਨ। ਹਵਾਈ ਰਸਤੇ ਬੰਦ ਕਰ ਦਿੱਤੇ ਗਏ ਹਨ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਬਾਰੇ ਕਿਹਾ ਗਿਆ ਹੈ।
ਸਾਈਕਲੋਨ ਵਿੱਚ ਇਸ ਵੇਲੇ 260 ਕਿਲੋਮੀਟਰ ਪ੍ਰਤੀ ਘੰਟੇ ਤੋਂ ਲੈਕੇ 315 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨੀ ਹਵਾਵਾਂ ਚੱਲ ਰਹੀਆਂ ਹਨ ਅਤੇ 12 ਮੀਟਰ ਉੱਚੀਆਂ ਛੱਲਾਂ ਇਸ ਕਰਕੇ ਪੈਦਾ ਹੋ ਰਹੀਆਂ ਹਨ। ਸਾਈਕਲੋਨ ਵਿੱਚ ਵੱਡੀਆਂ-ਵੱਡੀਆਂ ਇਮਾਰਤਾਂ ਨੂੰ ਖਤਮ ਕਰਨ ਦੀ ਤਾਕਤ ਹੈ ਤੇ ਮੌਸਮ ਵਿਭਾਗ ਅਨੁਸਾਰ ਕਈ ਇਲਾਕਿਆਂ ਦਾ ਤਾਂ ਨਾਮ ਹੀ ਨਕਸ਼ੇ ਤੋਂ ਖਤਮ ਹੋ ਸਕਦਾ ਹੈ।