ਆਕਲੈਂਡ (ਤਰਨਦੀਪ ਬਿਲਾਸਪੁਰ ) ਕੌਣ ਕਹਿੰਦਾ ਹੈ ਕਿ ਮੇਹਨਤ ਨੂੰ ਫ਼ਲ ਨਹੀਂ ਲੱਗਦਾ | ਕੌਣ ਕਹਿੰਦਾ ਹੈ ਕਿ ਜੇ ਇੱਕ ਬਾਰ ਮਨ 'ਚ ਧਾਰ ਲਵੋਂ ਤੇ ਸੁਪਨੇ ਪੂਰੇ ਨਹੀਂ ਹੁੰਦੇ | ਇਹੀ ਨਿਊਜ਼ੀਲੈਂਡ ਸਟੂਡੈਂਟ ਵੀਜ਼ੇ ਤੇ ਆਏ ਗੁਰਦੀਪ ਸਿੰਘ ਤੇ ਜੋਧ ਸਿੰਘ ਨੇ ਸਾਬਿਤ ਕਰਕੇ ਦਿਖਾਇਆ | ਇਸ ਸਮੇਂ ਦੋਵੇਂ ਨਿਊਜ਼ੀਲੈਂਡ ਪੁਲਿਸ ਅਧਿਕਾਰੀ ਵਾਲੀ ਵਰਦੀ ਵਿਚ ਪੰਜਾਬੀਅਤ ਦੀ ਸ਼ਾਨ ਵਿਚ ਵਾਧਾ ਕਰ ਰਹੇ ਹਨ | ਇਹਨਾਂ ਦੋਵਾਂ ਪੰਜਾਬੀ ਨੌਜਵਾਨਾਂ ਨੂੰ ਓਰਮਿਸਟਨ ਵਾਲੇ ਥਾਣੇ ਵਿਚ ਪਹਿਲੀ ਨਿਯੁਕਤੀ ਮਿਲੀ ਹੈ ਤੇ ਦੋਵਾਂ ਨੇ ਇਹ ਪ੍ਰਾਪਤੀ ਦਾ ਮਾਣ ਲੰਘੇ ਹਫ਼ਤੇ ਸ਼ੁੱਕਰਵਾਰ ਨੂੰ ਪੁਲਿਸ ਗਰੈਜੂਏਸ਼ਨ ਤੋਂ ਬਾਅਦ ਪ੍ਰਾਪਤ ਕੀਤਾ ਹੈ |
ਦੋਵਾਂ ਪੰਜਾਬੀ ਚੋਬਰਾਂ ਨੂੰ ਜਿੱਥੇ ਐਨ.ਜ਼ੈੱਡ ਪੰਜਾਬੀ ਨਿਊਜ਼ ਵੱਲੋਂ ਮੁਬਾਰਕਬਾਦ ਦਿੱਤੀ | ਉੱਥੇ ਗੱਲ ਕਰਦਿਆਂ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਜਾਵਲਪੁਰ ਦਾ ਵਾਸੀ ਹੈ ਤੇ ਸਰਦਾਰ ਕਰਮ ਸਿੰਘ ਅਤੇ ਮਾਤਾ ਪਰਮਜੀਤ ਕੌਰ ਦੀਆਂ ਅੱਖਾਂ ਦਾ ਤਾਰਾ ਹੈ | ਅਠਾਰਾਂ ਸਾਲ ਦੀ ਉਮਰ ਵਿਚ ਹੀ ਗੁਰਦੀਪ ਨੇ 2011 ਸੰਨ 'ਚ ਬਾਰਵੀਂ ਦੀ ਪੜਾਈ ਤੋਂ ਬਾਅਦ ਨਿਊਜ਼ੀਲੈਂਡ ਦੀ ਪਰਵਾਜ਼ ਭਰ ਦਿੱਤੀ ਸੀ | ਬਿਜਨਿਸ ਦੀ ਪੜਾਈ ਤੋਂ ਬਾਅਦ ਹਰ ਪੰਜਾਬੀ ਮੁੰਡੇ ਵਾਂਗ ਸੰਘਰਸ਼ ਕਰਦਿਆਂ 2017 'ਚ ਪੀ.ਆਰ ਹਾਸਿਲ ਕੀਤੀ | ਨਿਊਜ਼ੀਲੈਂਡ ਪੁਲਿਸ ਦੀ ਵਰਦੀ ਨੂੰ ਦੇਖਦਿਆਂ ਜੋ ਸੁਪਨਾ ਮਨ ਮਸਤਕ ਵਿਚ ਪਾਲਿਆ ਸੀ | ਉਸ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ | ਜਿਸ ਨੂੰ 2020 'ਚ ਬੂਰ ਪਿਆ ਤੇ ਅਗਸਤ ਮਹੀਨੇ ਸ਼ੁਰੂ ਹੋਈ ਟਰੇਨਿੰਗ ਤੋਂ ਬਾਅਦ ਗੁਰਦੀਪ ਸਿੰਘ ਆਪਣੇ ਸੁਪਨੇ ਨੂੰ ਪੂਰਾ ਹੁੰਦਿਆਂ ਦੇਖ ਵਰਦੀ ਵਿਚ ਖੀਵਾ ਨਜ਼ਰ ਆ ਰਿਹਾ ਸੀ |
ਦੂਸਰੇ ਪਾਸੇ ਜਲੰਧਰ ਕੈਂਟ ਦੇ ਪਿੰਡ ਭੀਨਾ ਦੇ ਸਾਬਕਾ ਸੈਨਿਕ ਸਰਦਾਰ ਹਰਭਜਨ ਸਿੰਘ ਅਤੇ ਦਲਬੀਰ ਕੌਰ ਦਾ ਪੁੱਤਰ ਜੋਧ ਸਿੰਘ ਬਚਪਨ ਤੋਂ ਹੀ ਵਰਦੀ ਦੀ ਮਹਿਕ ਮਾਣਦਾ ਮਾਣਦਾ ਵੱਡਾ ਹੋਇਆ | ਆਪਣੇ ਤੋਂ ਵੱਡੇ ਭਰਾ ਨੂੰ ਫੌਜ ਵਿਚ ਭਰਤੀ ਹੁੰਦੇ ਦੇਖਿਆ | ਖਾਲਸਾ ਕਾਲਿਜ ਜਲੰਧਰ ਤੋਂ ਬੀ.ਐਸ.ਈ (ਬਾਇਓ ਟੈਕਨੋਲਜੀ ) ਕੀਤੀ | ਫਰੋਨਸਿਕ ਸਾਇੰਸ ਵਿਚ ਭਵਿੱਖ ਤਲਾਸ਼ਣ ਦੇ ਯਤਨ ਵਿਚ 2009 'ਚ ਨਿਊਜ਼ੀਲੈਂਡ ਵਾਲੇ ਜਹਾਜ਼ ਚੜਿਆ | ਬਿਜਨਿਸ ਦਾ ਲੈਵਲ 7 ਕੀਤਾ ਤੇ ਪੀ.ਆਰ ਦੇ ਚੱਕਰ ਵਿਚ ਪਿਆ ਅੱਠ ਵਰ੍ਹਿਆਂ ਬਾਅਦ 2017 ਵਿਚ ਰੈਜ਼ੀਡੈਂਸੀ ਹਾਸਿਲ ਕੀਤੀ | ਪਰ ਵਰਦੀ ਦੇ ਬਚਪਨ ਵਾਲੇ ਸੁਪਨੇ ਦੀ ਤਾਂਘ ਉਸੇ ਸਾਲ ਹੀ ਪੁਲਿਸ ਜਾਣਕਾਰੀ ਸੈੱਲ ਕੋਲ ਲੈ ਗਈ | ਪਰ ਪਰਮਾਨੈਂਟ ਰੈਜ਼ੀਡੈਂਟ ਵਾਲਾ ਸਟਿੱਕਰ ਲਾਜ਼ਮੀ ਹੋਣ ਕਰਕੇ ਦੋ ਵਰੇਂ ਉਡੀਕ ਹੋਰ ਲੰਬੀ ਰਹੀ | 2019 ਦੇ ਅਖੀਰ ਵਿਚ ਦੁਬਾਰਾ ਯਤਨ ਸ਼ੁਰੂ ਕੀਤੇ ਤੇ ਅਪ੍ਰੈਲ 'ਚ ਹਰੀ ਝੰਡੀ ਹਾਸਿਲ ਕਰਨ ਤੋਂ ਬਾਅਦ ਅਗਸਤ ਵਿਚ ਟਰੇਨਿੰਗ ਸ਼ੁਰੂ ਕੀਤੀ | ਜਿਸਨੇ 10 ਦਿਸੰਬਰ ਨੂੰ ਜੋਧ ਸਿੰਘ ਨੂੰ ਪੁਲਿਸ ਅਫ਼ਸਰ ਜੋਧ ਸਿੰਘ ਬਣਾ ਦਿੱਤਾ | ਇਸ ਮੌਕੇ ਜੋਧ ਸਿੰਘ ਵੀ ਓਰਮਿਸਟਨ ਪੁਲਿਸ ਥਾਣੇ ਵਿਚ ਤਾਇਨਾਤ ਹੈ | ਫਲੈਟ ਬੁਸ਼ ਵਿਚ ਆਪਣੀ ਪਤਨੀ ਨੇਹਾ ਸ਼ਰਮਾਂ ਅਤੇ ਪੰਜ ਮਹੀਨਿਆਂ ਦੀ ਬੇਟੀ ਅਜੂਨੀ ਕੌਰ ਨਾਲ ਜਿੱਥੇ ਰਹਿ ਰਿਹਾ ਹੈ | ਉੱਥੇ ਹੀ ਭਾਰਤ 'ਚ ਮੁਲਕ ਦੀ ਸੇਵਾ ਦੀ ਆਪਣੀ ਪਰਿਵਾਰਕ ਪ੍ਰੰਪਰਾ ਨੂੰ ਨਿਊਜ਼ੀਲੈਂਡ ਵਿਚ ਹੋਰ ਵੀ ਵੱਡ ਆਕਾਰੀ ਕਰ ਰਿਹਾ ਹੈ |