ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਵੱਡੇ ਕਾਰਪੋਰੇਟ ਜਿਵੇਂ ਕਿ ਵੋਡਾਫਨ ਤੇ ਟੂਰਿਜਮ ਹੋਲਡਿੰਗਸ ਲਿਮਟਿਡ ਇਨ੍ਹਾਂ ਗਰਮੀਆਂ ਵਿੱਚ ਆਪਣੇ ਕਰਮਚਾਰੀਆਂ ਨਾਲ 'ਵਰਕ ਫਰਾਮ ਏਨੀਵੇਅਰ' ਦਾ ਇੱਕ ਨਿਵੇਕਲਾ ਉਪਰਾਲਾ ਕਰਨ ਜਾ ਰਹੇ ਹਨ, ਇਸ ਉਪਰਾਲੇ ਤਹਿਤ ਕਰਮਚਾਰੀਆਂ ਨੂੰ ਕਿਤੋਂ ਵੀ ਕੰਮ ਕਰਨ ਦੀ ਇਜਾਜਤ ਹੋਏਗੀ। ਕੰਪਨੀਆਂ ਦਾ ਕਹਿਣਾ ਹੈ ਕਿ ਲੌਕਡਾਊਨ ਦੌਰਾਨ ਸਾਹਮਣੇ ਆਇਆ ਕਿ ਕਰਮਚਾਰੀ ਘਰੋਂ ਕੰਮ ਕਰਕੇ ਵੀ ਵਧੀਆ ਕਾਰਗੁਜਾਰੀ ਦੇ ਚੁੱਕੇ ਸਨ ਅਤੇ ਇਸੇ ਲਈ ਹੁਣ ਕਰਮਚਾਰੀਆਂ ਦੀ ਮਾਨਸਿਕ ਸਿਹਤ ਦੀ ਤੰਦਰੁਸਤੀ ਲਈ ਅਜਿਹਾ ਕਰਨ ਨੂੰ ਕਿਹਾ ਜਾ ਰਿਹਾ ਹੈ, ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਘੁੰਮਣ-ਫਿਰਣ ਲਈ ਵੀ ਪ੍ਰੇਰਿਤ ਕੀਤਾ ਜਾਏਗਾ ਤਾਂ ਜੋ ਟੂਰਿਜਮ ਖੇਤਰ ਤੇ ਨਾਲ ਸੰਬਧਤ ਹੋਰਾਂ ਕਾਰੋਬਾਰਾਂ ਨੂੰ ਵੀ ਕੁਝ ਹੁਲਾਰਾ ਮਿਲ ਸਕੇ। ਜੇ ਇਹ ਪ੍ਰਯੋਗ ਕਾਮਯਾਬ ਰਿਹਾ ਤਾਂ ਦੂਜੀਆਂ ਕੰਪਨੀਆਂ ਦੇ ਵੀ ਇਸ ਨੂੰ ਅਪਨਾਉਣ ਦੇ ਮੌਕੇ ਬਨਣਗੇ।