ਆਕਲੈਂਡ : ਅਵਤਾਰ ਸਿੰਘ ਟਹਿਣਾ
ਇਮੀਗਰੇਸ਼ਨ ਨਿਊਜ਼ੀਲੈਂਡ ਨੇ ਇੱਕ ਮਾਈਗਰੈਂਟ ਵਰਕਰ ਤੇ ਉਸਦੀ ਪਤਨੀ ਨੂੰ ਚੱਕਰਾਂ `ਚ ਪਾਇਆ ਹੋਇਆ ਹੈ। ਵੀਜ਼ਾ ਮਿਲਣ `ਚ ਕਈ ਮਹੀਨਿਆਂ ਤੋਂ ਹੋ ਰਹੀ ਦੇਰੀ ਦਾ ਨਤੀਜਾ ਇਹ ਹੈ ਕਿ ਉਹ ਪੰਜ ਮਹੀਨਿਆਂ ਤੋਂ ਘਰ `ਚ ਵਿਹਲਾ ਬੈਠਣ ਲਈ ਮਜਬੂਰ ਹੈ। ਜਿਸ ਨਾਲ ਪਰਿਵਾਰ ਨੂੰ ਵੱਡਾ ਮਾਨਸਿਕ ਦਬਾਅ ਅਤੇ ਵਿੱਤੀ ਬੋਝ ਝੱਲਣਾ ਪੈ ਰਿਹਾ ਹੈ। ਹਾਲਾਂਕਿ ਇਮੀਗਰੇਸ਼ਨ ਦਾ ਕਹਿਣਾ ਹੈ ਕਿ ਕੋਵਿਡ-19 ਕਾਰਨ ਹੀ ਵੀਜ਼ਾ ਜਾਰੀ ਕੀਤੇ ਜਾਣ `ਚ ਦੇਰੀ ਹੋ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਆਕਲੈਂਡ ਦੇ ਨੌਰਥਸ਼ੋਰ `ਚ ਰਹਿਣ ਵਾਲੇ ਬਰਾਜ਼ੀਲ ਮੂਲ ਦੇ ਇੱਕ ਮਾਈਗਰੈਂਟ ਵਰਕਰ ਨਾਲ ਸਬੰਧਤ ਹੈ। ਆਪਣੀ ਪਛਾਣ ਜੱਗ-ਜ਼ਾਹਰ ਨਾ ਕੀਤੇ ਜਾਣ ਦੀ ਸ਼ਰਤ ਰੱਖਣ ਵਾਲਾ ਇਹ ਵਰਕਰ ਖੁਦ ਇਲੈਕਟ੍ਰੀਸ਼ਨ ਹੈ, ਜੋ ਜ਼ੀਰੌਕਸ ਟੈਕਨੀਸ਼ੀਅਨ ਵਜੋਂ ਕੰਮ ਕਰਨ ਵਾਲੀ ਪਤਨੀ ਨਾਲ 7 ਸਾਲ ਤੋਂ ਰਹਿ ਰਿਹਾ ਹੈ। ਭਾਵੇਂ ਕਿ ਇਲੈਕਟ੍ਰੀਸ਼ਨ ਪੇਸ਼ਾ ‘ਸਕਿਲ ਸ਼ੌਰਟੇਜ ਲਿਸਟ’ `ਚ ਸ਼ਾਮਲ ਹੈ ਪਰ ਇਸਦੇ ਬਾਵਜੂਦ ਇਮੀਗਰੇਸ਼ਨ ਨੇ ਉਸਦੀ ਅਰਜ਼ੀ `ਤੇ ਤੇਜ਼ੀ ਨਾਲ ਵਿਚਾਰ ਨਹੀਂ ਕੀਤਾ।
ਪਰਿਵਾਰ ਨੂੰ ਕੋਵਿਡ-19 ਦੇ ਦੌਰ `ਚ ਉਦੋਂ ਵੱਡਾ ਝਕਟਾ ਲੱਗਾ ਸੀ ਜਦੋਂ ਇਸ ਵਰਕਰ ਦੀ ਜੌਬ ਖੁੱਸ ਗਈ ਸੀ। ਪਰ ਚੰਗੀ ਕਿਸਮਤ ਨਾਲ ਉਸਨੂੰ ਛੇਤੀ ਹੀ ਜੌਬ ਮਿਲ ਗਈ ਅਤੇ ਉਸਨੇ ਜੁਲਾਈ ਮਹੀਨੇ ਵੀਜ਼ੇ ਲਈ ਅਰਜ਼ੀ ਦੇ ਦਿੱਤੀ। ਪਰ ਕਈ ਮਹੀਨੇ ਵੀਜ਼ਾ ਨਾ ਆਇਆ। ਜਿਸ ਕਰਕੇ ਇੰਪਲੋਏਅਰ ਨੇ ਉਸਦੀ ਥਾਂ `ਤੇ ਨਵਾਂ ਵਰਕਰ ਕੰਮ `ਤੇ ਰੱਖ ਲਿਆ।
ਭੱਜ-ਦੌੜ ਕਰਕੇ ਅਖੀਰ ਫਿਰ ਨਵੀਂ ਜੌਬ ਲੱਭ ਲਈ ਤੇ ਇਮੀਗਰੇਸ਼ਨ ਨੂੰ ਅੱਪਡੇਟ ਭੇਜ ਦਿੱਤੀ। ਪਰ ਇਮੀਗਰੇਸ਼ਨ ਨੇ ਨਵੰਬਰ `ਚ ਪੁਰਾਣੇ ਇੰਪਲੋਏਅਰ ਦੇ ਨਾਂ ਹੇਠ ਵਰਕ ਵੀਜ਼ਾ ਜਾਰੀ ਕਰ ਦਿੱਤਾ। ਜਿਸਨੂੰ ਠੀਕ ਕਰਾਉਣ ਲਈ ਉਸਨੇ ਫਿਰ ਇਮੀਗਰੇਸ਼ਨ ਦਾ ਦਰਵਾਜ਼ਾ ਖੜਕਾਇਆ। ਪਰ ਅਜੇ ਤੱਕ ਕੋਈ ਸੁਰ-ਜੁਆਬ ਨਹੀਂ ਆਇਆ ਤੇ ਨਾ ਹੀ ਅਗਲੇ ਦਿਨੀਂ ਆਉਣ ਦੀ ਉਮੀਦ ਹੈ, ਕਿਉਂਕਿ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਹੋ ਰਹੀਆਂ ਹਨ।
ਹੁਣ ਕ੍ਰਿਸਮਿਸ ਦੇ ਦਿਨਾਂ `ਚ ਉਨ੍ਹਾਂ ਦੀਆਂ ਜੇਬਾਂ `ਚੋਂ ਲਗਾਤਾਰ ਖ਼ਰਚ ਹੋ ਰਿਹਾ ਹੈ। ਸਿਰਫ਼ ਪਤਨੀ ਦੀ ਹੀ ਜੌਬ ਦੇ ਸਹਾਰੇ ਘਰ ਚੱਲਣ ਕਰਕੇ ਪਰਿਵਾਰ ਨੂੰ ਬਹੁਤ ਮਾਨਸਿਕ ਦਬਾਅ ਝੱਲਣਾ ਪੈ ਰਿਹਾ ਹੈ ਅਤੇ ਵਿੱਤੀ ਨੁਕਸਾਨ ਵੀ ਹੋ ਰਿਹਾ ਹੈ।
ਦੂਜੇ ਪਾਸੇ ਇਮੀਗਰੇਸ਼ਨ ਦੇ ਇੱਕ ਬੁਲਾਰੇ ਨੇ ਦਾਅਵਾ ਕੀਤਾ ਹੈ ਕਿ ਈਸ਼ੈਂਂਸ਼ਲ ਸਕਿਲਜ ਵਾਲੇ ਵੀਜਿ਼ਆਂ ਦੀਆਂ 90 ਫ਼ੀਸਦ ਅਰਜ਼ੀਆਂ ਨਿਪਟਾਰਾ ਅਰਜ਼ੀ ਦਾਖਲ ਕੀਤੇ ਜਾਣ ਵਾਲੀ ਤਾਰੀਕ ਦੇ 4 ਮਹੀਨਿਆਂ ਦੇ ਵਿੱਚ-ਵਿੱਚ ਕੀਤਾ ਗਿਆ ਹੈ। ਉਨ੍ਹਾਂ ਇਹ ਕਿਹਾ ਕਿ ਕਿਸੇ ਸਪੈਸੀਫਿਕ ਕੇਸ ਬਾਰੇ ਜਵਾਬ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਸਬੰਧਤ ਵਰਕਰ ਆਪਣੀ ਪ੍ਰਾਈਵੇਸੀ ਜ਼ਾਹਰ ਨਹੀਂ ਕਰਨੀ ਚਾਹੁੰਦੇ।